ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ

Sewa Singh Thikriwala

ਜਨਮ ਦਿਨ ’ਤੇ ਵਿਸ਼ੇਸ਼ | Sewa Singh Thikriwala

ਸ. ਸੇਵਾ ਸਿੰਘ (Sewa Singh Thikriwala) ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿਖੇ ਸ. ਦੇਵਾ ਸਿੰਘ ਦੇ ਘਰ ਹੋਇਆ। ਸੇਵਾ ਸਿੰਘ ਦੇ ਜਨਮ ਸਾਲ ਸਬੰਧਿਤ ਵੱਖੋ-ਵੱਖ ਜਾਣਕਾਰੀ ਮਿਲਦੀ ਹੈ। ਕੁੱਝ ਵਿਦਵਾਨ ਜਨਮ ਸਾਲ 1878 ਤੇ ਕੁਝ ਹੋਰ ਵਿਦਵਾਨ ਜਨਮ ਸਾਲ 1886 ਵੀ ਦੱਸਦੇ ਹਨ। ਪਰ ਸ. ਬਸੰਤ ਸਿੰਘ ਜੋ ਉਨ੍ਹਾਂ ਦੇ ਸਮਕਾਲੀ ਰਹੇ ਉਹ ਜਨਮ ਸਾਲ 1882 ਦੱਸਦੇ ਹਨ। ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1882 ਹੀ ਮੰਨਿਆ ਗਿਆ ਹੈ। ਸੇਵਾ ਸਿੰਘ ਠੀਕਰੀਵਾਲਾ ਦੇ ਤਿੰਨ ਭਰਾ ਸ. ਗੁਰਬਖਸ਼ ਸਿੰਘ, ਸ. ਨੱਥਾ ਸਿੰਘ, ਸ. ਮੇਵਾ ਸਿੰਘ ਸਨ।

ਇੱਕ ਨਿੱਕੀ ਭੈਣ ਗੁਰਬਖਸ਼ ਕੌਰ ਸੀ। ਇਨ੍ਹਾਂ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਪਟਿਆਲਾ ਦੇ ਉੱਘੇ ਅਹਿਲਕਾਰ ਸਨ। ਇਨ੍ਹਾਂ ਨੇ ਆਪਣੇ ਬਚਪਨ ਦਾ ਵਧੇਰੇ ਸਮਾਂ ਪਟਿਆਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ। ਪਟਿਆਲਾ ਦੇ ਮਾਡਲ ਸਕੂਲ ਵਿੱਚੋਂ (ਉਸ ਵੇਲੇ ਇਹ ਸਕੂਲ ਮਹਿੰਦਰਾ ਕਾਲਜ ਦੇ ਇੱਕ ਬਲਾਕ ਵਿੱਚ ਹੁੰਦਾ ਸੀ) ਅੱਠਵੀਂ ਜਮਾਤ ਪਾਸ ਕਰਨ ਉਪਰੰਤ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਸ. ਸੇਵਾ ਸਿੰਘ ਨੇ ਉਰਦੂ, ਫਾਰਸੀ, ਪੰਜਾਬੀ ਤੇ ਅੰਗਰੇਜ਼ੀ ਦਾ ਅਧਿਐਨ ਵੀ ਵੱਖਰੇ ਤੌਰ ’ਤੇ ਕੀਤਾ। ਇਨ੍ਹਾਂ ਨੇ ਕੁਝ ਸਮਾਂ ਸਿਹਤ ਵਿਭਾਗ ਵਿੱਚ ਵੀ ਕੰਮ ਕੀਤਾ ਅਤੇ ਬਰਨਾਲੇ ਵਿਖੇ ਵੀ ਪਲੇਗ ਅਫਸਰ ਦੇ ਤੌਰ ’ਤੇ ਕੁੱਝ ਸਮਾਂ ਸੇਵਾਵਾਂ ਨਿਭਾਈਆਂ। ਪਿਤਾ ਜੀ ਦੀ ਮੌਤ ਤੋਂ ਬਾਅਦ ਸੇਵਾ ਸਿੰਘ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। ਸੇਵਾ ਸਿੰਘ ਅੰਮਿ੍ਰਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਤੇ ਕੌਮੀ ਅਜਾਦੀ ਲਈ ਸੰਘਰਸ਼ ਮਿੱਥ ਲਿਆ।

ਧਾਰਮਿਕ ਸਰਗਰਮੀਆਂ ਦਾ ਕੇਂਦਰ

26 ਜੂਨ 1917 ਨੂੰ ਇਨ੍ਹਾਂ ਨੇ ਜਨਰਲ ਬਖਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲ ਕੇ ਠੀਕਰੀਵਾਲਾ ਪਿੰਡ ਵਿੱਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇੱਕ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ, ਜੋ ਕਿ ਸਤੰਬਰ 1920 ਵਿੱਚ ਇਹ ਇਮਾਰਤ ਮੁਕੰਮਲ ਹੋਈ।

