ਖੇਡ ਮੰਤਰੀ ਨੇ ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਦਿੱਤਾ ਭਰੋਸਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਹਾਲ-ਚਾਲ ਪੁੱਛਣ ਲਈ ਪੀ.ਜੀ.ਆਈ. ਪੁੱਜੇ ਉਨ੍ਹਾਂ ਡਾਕਟਰਾਂ ਤੋਂ ਜਿੱਥੇ ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਿਆ ਉਥੇ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ ਰਾਣਾ ਸੋਢੀ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ
ਇਸ ਮੌਕੇ ਖੇਡ ਮੰਤਰੀ ਨਾਲ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਅਤੇ ਸਾਬਕਾ ਹਾਕੀ ਖਿਡਾਰੀ ਤੇ ਲੋਕ ਗਾਇਕ ਹਰਦੀਪ ਸਿੰਘ ਵੀ ਸਨ, ਜਿਨ੍ਹਾਂ ਪੀ.ਜੀ.ਆਈ. ਦੇ ਨਹਿਰੂ ਹਸਪਤਾਲ ਵਿਖੇ ਆਰ.ਆਈ.ਸੀ.ਯੂ. ਵਿਖੇ ਜਾ ਕੇ ਹਾਲ-ਚਾਲ ਪੁੱਛਿਆ ਇਸ ਸਬੰਧੀ ਰਾਣਾ ਸੋਢੀ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਤਿੰਨ ਵਾਰ ਓਲੰਪਿਕ ਖੇਡਾਂ (ਲੰਡਨ-1948, ਹੈਲਸਿੰਕੀ-1952 ਤੇ ਮੈਲਬਰਨ-1956) ਵਿੱਚ ਸੋਨ ਤਮਗਾ ਜਿੱਤਿਆ ਹੈ, ਦੀ ਸਿਹਤ ਨਾਸਾਜ਼ ਹੋਣ ਕਾਰਨ ਪੀ.ਜੀ.ਆਈ. ਵਿਖੇ ਜ਼ੇਰੇ-ਇਲਾਜ ਹਨ
ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਸਿਹਤ ਨਾਜ਼ੁਕ ਜ਼ਰੂਰ ਹੈ ਪਰ ਕੰਟਰੋਲ ਹੇਠ ਹੈ ਉਨ੍ਹਾਂ ਕਿਹਾ ਕਿ ਖਿਡਾਰੀ ਜ਼ਿੰਦਾਦਿਲ ਹੁੰਦੇ ਹਨ ਅਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਬਲਬੀਰ ਸਿੰਘ ਸੀਨੀਅਰ ਵੀ ਜਲਦ ਤੰਦਰੁਸਤ ਹੋ ਕੇ ਪਹਿਲਾਂ ਵਾਂਗ ਸਾਡੇ ਵਿਚਕਾਰ ਵਿਚਰਨਗੇ
ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਹਾਕੀ ਦੇ ਇਸ ਲੀਵਿੰਗ ਲੀਜੈਂਡ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਤਰਫੋਂ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੱਦਦ ਦੀ ਲੋੜ ਹੋਵੇ ਤਾਂ ਪੰਜਾਬ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ ਹਨ ਉਨ੍ਹਾਂ ਕਿਹਾ ਕਿ ਉਹ ਨਿਰੰਤਰ ਉਨ੍ਹਾਂ ਦੇ ਪਰਿਵਾਰ ਨਾਲ ਰਾਬਤਾ ਰੱਖ ਕੇ ਸਿਹਤ ਦਾ ਹਾਲ ਪੁੱਛਦੇ ਰਹਿਣਗੇ
ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡਾ ਸਰਮਾਇਆ ਹਨ ਅਤੇ ਇਨ੍ਹਾਂ ਤੋਂ ਹੀ ਮਾਰਗ ਦਰਸ਼ਨ ਲੈ ਕੇ ਅਸੀਂ ਸੂਬੇ ਵਿੱਚ ਖੇਡਾਂ ਦਾ ਉਸਾਰੂ ਮਾਹੌਲ ਸਿਰਜਣਾ ਹੈ ਇਸ ਮੌਕੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਤੇ ਪੰਜਾਬ ਕਾਂਗਰਸ ਦੇ ਤਰਜ਼ਮਾਨ ਸ੍ਰੀ ਰਿੰਪਲ ਮਿੱਢਾ ਵੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।