ਜਹੀਨ ਸ਼ਾਇਰ ਹਰਭਜਨ ਸਿੰਘ ‘ਹਾਮੀ’ ਨੂੰ ਯਾਦ ਕਰਦਿਆਂ…

Poet Harbhajan Singh 'Hami' Sachkahoon

ਜਹੀਨ ਸ਼ਾਇਰ ਹਰਭਜਨ ਸਿੰਘ ‘ਹਾਮੀ’ ਨੂੰ ਯਾਦ ਕਰਦਿਆਂ…

ਸਾਹਿਤ ਦੇ ਖੇਤਰ ਵਿੱਚ ਆਪਣਾ ਅੱਡਰਾ ਅਧਿਆਤਮਕ ਪਹੁੰਚ ਦਾ ਮੁਕਾਮ ਬਣਾਉਣ ਵਾਲ਼ੇ ਸ. ਹਰਭਜਨ ਸਿੰਘ ‘ਹਾਮੀ’ ਇੱਕ ਜਹੀਨ ਕਵੀ, ਪੱਤਰਕਾਰ, ਅਧਿਆਪਕ, ਸਬ ਐਡੀਟਰ ਅਤੇ ਇਸ ਤੋਂ ਵੀ ਵੱਡੀ ਗੱਲ ਇੱਕ ਨੇਕ ਇਨਸਾਨ ਵਜੋਂ ਜਾਣੇ ਜਾਂਦੇ ਸਨ। ਜਲੰਧਰ ਜਿਲ੍ਹੇ ਦੇ ਸ਼ਾਹਕੋਟ ਲਾਗੇ ਆਪਣੇ ਨਾਨਕੇ ਪਿੰਡ ਕੋਹਾੜ ਕਲਾਂ ’ਚ ਉਨ੍ਹਾਂ ਦਾ ਜਨਮ 1932 ਈ: ਵਿੱਚ ਸ. ਬਚਨ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ, ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ, ਉਨ੍ਹਾਂ ਨੇ ਉਸਦਾ ਨਾਂਅ ਹਰਭਜਨ ਸਿੰਘ ਰੱਖਿਆ, ਸਾਹਿਤਕ ਜਗਤ ਵਿੱਚ ਪ੍ਰਵੇਸ਼ ਕਰਦਿਆਂ ਜਾਂ ਇੰਝ ਕਹਿ ਲਵੋ ਕਿ ਹਰਭਜਨ ਦੇ ਕਵਿਤਾ ਅੰਦਰੋਂ ਫੁੱਟਦਿਆਂ ਹੀ ਉਨ੍ਹਾਂ ਦੇ ਨਾਂਅ ਨਾਲ਼ ‘ਹਾਮੀ’ ਪੱਕੇ ਤੌਰ ’ਤੇ ਜੁੜ ਗਿਆ ਸੀ। ਉਹ ਸਾਰੀ ਉਮਰ ਸੱਚ ਦਾ ਹਾਮੀ ਰਿਹਾ ਜਿਸਦੀ ਹਾਮੀ ਅੱਜ ਵੀ ਉਨ੍ਹਾਂ ਦੀਆਂ 25 ਤੋਂ ਵੱਧ ਲਿਖੀਆਂ ਕਿਤਾਬਾਂ ਭਰਦੀਆਂ ਹਨ।

