RCB vs SRH 2025 : ਸਪੋਰਟਸ ਡੈਸਕ। ਸਨਰਾਈਜ਼ਰਜ਼ ਹੈਦਰਾਬਾਦ ਨੇ ਆਰਸੀਬੀ ਨੂੰ 42 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਸਨਰਾਈਜ਼ਰਜ਼ ਨੇ ਈਸ਼ਾਨ ਕਿਸ਼ਨ ਦੀ ਜ਼ਬਰਦਸਤ ਪਾਰੀ ਦੀ ਮਦਦ ਨਾਲ 20 ਓਵਰਾਂ ’ਚ ਛੇ ਵਿਕਟਾਂ ’ਤੇ 231 ਦੌੜਾਂ ਬਣਾਈਆਂ। ਜਵਾਬ ਵਿੱਚ, ਫਿਲ ਸਾਲਟ ਤੇ ਵਿਰਾਟ ਕੋਹਲੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ, ਪਰ ਆਰਸੀਬੀ 19.5 ਓਵਰਾਂ ’ਚ 189 ਦੌੜਾਂ ’ਤੇ ਆਲ ਆਊਟ ਹੋ ਗਈ। ਆਰਸੀਬੀ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ ਪਰ ਇਸ ਹਾਰ ਨੇ ਉਨ੍ਹਾਂ ਦੇ ਸਿਖਰਲੇ ਦੋ ’ਚ ਜਗ੍ਹਾ ਪੱਕੀ ਕਰਨ ਦੀਆਂ ਸੰਭਾਵਨਾਵਾਂ ਨੂੂੰ ਝਟਕਾ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : Punjab Paddy Silos: ਇਸ ਵਾਰ ਵੀ ਆ ਸਕਦੀ ਹੈ ਸ਼ੈਲਰਾਂ ਅੰਦਰ ਝੋਨੇ ਲਈ ਜਗ੍ਹਾ ਦੀ ਦਿੱਕਤ, 30 ਫੀਸਦੀ ਚੌਲਾਂ ਦੀ ਚੁਕਾਈ …
ਪੰਜਾਬ ਨੂੰ ਅੰਕ ਸੂਚੀ ’ਚ ਫਾਇਦਾ | RCB vs SRH 2025
ਆਰਸੀਬੀ ਦੀ ਹਾਰ ਨਾਲ ਪੰਜਾਬ ਕਿੰਗਜ਼ ਨੂੰ ਟੇਬਲ ’ਚ ਫਾਇਦਾ ਹੋਇਆ ਹੈ ਤੇ ਉਹ ਆਰਸੀਬੀ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਗੁਜਰਾਤ ਦੀ ਟੀਮ 13 ਮੈਚਾਂ ’ਚ 18 ਅੰਕਾਂ ਨਾਲ ਸਿਖਰ ’ਤੇ ਬਣੀ ਹੋਈ ਹੈ। ਪੰਜਾਬ ਤੇ ਆਰਸੀਬੀ ਦੋਵਾਂ ਦੇ 17-17 ਅੰਕ ਹਨ ਪਰ ਪੰਜਾਬ ਦੇ ਦੋ ਮੈਚ ਬਾਕੀ ਹਨ ਜਦੋਂ ਕਿ ਆਰਸੀਬੀ ਦਾ ਗਰੁੱਪ ਪੜਾਅ ’ਚ ਸਿਰਫ਼ ਇੱਕ ਮੈਚ ਖੇਡਣਾ ਬਾਕੀ ਹੈ। ਮੁੰਬਈ ਇੰਡੀਅਨਜ਼ ਦੀ ਟੀਮ 13 ਮੈਚਾਂ ’ਚ 16 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ।
ਕੋਹਲੀ-ਸਾਲਟ ਨੇ ਕੀਤੀ ਸ਼ਾਨਦਾਰ ਸ਼ੁਰੂਆਤ | RCB vs SRH 2025
ਟੀਚੇ ਦਾ ਪਿੱਛਾ ਕਰਦੇ ਹੋਏ, ਕੋਹਲੀ ਤੇ ਸਾਲਟ ਨੇ ਆਰਸੀਬੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪਾਵਰ ਪਲੇ ਤੱਕ ਸਨਰਾਈਜ਼ਰਜ਼ ਨੂੰ ਕੋਈ ਸਫਲਤਾ ਨਹੀਂ ਮਿਲਣ ਦਿੱਤੀ। ਆਰਸੀਬੀ ਨੇ ਛੇ ਓਵਰਾਂ ਦੇ ਅੰਤ ਤੱਕ ਬਿਨਾਂ ਕਿਸੇ ਨੁਕਸਾਨ ਦੇ 72 ਦੌੜਾਂ ਬਣਾਈਆਂ। ਹਰਸ਼ ਦੂਬੇ ਨੇ ਵਿਰਾਟ ਕੋਹਲੀ ਨੂੰ ਆਊਟ ਕਰਕੇ ਆਰਸੀਬੀ ਨੂੰ ਪਹਿਲਾ ਝਟਕਾ ਦਿੱਤਾ। ਕੋਹਲੀ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅਰਧ ਸੈਂਕੜਾ ਬਣਾਉਣ ਦੇ ਨੇੜੇ ਸਨ ਪਰ 25 ਗੇਂਦਾਂ ’ਤੇ ਸੱਤ ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਕੋਹਲੀ ਨੇ ਸਾਲਟ ਨਾਲ ਮਿਲ ਕੇ ਪਹਿਲੀ ਵਿਕਟ ਲਈ 80 ਦੌੜਾਂ ਜੋੜੀਆਂ।
