ਮੈਡੀਕਲ ਖੋਜ ਤੇ ਸਿੱਖਿਆ ਦਾ ਰਿਕਾਰਡ ਐਸਸੀ ਕਮਿਸ਼ਨ ਵੱਲੋਂ ਤਲਬ

ਐਸਿਸਟੈਂਟ ਪ੍ਰੋਫੈਸਰ ਇਕਬਾਲ ਸਿੰਘ ਦੀ 14 ਸਾਲਾਂ ਤੋਂ ਨਹੀਂ ਕੀਤੀ ਤਰੱਕੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਐਮ ਡੀ ਡਾਕਟਰ ਇਕਬਾਲ ਸਿੰਘ ਦੇ ਮਾਮਲੇ ਵਿੱਚ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਪੰਜਾਬ ਦਾ ਰਿਕਾਰਡ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਤਲਬ ਕਰ ਲਿਆ ਹੈ। ਉਹ ਡਾ. ਇਕਬਾਲ ਸਿੰਘ ਨਾਲ ਸਬੰਧਤ ਰਿਕਾਰਡ 19 ਜਨਵਰੀ ਨੂੰ ਕਮਿਸ਼ਨ ਦੇ ਚੰਡੀਗੜ੍ਹ ਦਫਤਰ ਵਿੱਚ ਪੇਸ਼ ਕਰਨਗੇ।

ਵੇਰਵਿਆਂ ਮੁਤਾਬਿਕ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸ਼ਨ ਤੇਜਿੰਦਰ ਕੌਰ ਨੇ ਪ੍ਰਮੁੱਖ ਸਕੱਤਰ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਇੱਕ ਪੱਤਰ ਲਿਖਕੇ ਕਿਹਾ ਹੈ ਕਿ ਕਮਿਸ਼ਨ ਕੋਲ ਡਾ. ਇਕਬਾਲ ਸਿੰਘ ਸਹਾਇਕ ਪ੍ਰੋਫੈਸਰ ਫਿਜਾਲੌਜੀ ਵਿਭਾਗ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਸ਼ਿਕਾਇਤ 23 ਦਸੰਬਰ ਨੂੰ ਪ੍ਰਾਪਤ ਹੋਈ ਸੀ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004 ਦੀ ਧਾਰਾ 10 ਤਹਿਤ ਪ੍ਰਦਾਨ ਸ਼ਕਤੀਆਂ ਦੇ ਸਨਮੁੱਖ ਇਸ ਸ਼ਿਕਾਇਤ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ, ਇਸ ਸਬੰਧ ਵਿੱਚ ਕਮਿਸ਼ਨ ਨੇ 19 ਜਨਵਰੀ ਦੀ ਤਾਰੀਖ ਨਿਰਧਾਰਤ ਕੀਤੀ ਹੈ। ਇਸ ਲਈ ਕਮਿਸ਼ਨ ਵੱਲੋਂ ਪ੍ਰਮੁੱਖ ਸਕੱਤਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਡਾ. ਇਕਬਾਲ ਸਿੰਘ ਨਾਲ ਸਬੰਧਤ ਸਾਰਾ ਰਿਕਾਰਡ 19 ਜਨਵਰੀ ਨੂੰ ਕਮਿਸ਼ਨ ਦੇ ਦਫਤਰ ਵਿੱਚ ਪੁੱਜਦਾ ਕਰੇ। ਕਮਿਸ਼ਨ ਨੂੰ ਕੀਤੀ ਸ਼ਿਕਾਇਤ ਅਨੁਸਾਰ ਡਾ. ਇਕਬਾਲ ਸਿੰਘ 2004 ਵਿੱਚ ਐਮਡੀ ਕਰਕੇ 2006 ਵਿਚ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਸੀਨੀਅਰ ਲੈਕਚਰਾਰ ਸਿਲੈਕਟ ਹੋਏ ਸਨ।

ਜਿਨ੍ਹਾਂ ਨੂੰ ਐਸਿਸਟੈਂਟ ਪ੍ਰੋਫੈਸਰ ਦੀ ਉਪਾਧੀ ਮਿਲ ਗਈ ਸੀ, ਪਰ ਨਿਯਮਾਂ ਅਨੁਸਾਰ ਇਨ੍ਹਾਂ ਦੀ ਤਰੱਕੀ ਨਹੀਂ ਕੀਤੀ ਗਈ। ਜਿਸ ਕਰਕੇ ਉਨ੍ਹਾਂ ਵੱਖ-ਵੱਖ ਸਰਕਾਰੀ ਅਧਿਕਾਰੀਆਂ ਕੋਲ ਆਪਣੀ ਫਰਿਆਦ ਕੀਤੀ ਪਰ ਅਧਿਕਾਰੀਆਂ ਨੇ ਡਾ. ਇਕਬਾਲ ਸਿੰਘ ਦੀ ਇੱਕ ਨਾ ਸੁਣੀ ਨਾ ਹੀ ਉਸ ਦੀ ਸ਼ਿਕਾਇਤ ’ਤੇ ਗੌਰ ਕੀਤੀ ਗਈ। ਜਦ ਕਿ ਉਨ੍ਹਾਂ ਤੋਂ ਜੂਨੀਅਰ ਡਾਕਟਰਾਂ ਦੀ ਤਰੱਕੀ ਕਰ ਦਿੱਤੀ ਗਈ।

ਡਾ. ਇਕਬਾਲ ਸਿੰਘ ’ਤੇ ਦੋਸ਼ ਲਗਾਇਆ ਜਾਂਦਾ ਰਿਹਾ ਕਿ ਉਸ ਦੀਆਂ ਏਸੀਆਰ ਠੀਕ ਨਹੀਂ ਹਨ ਪਰ ਡਾ. ਇਕਬਾਲ ਸਿੰਘ ਅਨੁਸਾਰ ਉਸ ਨੂੰ ਕਦੇ ਵੀ ਵਿਭਾਗ ਵਲੋਂ ਏਸੀਆਰ ਬਾਰੇ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ, ਸਗੋਂ ਕਈ ਸਾਰੇ ਸਰਕਾਰੀ ਪੱਤਰ ਛੁਪਾ ਕੇ ਹਰ ਇੱਕ ਪੜਤਾਲ ਨੂੰ ਗਲਤ ਦਿਸ਼ਾ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਇਸ ਪੱਤਰਕਾਰ ਨਾਲ ਗੱਲ ਕਰਦਿਆ ਦੱਸਿਆ ਕਿ ਆਪਣਾ ਹੱਕ ਲੈਣ ਲਈ ਉਸਦੇ ਜੁੱਤੇ ਘਸ ਗਏ, ਪਰ ਹਾਰ ਵਾਰ ਹੀ ਉਸ ਦੀ ਅਵਾਜ਼ ਨੂੰ ਦਬਾਇਆ ਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਸਾਰੇ ਥਾਵਾਂ ਤੋਂ ਅੱਕ ਕੇ ਉਸ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪਹੁੰਚ ਕੀਤੀ ਜਿਸ ਕਰਕੇ ਕਮਿਸ਼ਨ ਨੇ ਰਿਕਾਰਡ ਤਲਬ ਕੀਤਾ ਹੈ। ਡਾ. ਇਕਬਾਲ ਸਿੰਘ ਨੇ ਕਿਹਾ ਕਿ ਮੈਂ ਪ੍ਰਿੰਸੀਪਲ ਨਾ ਬਣ ਜਾਂਵਾਂ ਇਸ ਕਰਕੇ ਮੈਨੂੰ ਤਰੱਕੀ ਨਹੀਂ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.