ਪਿੰਡ ਵਾਸੀਆਂ ਨੇ ਪਾਵਰਕੌਮ ਦੇ ਐੱਸ.ਡੀ.ਓ. ਸਮੇਤ ਚਾਰ ਕਰਮਚਾਰੀਆਂ ਨੂੰ ਬਣਾਇਆ ਬੰਧਕ
ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਰਾਏ ਕੇ ਕਲਾਂ ਵਿਖੇ ਸਵੇਰ ਸਮੇਂ ਪਾਵਰਕੌਮ ਦੀ ਟੀਮ ਵੱਲੋਂ ਬਿਜਲੀ ਦੀ ਚੈਕਿੰਗ ਦੌਰਾਨ ਦੋ ਘਰਾਂ ਦੀ ਕੁੰਡੀ ਫੜ੍ਹੇ ਜਾਣ ਕਾਰਨ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਵੱਲੋਂ ਪਾਵਰਕੌਮ ਦੇ ਐੱਸ.ਡੀ.ਓ. ਸਮੇਤ ਚਾਰ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਾਵਰਕੌਮ ਦੇ ਸਬ ਡਵੀਜਨ ਬਾਦਲ ਦੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਬਲੈਰੋ ਗੱਡੀ ‘ਤੇ ਉਕਤ ਪਿੰਡ ‘ਚ ਸਵੇਰ ਸਮੇਂ ਚੈਕਿੰਗ ‘ਤੇ ਗਏ ਸਨ। ਉਨ੍ਹਾਂ ਨੂੰ ਦੋ ਘਰਾਂ ‘ਚ ਬਿਜਲੀ ਦੀ ਕੁੰਡੀ ਲੱਗੀ ਮਿਲੀ ਜਿੱਥੇ ਉਕਤ ਪਰਿਵਾਰਾਂ ਵੱਲੋਂ ਆਪਣੇ ਘਰਾਂ ਨੂੰ ਤਾਰ ਲਾ ਕੇ ਸਿੱਧੀ ਸਪਲਾਈ ਦਿੱਤੀ ਹੋਈ ਸੀ। ਪਾਵਰਕੌਮ ਦੇ ਮੁਲਾਜ਼ਮ ਕੁੰਡੀ ਵਾਲੀ ਤਾਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਦ ਵਾਪਸ ਆਉਣ ਲੱਗੇ ਤਾਂ ਇਸ ਗੱਲ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗ ਗਈ ਜਿਨ੍ਹਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਦੀ ਗੱਡੀ ਦਾ ਘਿਰਾਓ ਕਰਕੇ ਜਿੱਥੇ ਉਨ੍ਹਾਂ ਦੀ ਗੱਡੀ ‘ਚੋਂ ਕੁੰਡੀ ਵਾਲੀ ਉਤਾਰੀ ਤਾਰ ਚੁੱਕ ਲਈ, ਉੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ। (Residents )
ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਜਿਨ੍ਹਾਂ ਪਿੰਡ ਵਾਸੀਆਂ ‘ਤੇ ਬਿਜਲੀ ਚੋਰੀ ਦਾ ਮਾਮਲਾ ਬਣਾਇਆ ਹੈ ਉਸ ਨੂੰ ਤੁਰੰਤ ਖਾਰਜ ਕੀਤਾ ਜਾਵੇ ਉਸ ਤੋਂ ਬਾਅਦ ਹੀ ਉਹ ਉਨ੍ਹਾਂ ਨੂੰ ਉੱਥੋਂ ਜਾਣ ਦੇਣਗੇ ਪ੍ਰੰਤੂ ਐੱਸ.ਡੀ.ਓ. ਵੱਲੋਂ ਪਿੰਡ ਵਾਸੀਆਂ ਨੂੰ ਸਮਝਾਇਆ ਗਿਆ ਕਿ ਉਹ ਚੋਰੀ ਦੇ ਮਾਮਲੇ ‘ਚ ਕੁੱਝ ਨਹੀਂ ਕਰ ਸਕਦੇ। ਮਾਮਲੇ ਦਾ ਪਤਾ ਲੱਗਦਿਆਂ ਹੀ ਪਾਵਰਕੌਮ ਦੇ ਐਕਸੀਅਨ ਅਮਨਦੀਪ ਸਿੰਘ ਮਾਨ, ਜੇ.ਈ. ਮੱਸਾ ਸਿੰਘ ਤੇ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਐਕਸੀਅਨ ਅਮਨਦੀਪ ਸਿੰਘ ਮਾਨ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਅੱਜ ਉਨ੍ਹਾਂ ਕੋਲ ਦਫ਼ਤਰ ਆ ਜਾਣ ਉਹ ਬਿਜਲੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਘੱਟ ਤੋਂ ਘੱਟ ਜੁਰਮਾਨਾ ਕਰਨਗੇ ਇਸ ਗੱਲ ‘ਤੇ ਪਿੰਡ ਵਾਸੀ ਸਹਿਮਤ ਹੋ ਗਏ ਅਤੇ ਉਨ੍ਹਾਂ ਬੰਦੀ ਬਣਾਏ ਪਾਵਰਕੌਮ ਦੇ ਅਧਿਕਾਰੀਆਂ ਨੂੰ ਛੱਡ ਦਿੱਤਾ। (Residents )
ਸਬ ਡਵੀਜਨ ਬਾਦਲ ਦੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਆਪਣੇ ਚਾਰ ਕਰਮਚਾਰੀਆਂ ਨਾਲ ਉਕਤ ਪਿੰਡ ‘ਚ ਆਮ ਚੈਕਿੰਗ ‘ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ‘ਚ ਉਕਤ ਦੋ ਘਰਾਂ ਵੱਲੋਂ ਬਿਜਲੀ ਦੀ ਸਿੱਧੀ ਕੁੰਡੀ ਲਾਈ ਹੋਈ ਸੀ ਜਦ ਉਹ ਕੁੰਡੀ ਵਾਲੀ ਤਾਰ ਪੁੱਟ ਕੇ ਗੱਡੀ ‘ਚ ਰੱਖ ਕੇ ਤੁਰੇ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਗੱਡੀ ਦਾ ਘਿਰਾਓ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਆਪਣੀ ਜਾਨ ਨੂੰ ਖਤਰਾ ਸਮਝਦਿਆਂ ਇਸ ਸਬੰਧੀ ਥਾਣਾ ਨੰਦਗੜ੍ਹ ਦੀ ਪੁਲਿਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨਾਲ ਜਿੱਥੇ ਬਦਤਮੀਜੀ ਕੀਤੀ ਗਈ, ਉੱਥੇ ਸਰਕਾਰੀ ਡਿਊਟੀ ‘ਚ ਵੀ ਵਿਘਨ ਪਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।