ਹਰਭਜਨ ਸਿੰਘ ‘ਹਾਮੀ’ ਨੇ ਸੁਲਤਾਨਪੁਰ ਲੋਧੀ ਦੇ ਖਾਲਸਾ ਸਕੂਲ ਵਿੱਚ ਅਤੇ ਫਿਰ ਐੱਸ. ਡੀ. ਸਕੂਲ ਵਿੱਚ ਨੌਕਰੀ ਕੀਤੀ ਉਹ ਡਡਵਿੰਡੀ ਦੇ ਹਾਈ ਸਕੂਲ ਦੇ ਮੁੱਖ ਅਧਿਆਪਕ ਵੀ ਰਹੇ। ਫਿਰ ਰੇਲਵੇ ’ਚ ਨੌਕਰੀ ਕਰਦਿਆਂ ਅੰਬਾਲਾ, ਜਲੰਧਰ ਅਤੇ ਅੰਮ੍ਰਿਤਸਰ ਸਟੇਸ਼ਨਾਂ ’ਤੇ ਰਹਿੰਦਿਆਂ ਵੀ ਸ਼ਾਇਰੀ ਨਾਲ਼ ਅੰਦਰੋਂ ਜੁੜੇ ਰਹੇ। 1978 ਵਿੱਚ ਪੰਜਾਬੀ ਦੇ ਪ੍ਰਸਿੱਧ ਰਾਸ਼ਟਰੀ ਅਖ਼ਬਾਰ ਦੇ ਸਬ ਐਡੀਟਰ ਬਣੇ। 1990 ਈ: ਵਿੱਚ ‘ਵਿਸ਼ਵ ਪੰਜਾਬੀ ਕਾਨਫਰੰਸ’ ਵਿੱਚ ਭਾਗ ਲੈਣ ਲਈ ਉਹ ਟੋਰਾਂਟੋ ਚਲੇ ਗਏ। ਵਾਪਸ ਆ ਕੇ ਉਨ੍ਹਾਂ ਨੇ ਦੋ ਹੋਰ ਪ੍ਰਸਿੱਧ?ਅਖ਼ਬਾਰਾਂ ਦੇ ਸਬ ਐਡੀਟਰ ਵਜੋਂ ਕੰਮ ਕੀਤਾ।

ਉੁਂਜ ‘ਹਾਮੀ’ ਦੀ ਕਵਿਤਾ ਨੂੰ ਕਿਸੇ ਸੀਮਤ ਦਾਇਰੇ ਜਾਂ ਕਿਸੇ ਵਾਦ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੋਵੇਗਾ, ਕਿਉਂਕਿ ਉਹ ਵਿਸ਼ਾਲ ਹਿਰਦੇ ਦੇ ਜਹੀਨ ਸ਼ਾਇਰ ਸਨ। ਉਹ ਕਵਿਤਾ ਨੂੰ ਨਾ ਸਿਰਫ ਲਿਖਦੇ ਹੀ ਸਨ ਸਗੋਂ ਕਵਿਤਾ ਨੂੰ ਗਹਿਰਾਈ ਦੇ ਤਲ ਤੋਂ ਮਹਿਸੂਸਦੇ ਹੋਏ ਮਾਣਦੇ ਵੀ ਸਨ। ਉਨ੍ਹਾਂ ਦੀ ਉਰਦੂ-ਫਾਰਸੀ ਭਾਸ਼ਾਈ ਸਮਝ ਉਚੇਰੀ ਹੋਣ ਕਾਰਨ ਸਾਹਿਤਕ ਜਗਤ ਵਿੱਚ ਉਨ੍ਹਾਂ ਨੂੰ ਭਰਪੂਰ ਸ਼ੋਹਰਤ ਮਿਲੀ।

ਫਖਰ ਅਤੇ ਮਾਣ ਵਾਲ਼ੀ ਗੱਲ ਹੈ ਕਿ ਸਿੱਖ ਜਗਤ ਨੂੰ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਦਿਲੋਂ-ਜਾਨੋਂ ਸਮਰਪਿਤ ਇੱਕ ਡੂੰਘੇ ਸ਼ਾਇਰ ਸ. ਹਰਭਜਨ ਸਿੰਘ ‘ਹਾਮੀ’ ਮਿਲੇ, ਜਿਸ ਨਾਲ਼ ਸਿੱਖੀ ਦੀਆਂ ਬਾਰੀਕ ਸਮਝਾਂ ਆਮ ਪਾਠਕਾਂ ਦੇ ਪੱਲੇ ਪਈਆਂ। ‘ਹਾਮੀ’ ਆਪਣੀ ਕਵਿਤਾ ਨੂੰ ਸਟੇਜ ’ਤੇ ਵੀ ਹੁਨਰਮਈ ਢੰਗ ਨਾਲ ਕਹਿਣ ਜਾਣਦੇ ਸਨ, ਆਪਣੇ ਸਮਕਾਲੀ ਕਵੀਆਂ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਸੀ।