ਫਿਲ ਸਾਲਟ ਦਾ ਅਰਧਸੈਂਕੜਾ | RCB vs SRH 2025
ਕੋਹਲੀ ਦੇ ਆਊਟ ਹੋਣ ਦੇ ਬਾਵਜੂਦ, ਸਾਲਟ ਨੇ ਰਨ ਰੇਟ ਨੂੰ ਹੌਲੀ ਨਹੀਂ ਹੋਣ ਦਿੱਤਾ। ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਆਰਸੀਬੀ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਤੇ ਨੌਂ ਓਵਰਾਂ ਦੇ ਅੰਦਰ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਆਰਸੀਬੀ ਦੇ ਸਲਾਮੀ ਬੱਲੇਬਾਜ਼ ਫਿਲ ਸਾਲਟ ਨੇ 27 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਸਾਲਟ ਦਾ ਇਸ ਸੀਜ਼ਨ ’ਚ ਤੀਜਾ ਅਰਧ ਸੈਂਕੜੇ ਹੈ ਤੇ ਦਿਲਚਸਪ ਗੱਲ ਇਹ ਹੈ ਕਿ ਤਿੰਨੋਂ ਅਰਧ ਸੈਂਕੜੇ ਟੀਚੇ ਦਾ ਪਿੱਛਾ ਕਰਦੇ ਹੋਏ ਲਾਏ ਗਏ ਹਨ। ਇਸ ਦੌਰਾਨ, ਨਿਤੀਸ਼ ਰੈੱਡੀ ਨੇ ਮਯੰਕ ਅਗਰਵਾਲ ਨੂੰ ਆਊਟ ਕਰਕੇ ਆਰਸੀਬੀ ਨੂੰ ਦੂਜੀ ਸਫਲਤਾ ਦਿਵਾਈ, ਜੋ 11 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਪੈਟ ਕਮਿੰਸ ਨੇ ਫਿਲ ਸਾਲਟ ਨੂੰ ਆਊਟ ਕਰਕੇ ਆਰਸੀਬੀ ਨੂੰ ਤੀਜਾ ਝਟਕਾ ਦਿੱਤਾ।
ਸਾਲਟ 32 ਗੇਂਦਾਂ ’ਚ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇੱਥੋਂ ਹੀ, ਆਰਸੀਬੀ ਦੀ ਪਾਰੀ ਲੜਖੜਾ ਗਈ ਤੇ ਉਨ੍ਹਾਂ ਨੇ ਨਿਯਮਤ ਅੰਤਰਾਲਾਂ ’ਤੇ ਵਿਕਟਾਂ ਗੁਆਉਣੀਆਂ ਸ਼ੁਰੂ ਕਰ ਦਿੱਤੀਆਂ। ਆਰਸੀਬੀ ਨੇ 15 ਓਵਰਾਂ ਦੇ ਅੰਤ ਤੱਕ ਤਿੰਨ ਵਿਕਟਾਂ ’ਤੇ 167 ਦੌੜਾਂ ਬਣਾਈਆਂ ਸਨ। ਉਸ ਸਮੇਂ, ਉਨ੍ਹਾਂ ਨੂੰ ਜਿੱਤਣ ਲਈ 30 ਗੇਂਦਾਂ ਵਿੱਚ 65 ਦੌੜਾਂ ਬਣਾਉਣੀਆਂ ਸਨ, ਪਰ ਸਨਰਾਈਜ਼ਰਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਪਹਿਲਾਂ ਰਜਤ ਪਾਟੀਦਾਰ ਰਨ ਆਊਟ ਹੋਇਆ, ਫਿਰ ਈਸ਼ਾਨ ਮਲਿੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਪਣੀ ਹੀ ਗੇਂਦਬਾਜ਼ੀ ’ਤੇ ਰੋਮਾਰੀਓ ਸ਼ੈਫਰਡ ਨੂੰ ਕੈਚ ਕਰ ਲਿਆ। ਸ਼ੈਫਰਡ ਆਪਣਾ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ।