ਜਲੰਧਰ ਪੁੱਜੇ ਟਿਕੈਤ, ਕਿਹਾ ਟੋਲ ਦਰ ‘ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ

Rakesh Tikait Sachkahoon

ਕਿਹਾ ਟੋਲ ਦਰ ‘ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ

(ਸੱਚ ਕਹੂੰ ਨਿਊਜ਼), ਜਲੰਧਰ। ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਥਾਨਕ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਰਾਕੇਸ਼ ਟਿਕੈਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿੱਤ ਪ੍ਰਾਪਤੀ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਜਾ ਰਹੇ ਸਨ ਤਾਂ ਜਲੰਧਰ ਪਹੁੰਚਣ ‘ਤੇ ਰਾਕੇਸ਼ ਟਿਕੈਤ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੂੰ ਮਠਿਆਈਆਂ ਤੇ ਬਦਾਮ ਵੰਡੇ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਜਿੱਤ ਸਾਡੇ ਸਭ ਦੀ ਏਕਤਾ ਨਾਲ ਸੰਭਵ ਹੋਈ ਹੈ। ਉਨਾਂ ਕਿਹਾ ਇਸ ਅੰਦੋਲਨ ‘ਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਜੋ ਜੋਸ਼ ਤੇ ਭਾਈਚਾਰਕ ਸਾਂਝ ਲੋਕਾਂ ਨੇ ਵਿਖਾਈ ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਐਕਟ ਨੂੰ ਰੱਦ ਕਰਨ ਦੀ ਜਿੱਤ ਸਿਰਫ਼ ਕਿਸਾਨਾਂ ਦੀ ਨਹੀਂ ਸਗੋਂ ਸਾਰਿਆਂ ਦੀ ਜਿੱਤ ਹੈ।

ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਟੋਲ ਟੈਕਸ ‘ਚ ਵਾਧਾ ਕਰਨ ਦੀ ਕੋਸ਼ਿਸ਼ ਨਾ ਕਰੇ। ਅੰਦੋਲਨ ਕਾਰਨ ਟੋਲ ਪਲਾਜ਼ਾ ਬੰਦ ਹਨ ਅਤੇ ਹੁਣ ਖੁੱਲ੍ਹਣ ‘ਤੇ ਘਾਟੇ ਨੂੰ ਪੂਰਾ ਕਰਨ ਲਈ ਟੋਲ ਟੈਕਸ ‘ਚ ਵਾਧਾ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੰਦੋਲਨ ਅਜੇ ਖਤਮ ਨਹੀਂ ਹੋਇਆ। ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਹੋਣਾ ਬਾਕੀ ਹੈ। ਜੇਕਰ ਟੋਲ ਪਲਾਜ਼ਿਆਂ ਦੇ ਦਰਾਂ ਵਿੱਚ ਚਾਲੀ ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਜੇਕਰ ਟੋਲ ਟੈਕਸ ‘ਚ ਇਹ ਵਾਧਾ ਕੀਤਾ ਜਾਂਦਾ ਹੈ ਤਾਂ ਟੋਲ ਟੈਕਸ ਮੁੜ ਬੰਦ ਕੀਤੇ ਜਾਣਗੇ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਹੁਣ ਤੱਕ ਇੱਕ ਸਾਲ ਤੋਂ ਵੱਧ ਸਮਾਂ ਸਿੰਘੂ ਸਰਹੱਦ ‘ਤੇ ਅੰਦੋਲਨ ‘ਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਭੈਣਾਂ ਅਤੇ ਮਾਵਾਂ ਸਰਦੀ ਦੀ ਧੁੱਪ, ਗਰਮੀ, ਬਰਸਾਤ ਅਤੇ ਆਪਣੇ ਉੱਤੇ ਸਰਕਾਰ ਦੇ ਸਭ ਤੋਂ ਵੱਡੇ ਜ਼ੁਲਮ ਦਾ ਸਾਹਮਣਾ ਕਰ ਕੇ ਸਿਆਣੇ ਹੋ ਗਏ ਹਨ। ਲੋਕਾਂ ਨੇ ਆਪਣੀ ਭਾਸ਼ਾ ਵਿੱਚ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨੀ ਸਿੱਖ ਲਈ ਹੈ। ਜੇਕਰ ਆਉਣ ਵਾਲੇ ਸਮੇਂ ‘ਚ ਸਰਕਾਰਾਂ ਇਸ ਤਰ੍ਹਾਂ ਦੇ ਕੋਈ ਕਦਮ ਚੁਕਦੀ ਹੈ ਤਾਂ ਲੋਕ ਜਵਾਬ ਦੇਣ ਲਈ ਤਿਆਰ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਕਣਕ-ਝੋਨੇ ਦੇ ਰੇਟਾਂ ਵਿੱਚ ਢਾਈ ਫੀਸਦੀ ਵਾਧਾ ਕਰਦੀ ਹੈ, ਉਸੇ ਤਰ੍ਹਾਂ ਟੋਲ ਪਲਾਜ਼ਿਆਂ ਦੇ ਰੇਟ ਵੀ ਵਧਾਉਣੇ ਚਾਹੀਦੇ ਹਨ। ਆਮ ਜਨਤਾ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੇਟ ਹੋਰ ਵਧੇ ਤਾਂ ਸਰਕਾਰ ਅਗਲੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਵੇਂ ਕਣਕ-ਝੋਨੇ ਦੇ ਰੇਟ ਦੋ ਤੋਂ ਢਾਈ ਫੀਸਦੀ ਵਧਦੇ ਹਨ, ਉਸੇ ਤਰ੍ਹਾਂ ਟੋਲ ਪਲਾਜ਼ਿਆਂ ਦੇ ਰੇਟ ਵੀ ਵਧਣੇ ਚਾਹੀਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਨਤਾ ਨਾਲ ਕੋਈ ਧੱਕਾ ਹੋਇਆ ਤਾਂ ਕਿਸਾਨ ਮੋਰਚਾ ਖੜ੍ਹਾ ਹੈ, ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਟੋਲ ਪਲਾਜ਼ਾ ਨੂੰ ਚਲਾਇਆ ਜਾਵੇ ਜਾਂ ਬੰਦ ਕਰਵਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