ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਮੁਕਤ ਹੋਣਾ ਚਾਹੁੰਦੇ ਨੇ ਰਾਵਤ
ਟਵੀਟ ਕਰਕੇ ਕਾਂਗਰਸ ਹਾਈਕਮਾਨ ਅੱਗੇ ਕੀਤੀ ਇੱਛਾ ਜਾਹਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕਾਂਗਰਸ ਹਾਈਕਮਾਨ ਨੂੰ ਆਪਣੀਆਂ ਜਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਜਾਹਰ ਕੀਤੀ ਗਈ ਹੈ। ਇਸ ਸਬੰਧੀ ਹਰੀਸ਼ ਰਾਵਤ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਟਵੀਟ ’ਚ ਉਨ੍ਹਾਂ ਨੇ ਲਿਖਿਆ ਕਿ, ‘ਮੈਂ ਅੱਜ ਇੱਕ ਵੱਡੇ ਸ਼ਸ਼ੋਪੰਜ ਤੋਂ ਉੱਬਰ ਸਕਿਆ ਹਾਂ। ਇੱਕ ਪਾਸੇ ਜਨਮਭੂਮੀ (ਉੱਤਰਾਖੰਡ) ਲਈ ਮੇਰਾ ਫਰਜ ਹੈ ਤੇ ਦੂਸਰੇ ਪਾਸੇ ਕਰਮਭੂਮੀ ਪੰਜਾਬ ਲਈ ਮੇਰੀਆਂ ਸੇਵਾਵਾਂ ਹਨ, ਹਾਲਾਤ ਗੁੰਝਲਦਾਰ ਹੁੰਦੇ ਜਾ ਰਹੇ ਹਨ ਕਿਉਂਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਦੋਵੇਂ ਜਗ੍ਹਾ ਪੂਰਾ ਸਮਾਂ ਦੇਣਾ ਪਵੇਗਾ। ਕੱਲ੍ਹ ਉੱਤਰਾਖੰਡ ’ਚ ਬੇਮੌਸਮੇ ਮੀਂਹ ਨੇ ਜਿਹੜਾ ਕਹਿਰ ਢਾਹਿਆ ਹੈ, ਮੈਂ ਕੁਝ ਥਾਵਾਂ ’ਤੇ ਜਾ ਸਕਿਆ, ਪਰ ਹੰਝੂ ਪੂੰਝਣ ਸਭ ਜਗ੍ਹਾ ਜਾਣਾ ਚਾਹੁੰਦਾ ਸੀ। ਪਰ ਫਰਜ ਪੁਕਾਰ, ਮੇਰੇ ਤੋਂ ਕੁਝ ਹੋਰ ਉਮੀਦਾਂ ਲੈ ਕੇ ਖੜ੍ਹੀ ਹੈ।ਮੈਂ ਜਨਮ ਭੂਮੀ ਨਾਲ ਨਿਆਂ ਕਰਾਂ ਤਦ ਹੀ ਕਰਮਭੂਮੀ ਨਾਲ ਵੀ ਨਿਆਂ ਕਰ ਸਕਾਂਗਾ ਮੈਂ ਪੰਜਾਬ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਲਗਾਤਾਰ ਆਸ਼ੀਰਵਾਦ ਅਤੇ ਨੈਤਿਕ ਸਮੱਰਥਨ ਦਿੱਤਾ’।
ਦੱਸਣਯੋਗ ਹੈ ਕਿ ਪੰਜਾਬ ਅਤੇ ਉੱਤਰਾਖੰਡ ’ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ ’ਚ ਹੋਣ ਵਾਲੀਆਂ ਹਨ। ਪੰਜਾਬ ’ਚ ਕਾਂਗਰਸ ਦੇ ਇੰਚਾਰਜ ਉੱਤਰਾਖੰਡ ਦੇ ਸਾਬਕਾ ਸੀਐੱਮ ਹਰੀਸ਼ ਰਾਵਤ ਹਨ। ਹਰੀਸ਼ ਰਾਵਤ ਉੱਤਰਾਖੰਡ ’ਚ ਕਾਂਗਰਸ ਦੇ ਪ੍ਰਮੁੱਖ ਚਿਹਰੇ ਹਨ ਜਿਸ ਕਰਕੇ ਹੀ ਰਾਵਤ ਨੇ ਪਾਰਟੀ ਅਗਵਾਈ ਨੂੰ ਇੱਕ ਵਾਰ ਫਿਰ ਪੰਜਾਬ ਕਾਂਗਰਸ ਇੰਚਾਰਜ ਅਹੁਦੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ। ਅਸਲ ਵਿੱਚ ਪੰਜਾਬ ਕਾਂਗਰਸ ’ਚ ਪਏ ਕਾਟੋ-ਕਲੇਸ਼ ਕਾਰਨ ਰਾਵਤ ਉੱਤਰਾਖੰਡ ’ਤੇ ਧਿਆਨ ਕੇਂਦਿ੍ਰਤ ਨਹੀਂ ਕਰ ਪਾ ਰਹੇ ਜਿਸ ਕਰਕੇ ਵੀ ਉਹ ਪੰਜਾਬ ਕਾਂਗਰਸ ਇੰਚਾਰਜ ਅਹੁਦੇ ਤੋਂ ਮੁਕਤ ਹੋਣਾ ਚਾਹੁੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