ਬਾਅਦ ਵਿੱਚ ਇਹ ਗੁਰਦੁਆਰਾ ਸਾਹਿਬ ਸ. ਸੇਵਾ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ। ਇਸੇ ਸਮੇਂ ਦੌਰਾਨ ਹੀ ਇਨ੍ਹਾਂ ਨੇ ਪਿੰਡ ਵਿੱਚ ਸਿੱਖਿਆ ਦੀ ਜੋਤ ਜਗਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਜਮਾਤਾਂ ਦਾ ਵੀ ਪ੍ਰਬੰਧ ਕੀਤਾ। 1919 ਦੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨਾਲ ਇਨ੍ਹਾਂ ਦੀ ਰੂਹ ਕੁਰਲਾ ਉੱਠੀ। 1921 ਨੂੰ ਜਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਇਹ ਸਿੱਖਾਂ ਦਾ ਜਥਾ ਲੈ ਕੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਵਜੋਂ ਸ਼ਹੀਦੀ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਇਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

1923 ਵਿੱਚ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਅੰਗਰੇਜ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ-ਕਾਨੂੰਨੀ ਜਥੇਬੰਦੀਆਂ ਐਲਾਨ ਕੇ ਜਥੇਬੰਦੀਆਂ ਦੇ ਮੁਖੀਆਂ ਦੀ ਗਿ੍ਰਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸੇ ਲੜੀ ਤਹਿਤ ਸ. ਸੇਵਾ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ।

ਹਕੂਮਤ ਦੀ ਬਦਨੀਤੀ

ਲਗਭਗ 3 ਸਾਲ ਤੱਕ ਲਾਹੌਰ ਜੇਲ੍ਹ ਵਿੱਚ ਨਜ਼ਰਬੰਦ ਰਹੇ। 1926 ਨੂੰ ਤਿੰਨ ਸਾਲ ਬਾਅਦ ਜਦੋਂ ਜੇਲ ਤੋਂ ਰਿਹਾਅ ਹੋਏ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਗੜਵੀ ਚੋਰੀ ਦਾ ਹਾਸੋਹੀਣਾ ਝੂਠਾ ਦੋਸ਼ ਲਾ ਕੇ ਮੁੜ ਗਿ੍ਰਫਤਾਰ ਕਰ ਲਿਆ ਪਰ ਸੱਚਾਈ ਸਾਹਮਣੇ ਆਉਣ ’ਤੇ ਮੁਕੱਦਮਾ ਤਾਂ ਖਾਰਜ ਹੋ ਗਿਆ, ਪਰ ਅੰਗਰੇਜ ਹਕੂਮਤ ਦੀ ਬਦਨੀਤੀ ਕਾਰਨ ਬਿਨਾਂ ਕਿਸੇ ਦੋਸ਼ ਦੇ ਤਿੰਨ ਸਾਲ ਹੋਰ 1929 ਤੱਕ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ। ਇਸੇ ਦੌਰਾਨ ਹੀ ਸੇਵਾ ਸਿੰਘ ਠੀਕਰੀਵਾਲਾ ਦੇ ਜੇਲ੍ਹ ਵਿੱਚ ਹੁੰਦਿਆਂ ਹੀ ਪਰਜਾ ਮੰਡਲ ਦੀ ਨੀਂਹ ਫਰਵਰੀ 1928 ਵਿੱਚ ਪਿੰਡ ਸੇਖਾ (ਬਰਨਾਲਾ) ’ਚ ਰੱਖੀ ਗਈ। ਬਖਸੀਸ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਤੇ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਪਰਜਾ ਮੰਡਲ ਦੇ ਪਹਿਲੇ ਪ੍ਰਧਾਨ ਥਾਪਿਆ ਗਿਆ। 1931 ਵਿੱਚ ਜੀਂਦ ਤੇ 1932 ਵਿੱਚ ਮਲੇਰਕੋਟਲੇ ਜਦ ਕਿਸਾਨਾਂ ਵੱਲੋਂ ਅੰਦੋਲਨ ਹੋਇਆ ਤਾਂ ਸੇਵਾ ਸਿੰਘ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਨੇ ‘ਕੌਮੀ ਦਰਦ’ ਨਾਂਅ ਦਾ ਅਖਬਾਰ ਵੀ ਕੱਢਿਆ।

