ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਦੇਸ਼ ਦੀ ਆਜ਼ਾਦੀ ਲਈ ਗੈਰ ਮੁਲਕੀ ਸਾਮਰਾਜੀ ਤਾਕਤਾਂ ਨੂੰ ਇੱਥੋਂ ਕੱਢਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਅਤੇ ਸ਼ਹੀਦ ਊਧਮ ਸਿੰਘ ਵਰਗੇ ਅਨੇਕਾਂ ਯੋਧਿਆਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ 71ਵੇਂ ਆਜ਼ਾਦੀ ਦਿਵਸ ਦੇ ਅਵਸਰ ‘ਤੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬ ਵਾਸੀਆਂ ਦੇ ਨਾਮ ਦਿੱਤੇ ਆਪਣੇ ਸੰਦੇਸ਼ ਵਿੱਚ ਕੀਤਾ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਉਪਰੰਤ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਪਿਛਲੇ ਸਮੇਂ ਕੁਝ ਅਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋਇਆ ਹੈ ਜਿੱਥੇ ਕਿਸਾਨ ਖੁਦਕਸ਼ੀਆਂ ਦੇ ਰਾਹ ‘ਤੇ ਤੁਰਿਆ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਰਾਹ ਅਖਤਿਆਰ ਕਰ ਰਹੀ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਵੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਇੱਕ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ।
ਆਜਾਦੀ ਸਮਾਗਮ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਭ ਤੋਂ ਪਹਿਲਾਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਿਸ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਸਮਾਗਮ ਮੌਕੇ ਪਰੇਡ ਵਿੱਚ ਪਰੇਡ ਕਮਾਂਡਰ ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਆਈ.ਟੀ.ਬੀ.ਪੀ., ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ, ਐਨ.ਸੀ.ਸੀ. ਆਰਮੀ ਵਿੰਗ, ਏਅਰ ਵਿੰਗ, ਪੁਰਾਣੀ ਪੁਲਿਸ ਲਾਈਨਜ਼ ਸਕੂਲ ਦੀ ਰੈਡ ਕਰਾਸ ਸੇਂਟ ਜੌਨਜ਼ ਐਬੂਲੈਂਸ, ਨਿਊ ਪਾਵਰ ਹਾਊਸ ਸਕੂਲ ਦੀ ਗਰਲਜ਼ ਗਾਈਡ, ਸਕਾਊਟਸ ਤੇ ਪੰਜਾਬ ਪੁਲਿਸ ਦੇ ਫਸਟ ਆਈ.ਆਰ.ਬੀ. ਦੇ ਪਾਈਪ ਬੈਂਡ ਨੇ ਹਿੱਸਾ ਲਿਆ। ਇਸ ਉਪਰੰਤ ਵੱਖ-ਵੱਖ ਵਿਭਾਗਾਂ ਦੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ ਅਤੇ ਸਰਕਾਰੀ ਸਕੂਲਾਂ ਦੀਆਂ ਬੱਚੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
32 ਸਖ਼ਸੀਅਤਾਂ ਸਨਮਾਨਿਤ
ਇਸ ਮੌਕੇ ਸਪੀਕਰ ਵੱਲੋਂ ਆਜ਼ਾਦੀ ਘੁਲਾਟੀਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 32 ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਝਾਕੀ ਬੇਟੀ ਬਚਾਓ ਬੇਟੀ ਪੜ੍ਹਾਓ ਪਹਿਲੇ ਅਤੇ ਮਿਲਕਫੈਡ ਵੇਰਕਾ ਦੀ ਝਾਕੀ ਦੂਜੇ ਸਥਾਨ ‘ਤੇ ਆਈ ਜਦ ਕਿ ਸੀਨੀਅਰ ਡਵੀਜ਼ਨ ਪਰੇਡ ਵਿੱਚ ਆਈ.ਟੀ.ਬੀ.ਪੀ. ਦੀ ਟੁਕੜੀ ਪਹਿਲੇ ਤੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਦੂਸਰੇ ਸਥਾਨ ‘ਤੇ ਆਈ। ਪਰੇਡ ਜੂਨੀਅਰ ਡਵੀਜ਼ਨ ਵਿੱਚ ਐਨ.ਸੀ.ਸੀ. ਏਅਰਵਿੰਗ ਦੀ ਟੁਕੜੀ ਪਹਿਲੇ ਅਤੇ ਐਨ.ਸੀ.ਸੀ. ਆਰਮੀ ਵਿੰਗ ਦੀ ਗਰਲ ਬਟਾਲੀਅਨ ਦੂਜੇ ਸਥਾਨ ‘ਤੇ ਰਹੀ।
ਸਮਾਗਮ ਦੌਰਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ, ਐਮ.ਐਲ.ਏ. ਸਮਾਣਾ ਰਜਿੰਦਰ ਸਿੰਘ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਲੈਫ: ਜਨਰਲ ਐਨ.ਪੀ.ਐਸ. ਹੀਰਾ, ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਕੇ.ਕੇ. ਸ਼ਰਮਾ ਤੇ ਹੋਰ ਕਾਂਗਰਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ
ਸਮਾਣਾ ਤੇ ਰਾਜਪੁਰਾ ‘ਚ ਵੀ ਅਜ਼ਾਦੀ ਦਿਵਸ ਮੌਕੇ ਹੋਏ ਸਮਾਗਮ
ਰਾਜਪੁਰਾ ਤੋਂ ਅਜਯ ਕਮਲ ਅਨੁਸਾਰ: ਸ਼ਹਿਰ ਵਾਸੀਆਂ ਅਤੇ ਅਜ਼ਾਦੀ ਘੁਲਾਟੀਆ ਦੇ ਸਹਿਯੋਗ ਨਾਲ ਰਾਜਪੁਰਾ ਦੇ ਪਟੇਨ ਮੈਮੋਰੀਅਨ ਨੈਸ਼ਨਲ ਕਾਲਜ਼ ਵਿੱਚ ਅਜ਼ਾਦੀ ਦਿਵਸ ਬੜ੍ਹੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਝੰਡਾ ਲਹਿਰਾਉਣ ਦੀ ਰਸਮ ਸੀ੍ਰ ਸੰਜੀਵ ਕੁਮਾਰ ਪੀ.ਸੀ.ਐਸ ਉਪਮੰਡਲ ਮੈਜਿਸਟ੍ਰੇਟ ਵੱਲੋਂ ਨਿਭਾਈ ਗਈ। ਇਸ ਮੌਕੇ ਅਜ਼ਾਦੀ ਘੁਲਾਟੀਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜਪੁਰਾ ਦੇ ਪ੍ਰਸ਼ਾਸ਼ਨ ਅਧਿਕਾਰੀ ਅਤੇ ਜੱਜ ਸਹਿਬਾਨ ਸਹਿਰ ਦੇ ਪੱਤਵੰਤੇ ਸੱਜਣ ਹਾਜ਼ਰ ਸਨ
ਸਮਾਣਾ ਤੋਂ ਸੁਨੀਲ ਚਾਵਲਾ ਅਨੁਸਾਰ: ਦੇਸ਼ ਦੀ ਆਜ਼ਾਦੀ ਦੀ 71ਵੀਂ ਵਰੇਗੰਢ ਸਮਾਣਾ ਵਿਖੇ ਵੱਖ ਵੱਖ ਥਾਂਈ ਬੜੀ ਹੀ ਧੂਮ ਧਾਮ ਨਾਲ ਮਨਾਈ ਗਈ। ਸਬ ਡਵੀਜਨ ਪੱਧਰ ਤੇ ਮੁੱਖ ਸਮਾਗਮ ਸਥਾਨਕ ਪਬਲਿਕ ਕਾਲਜ ਵਿਖੇ ਹੋਇਆ ਜਿੱਥੇ ਤਿਰੰਗਾ ਲਹਿਰਾਉਣ ਦੀ ਰਸਮ ਸ਼ਹਿਰ ਦੇ ਐਸਡੀਐਮ ਮਨਜੀਤ ਸਿੰਘ ਚੀਮਾ ਨੇ ਅਦਾ ਕੀਤੀ। ਨਗਰ ਕੌਂਸਲ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਸ੍ਰੀ ਕਪੂਰ ਚੰਦ ਬਾਂਸਲ ਨੇ ਅਦਾ ਕੀਤੀ,ਇਸੇ ਤਰ੍ਹਾਂ ਗਾਂਧੀ ਗਰਾਉਂਡ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਅਦਾ ਕੀਤੀ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।