ਅਸਤੀਫੇ ਬਾਰੇ ਕੋਈ ਜਾਣਕਾਰੀ ਨਹੀਂ : ਜਥੇਦਾਰ ਖੁੱਡੀਆਂ
ਲੰਬੀ/ਕਿੱਲਿਆਂਵਾਲੀ ਮੰਡੀ, (ਮੇਵਾ ਸਿੰਘ) ਪੰਜਾਬ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਮੈਂਬਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਆਪਣੇ ਪਾਰਟੀ ਜਨਰਲ ਸਕੱਤਰ ਦੇ ਆਹੁਦੇ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਲਿਖਤੀ ਤੌਰ ‘ਤੇ ਆਪਣਾ ਅਸਤੀਫਾ ਭੇਜ ਦਿੱਤਾ ਹੈ। ਧੀਰਾ ਖੁੱਡੀਆਂ ਦੇ ਕਾਂਗਰਸ ਪਾਰਟੀ ਦੇ ਆਹੁਦਿਆਂ ਤੋਂ ਅਚਾਨਕ ਦਿੱਤੇ ਅਸਤੀਫੇ ਦਾ ਕਾਰਨ ਤਾਂ ਉਹ ਖੁਦ ਜਾਣਦੇ ਹੋਣਗੇ,
ਪਰ ਇਸ ਅਸਤੀਫੇ ਦੀ ਇਲਾਕੇ ਅੰਦਰ ਕਾਫੀ ਚਰਚਾ ਹੋ ਰਹੀ ਹੈ। ਇਸ ਪ੍ਰਤੀਨਿਧ ਨੇ ਜਦੋਂ ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਨਾਲ ਮੋਬਾਇਲ ਫੋਨ ‘ਤੇ ਸੰਪਰਕ ਕਰਕੇ ਅਸਤੀਫੇ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਵਕਤ ਚੰਡੀਗੜ੍ਹ ਵਿੱਚ ਹਨ ਤੇ ਉਨ੍ਹਾਂ ਆਪਣਾ ਅਸਤੀਫਾ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਭੇਜ ਦਿੱਤਾ ਹੈ। ਉਹ ਹੁਣ ਚੰਡੀਗੜ ਤੋਂ ਦਿੱਲੀ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿੱਚ ਹਿੱਸਾ ਲੈਣ ਜਾ ਰਹੇ ਹਨ ਤੇ ਉਥੇ ਜਾਕੇ ਹਲਕਾ ਲੰਬੀ ਦੇ ਹੋਰ ਕਿਸਾਨਾਂ ਨਾਲ ਬਹਾਦਰਗੜ ਬਾਰਡਰ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵਾਸਤੇ ਲਾਏ ਜਾ ਰਹੇ ਚਾਹ ਦੇ ਲੰਘਰ ਵਿੱਚ ਸੇਵਾ ਨਿਭਾਉਣਗੇ।
ਜਦ ਉਨ੍ਹਾਂ ਤੋਂ ਕਾਂਗਰਸ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ 28 ਸਾਲਾਂ ਤੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕਾਂਗਰਸ ਪਾਰਟੀ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤੇ ਉਹ ਹਰ ਔਖੇ ਸਮੇਂ ਵਿੱਚ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਚੱਲਦੇ ਰਹੇ ਹਨ ਪਰ ਪਤਾ ਨਹੀਂ ਕਿਉਂ ਹੁਣ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸਿਆਸਤ ਛੱਡਕੇ ਦੇਸ਼ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕ ਕਿਸਾਨ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਆਪਣੀ ਸਟੇਜ ਤੋਂ ਬੋਲਣ ਨਹੀਂ ਦਿੰਦੀਆਂ,ਇਸ ਲਈ ਹੁਣ ਉਨ੍ਹਾਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਕੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿੱਚ ਕੁੱਦਣ ਦਾ ਮਨ ਬਣਾ ਲਿਆ ਹੈ।
ਪਰੰਤੂ ਇਲਾਕੇ ਦੇ ਕਈ ਕਾਂਗਰਸੀ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਨਿਧੜਕ ਕਾਂਗਰਸੀ ਆਗੂ ਬਣਕੇ ਡੱਟਕੇ ਪਾਰਟੀ ਦੀ ਸੇਵਾ ਕੀਤੀ,ਪਾਰਟੀ ਨੇ ਇਸ ਸੇਵਾ ਦੀ ਕੋਈ ਵੀ ਕਦਰ ਨਹੀਂ ਪਾਈ। ਜਦ ਇਸ ਸਬੰਧੀ ਧੀਰਾ ਖੁੱਡੀਆਂ ਦੇ ਚਾਚਾ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਬਕਾ ਜਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਨਾਲ ਧੀਰਾ ਖੁੱਡੀਆਂ ਦੇ ਅਸਤੀਫੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਧੀਰਾ ਖੁੱਡੀਆਂ ਦੇ ਅਸਤੀਫੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਉਸ ਦੀ ਉਹਨਾਂ ਨਾਲ ਕੋਈ ਫੋਨ ‘ਤੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਧੀਰਾ ਖੁੱਡੀਆਂ ਜੇਕਰ ਕਿਸਾਨੀ ਸੰਘਰਸ਼ ਵਿਚ ਸਾਮਲ ਹੋਕੇ ਕਿਸਾਨੀ ਜਥੇਬੰਦੀਆਂ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ ਤਾਂ ਇਹ ਵੀ ਚੰਗੀ ਗੱਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.