ਲਾਹੌਰ ਦੇ ਬਰੈਡਲਾ ਹਾਲ ਵਿੱਚ

ਪਰਜਾ ਮੰਡਲ ਦੇ ਹੋਏ ਕਾਰਜਾਂ ਦੀ ਗੱਲ ਕਰਦਿਆਂ ਰਿਆਸਤੀ ਪਰਜਾ ਮੰਡਲ ਦੀਆਂ ਹੋਈਆਂ ਮਹੱਤਵਪੂਰਨ ਕਾਨਫਰੰਸਾਂ ਬਾਰੇ ਜਾਣਨਾ ਸਾਡੇ ਲਈ ਇੱਥੇ ਹੋਰ ਵੀ ਜਰੂਰੀ ਹੈ। ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਦਸੰਬਰ 1929 ਵਿੱਚ ਲਾਹੌਰ ਦੇ ਬਰੈਡਲਾ ਹਾਲ ਵਿੱਚ ਹੋਈ ਸੀ, ਜਿਸ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਹਿੱਸਾ ਲਿਆ। ਇਸ ਵਿਚ ਜਿੱਥੇ ਜਨਤਾ ਦੀ ਮੰਦੀ ਹਾਲਤ ਸਬੰਧੀ ਵਿਚਾਰਾਂ ਹੋਈਆਂ, ਉੱਥੇ ਹੀ ਰਜਵਾੜਾਸ਼ਾਹੀ ਦੀ ਧੱਕੇਸ਼ਾਹੀ ਬਾਰੇ ਵੀ ਚਰਚਾ ਹੋਈ।

ਅਕਤੂਬਰ 1930 ਵਿੱਚ ਰਿਆਸਤੀ ਪਰਜਾ ਮੰਡਲ ਦੀ ਦੂਜੀ ਕਾਨਫਰੰਸ ਲੁਧਿਆਣਾ ਵਿੱਚ ਹੋਈ, ਜਿਸ ਵਿਚ ਤਕਰੀਰ ਕਰਦਿਆਂ ਸੇਵਾ ਸਿੰਘ ਨੇ ਕਿਹਾ, ‘‘ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਤੇ ਜ਼ੁਲਮ ਖ਼ੁਦ-ਬ-ਖ਼ੁਦ ਮਿਟ ਜਾਣਗੇ।’’ ਇਸ ਕਾਨਫਰੰਸ ਤੋਂ ਬਾਅਦ ਸੇਵਾ ਸਿੰਘ ਨੂੰ ਗਿ੍ਰਫ਼ਤਾਰ ਕਰਕੇ, ਝੂਠਾ ਮੁਕੱਦਮਾ ਦਰਜ ਕਰਕੇ ਪੰਜ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਪਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਚਾਰ-ਪੰਜ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰਨਾ ਪਿਆ। ਪੰਜਾਬ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ 1931 ਨੂੰ ਸ਼ਿਮਲਾ ਵਿੱਚ ਰੱਖੀ ਗਈ।

ਇੱਥੇ ਸੇਵਾ ਸਿੰਘ ਨੇ ਮਹਾਤਮਾ ਗਾਂਧੀ ਨਾਲ ਰਿਆਸਤਾਂ ਦੀ ਆਜ਼ਾਦੀ ਤੋਂ ਬਿਨਾਂ ਰਾਜਨੀਤਿਕ ਵਿਚਾਰ-ਚਰਚਾ ਵੀ ਕੀਤੀ। ਇਸੇ ਸਾਲ ਹੀ ਰਿਆਸਤਾਂ ਦੀ ਸਰਬ ਹਿੰਦ ਜਥੇਬੰਦੀ ਵੱਲੋਂ ਬੰਬਈ (ਮੁੰਬਈ) ਵਿੱਚ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸੇਵਾ ਸਿੰਘ ਪੰਜਾਬ ਦੇ ਪ੍ਰਤੀਨਿਧ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ ਸਨ।

ਸ. ਸੇਵਾ ਸਿੰਘ ਠੀਕਰੀਵਾਲਾ ਦਾ ਪੂਰਾ ਜੀਵਨ ਹੀ ਆਪਣੇ ਲੋਕਾਂ ਤੇ ਕੌਮ ਦੀ ਸੇਵਾ ਵਿੱਚ ਹਾਜਰ ਰਿਹਾ, ਇਸ ਪੂਰੇ ਜੀਵਨ ਦੌਰਾਨ ਉਹਨਾਂ ਨੂੰ ਬਹੁਤ ਵਾਰ ਜੇਲ੍ਹ ਵੀ ਜਾਣਾ ਪਿਆ। ਜਿਸ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