ਉਨਾਂ~ ਦੀ ਸਭ ਤੋਂ ਵੱਡੀ ਸਾਹਿਤਕ ਦੇਣ ਸ੍ਰੀ ਗੁਰੂ ਗੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਉਰਦੂ ਵਿੱਚ ਤਰਜ਼ਮਾ ਕਰਨਾ ਸੀ। ਮਹਾਂਕਾਵਿ ‘ਸਾਈਂ ਮੀਆਂ ਮੀਰ’ ਅਤੇ ‘ਸ੍ਰੀ ਚੰਦਾਇਣ’ ਤੋਂ ਇਲਾਵਾ ਗਜਲ ਸੰਗਹਿ ‘ਮਿਜਰਾਬ’, ਸ਼ਰਾਬ ਅਤੇ ਧੁਆਂਖੇ ਨਕਸ਼ ਤੋਂ ਬਿਨਾ ‘ਮੈਂ ਹਾਂ ਕੋਹਿਨੂਰ’, ਸਰਮਦ, ਪਾਕ ਰੂਹਾਂ, ਦੇਵ ਲੋਕ ਆਦਿ ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਹਨ।

ਉਨ੍ਹਾਂ ਨੂੰ ਭਾਰਤੀ ਦਲਿਤ ਸਾਹਿਤ ਅਕਾਦਮੀ, ਸ੍ਰੋਮਣੀ ਕਮੇਟੀ ਅੰਮ੍ਰਿਤਸਰ, ਗੁਰਦੁਆਰਾ ਕਮੇਟੀ ਦਿੱਲੀ, ਸ੍ਰੀ ਗੁਰੂ ਸਿੰਘ ਸਭਾ ਟੋਰਾਂਟੋ (ਕੈਨੇਡਾ) ਤੋਂ ਬਿਨਾਂ ਹੋਰ ਵੀ ਕਈ ਸਾਹਿਤਕ ਸਭਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪੂਰੀ ਜਿੰਦਗੀ ਸਾਹਿਤ ਨੂੰ ਸਮਰਪਿਤ ਕਰ ਦਿੱਤੀ, ਜਿੰਦਗੀ ਦੇ ਅੰਤਲੇ ਦਿਨਾਂ ਵਿੱਚ ਵੀ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਉਰਦੂ ਦੇ ਤਰਜ਼ਮੇ ਨੂੰ ਸੰਪੂਰਨ ਕਰਨ ਵਿੱਚ ਸ਼ਿੱਦਤ ਅਤੇ ਲਗਨ ਨਾਲ਼ ਜੁਟੇ ਰਹੇ, ਜਿਉਂ ਹੀ ਇਹ ਕਾਰਜ ਸੰਪੂਰਨ ਹੋਇਆ 20 ਜੁਲਾਈ 1994 ਈ: ਨੂੰ ਉਹ ਸਾਡੇ ਤੋਂ ਸਦਾ ਲਈ ਵਿੱਛੜ ਗਏ।

ਕੁਝ ਵੀ ਹੋਵੇ ਸ. ਹਰਭਜਨ ਸਿੰਘ ‘ਹਾਮੀ’ ਜਿਹੀ ਗਹਿਰੀ ਸਮਝ ਵਾਲ਼ਾ ਇੱਕ ਵੱਡਾ ਅਧਿਆਤਮਵਾਦੀ ਕਵੀ ਛੇਤੀ ਕੀਤੇ ਦੁਬਾਰਾ ਨਹੀਂ ਮਿਲਣਾ, ਉਨ੍ਹਾਂ ਦੀਆਂ ਕਿਰਤਾਂ ਜਿਉਂਦੀਆਂ ਰਹਿਣਗੀਆਂ, ਜੋ, ਜਿੱਥੇ ਉਸਨੇ ਸਫਰ ਛੱਡਿਆ ਹੈ, ਉਸ ਤੋਂ ਅਗਲੇਰੇ ਪੜਾਵਾਂ ਵੱਲ ਵਧਣ ਲਈ ਸਾਹਿਤ ਰਸੀਆਂ ਨੂੰ ਇਸ਼ਾਰੇ ਕਰਦੀਆਂ ਰਹਿਣਗੀਆਂ ਅਤੇ ਪਾਠਕਾਂ ਨੂੰ ਆਪਣੀ ਨਿੱਘੀ ਲੋਅ ਹਮੇਸ਼ਾ ਵੰਡਦੀਆਂ ਰਹਿਣਗੀਆਂ।

ਪੰਜਾਬੀ ਮਾਸਟਰ, ਗੌ: ਸੀ: ਸੈ: ਸਕੂਲ ਜਗਤਪੁਰ ਜੱਟਾਂ (ਕਪੂਰਥਲਾ)
ਮੋ. 75080-92957
ਬਲਕਰਨ ‘ਕੋਟ ਸ਼ਮੀਰ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।