1923 ਵਿੱਚ ਸ਼ਾਹੀ ਕਿਲ੍ਹਾ ਲਾਹੌਰ ਅਕਾਲੀ ਲੀਡਰਾਂ ਦੇ ਮੁਕੱਦਮਾ ਬਗਾਵਤ ਵਿੱਚ 3 ਸਾਲ ਨਜ਼ਰਬੰਦੀ। 1926 ਬਾਗੀ ਹੋਣ ਦੇ ਜ਼ੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਸਾਢੇ ਤਿੰਨ ਸਾਲ ਨਜ਼ਰਬੰਦੀ। 1930 ਵਿੱਚ ਬਗਾਬਤ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਛੇ ਸਾਲ ਕੈਦ, ਚਾਰ ਮਹੀਨੇ ਪਿੱਛੋਂ ਰਿਹਾਈ। 1931 ਸੰਗਰੂਰ ਸੱਤਿਆਗ੍ਰਹਿ 4 ਮਹੀਨੇ ਜੇਲ੍ਹ ਹੋਈ। 1932 ਮਲੇਰਕੋਟਲਾ ਮੋਰਚਾ 3 ਮਹੀਨੇ ਨਜ਼ਰਬੰਦੀ ਹੋਈ। 1933 ਪਟਿਆਲਾ ਹਦਾਇਤਾਂ ਦੀ ਖਲਾਫ-ਵਰਜੀ ਦੇ ਬਾਗੀਆਨਾ ਜੁਰਮ ਵਿੱਚ 8 ਸਾਲ ਕੈਦ ਤੇ 10 ਹਜਾਰ ਜ਼ੁਰਮਾਨਾ। ਇਹ ਕੈਦ ਹਜੇ ਡੇਢ ਸਾਲ ਹੀ ਕੱਟੀ ਸੀ। ਇਸ ਦੌਰਾਨ ਹੀ ਜੇਲ੍ਹ ਦੇ ਅੰਦਰ ਦੁਰਵਿਹਾਰ ਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

ਭੁੱਖ ਹੜਤਾਲ ਕਾਰਨ ਸੇਵਾ ਸਿੰਘ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ ਪਰ ਸਰਕਾਰ ਨੇ ਇੱਥੇ ਬਿਲਕੁਲ ਵੀ ਧਿਆਨ ਨਾ ਦਿੱਤਾ। ਇੱਥੇ ਹੀ ਉਹ ਜ਼ਿੰਦਗੀ ਤੇ ਮੌਤ ਨਾਲ ਸੰਘਰਸ਼ ਕਰਦੇ ਹੋਏ ਭੁੱਖ ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਇਹ ਵੀ ਪੜ੍ਹੋ : ਮੈਂ ਚੰਦ ਤੋਂ ਭਾਰਤ ਬੋਲ ਰਿਹਾਂ : ਚੰਦਰਯਾਨ-3 ਦੇ ਚੰਦ ਤੱਕ ਪਹੁੰਚਣ ਦੀ ਪੂਰੀ ਕਹਾਣੀ

20 ਦਸੰਬਰ 1938 ਨੂੰ ਜਦੋਂ ਸ. ਸੇਵਾ ਸਿੰਘ ਦੀਆਂ ਅਸਥੀਆਂ ਠੀਕਰੀਵਾਲਾ ਲੈ ਕੇ ਆਈਆਂ ਗਈਆਂ ਤਾਂ ਪਿੰਡ ਦੀ ਸਰਬਸੰਮਤੀ ਨਾਲ ਉਨ੍ਹਾਂ ਦੀ ਯਾਦ ਵਿੱਚ ਇੱਕ ਹਾਈ ਸਕੂਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। 13 ਅਪਰੈਲ 1950 ਨੂੰ ਸ਼ਹੀਦ ਸੇਵਾ ਸਿੰਘ ਹਾਈ ਸਕੂਲ ਸ਼ੁਰੂ ਕੀਤਾ ਗਿਆ। ਬਾਅਦ ਵਿੱਚ ਇਹ ਸਕੂਲ ਦਾ ਪ੍ਰਬੰਧ ਸਰਕਾਰ ਦੇ ਹੱਥ ਹੇਠ ਆ ਗਿਆ। ਅੱਜ ਵੀ ਪਿੰਡ ਠੀਕਰੀਵਾਲਾ ਵਿਖੇ ਸ. ਸੇਵਾ ਸਿੰਘ ਦੀ ਸ਼ਹੀਦੀ ਯਾਦ ’ਚ 18, 19, 20 ਜਨਵਰੀ ਨੂੰ ਸਭਾ ਲੱਗਦੀ ਹੈ।

ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂੰਮ, ਬਰਨਾਲਾ

LEAVE A REPLY

Please enter your comment!
Please enter your name here