ਸਕੂਲ ਦੀ ਬਿਹਤਰੀ ਲਈ ਆਪਣੇ ਹੱਥੀਂ ਕਰਦੇ ਨੇ ਹਰ ਕੰਮ
ਬਠਿੰਡਾ, (ਸੁਖਜੀਤ ਮਾਨ) ਨਾ ਉਹ ਥੱਕਿਆ, ਨਾ ਅੱਕਿਆ ਸਕੂਲ ‘ਚ ਸਫ਼ਾਈ ਨਹੀਂ ਤਾਂ ਇਹ ਨਹੀਂ ਵੇਖਿਆ ਮੈਂ ਤਾਂ ਮਾਸਟਰ ਹਾਂ, ਬੱਸ ਆਪ ਹੀ ਝਾੜੂ ਚੁੱਕਿਆ ਕਿਸੇ ਜਮਾਤ ‘ਚ ਬੈਂਚ ਟੁੱਟਜੇ ਤਾਂ ਮੇਖਾਂ ਵੀ ਆਪ ਹੀ ਲਾਈਆਂ ਸਕੂਲ ਦੀ ਬਿਹਤਰੀ ਲਈ ਗਰਮੀ ਦੀਆਂ ਛੁੱਟੀਆਂ ਵੀ ਉੱਥੇ ਹੀ ਬਿਤਾਈਆਂ ਜੋ ਐਨਾ ਕੁਝ ਆਪਣੇ ਸਕੂਲ ਲਈ ਕਰੇ ਤਾਂ ਉਸ ਲਈ ਸਕੂਲ ਹੀ ਆਪਣਾ ਘਰ ਬਣ ਜਾਂਦਾ ਹੈ ਘਰ ਨੂੰ ਹਰ ਕੋਈ ਸਜਾਉਂਦਾ ਸੰਵਾਰਦਾ ਹੈ ਇਹੋ ਕੁਝ ਕੋਠੇ ਇੰਦਰ ਸਿੰਘ ਵਾਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਸਿੰਘ ਨੇ ਕੀਤਾ ਰਾਜਿੰਦਰ ਸਿੰਘ ਦੀ ਸਕੂਲ ਪ੍ਰਤੀ ਇਸ ਮਿਹਨਤ ਦਾ ਹੀ ਨਤੀਜਾ ਹੈ ਕਿ ਬੀਤੇ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਕੱਲਾ ਰਾਜ ਪੁਰਸਕਾਰ ਹੀ ਨਹੀਂ ਪੂਰੇ ਪੰਜਾਬ ਦੇ ਅਧਿਆਪਕਾਂ ਵਿੱਚੋਂ ਪਹਿਲਾ ਰੈਂਕ ਵੀ ਰਾਜਿੰਦਰ ਸਿੰਘ ਦੇ ਹਿੱਸੇ ਆਇਆ ਹੈ
ਵੇਰਵਿਆਂ ਮੁਤਾਬਿਕ ਅਧਿਆਪਕ ਰਾਜਿੰਦਰ ਸਿੰਘ ਨੂੰ ਰਾਜ ਪੱਧਰੀ ਪੁਰਸਕਾਰ ਮਿਲਣ ਦੀ ਖ਼ਬਰ ਜਿਵੇਂ ਹੀ ਪਿੰਡ ਕੋਠੇ ਇੰਦਰ ਸਿੰਘ ਵਾਲੇ ਦੇ ਵਾਸੀਆਂ ਨੂੰ ਪਤਾ ਲੱਗੀ ਤਾਂ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ ਹਰਮੇਲ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਰਾਜ ਪੁਰਸਕਾਰ ਜਿੱਥੇ ਸਾਡੇ ਪਿੰਡ ਲਈ ਵੱਡੇ ਮਾਣ ਵਾਲੀ ਗੱਲ ਹੈ ਉੱਥੇ ਹੀ ਸਾਨੂੰ ਇਹ ਵੀ ਸਤੁੰਸ਼ਟੀ ਹੈ ਕਿ ਅਧਿਆਪਕ ਰਾਜਿੰਦਰ ਸਿੰਘ ਇਸ ਸਨਮਾਨ ਦਾ ਅਸਲੀ ਹੱਕਦਾਰ ਵੀ ਸੀ ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਨੇ ਪਿੰਡ ਦੇ ਸਕੂਲ ਨੂੰ ਸਮਾਰਟ ਬਣਉਣ ਲਈ ਆਪਣੀਆਂ ਛੁੱਟੀਆਂ ਦੀ ਵੀ ਪ੍ਰਵਾਹ ਕੀਤੇ
ਬਗੈਰ ਦਿਨ ਰਾਤ ਮਿਹਨਤ ਕੀਤੀ ਹੈ। ਕਰੋਨਾ ਮਹਾਂਮਾਰੀ ਕਾਰਨ ਵੈਬੀਨਾਰ ਰਾਹੀਂ ਆਨਲਾਈਨ ਕਰਵਾਏ ਗਏ ਅਧਿਆਪਕ ਸਨਮਾਨ ਸਮਾਗਮ ਮੌਕੇ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ, ਕ੍ਰਿਸਨ ਕੁਮਾਰ ਸਕੱਤਰ ਸਕੂਲ ਸਿੱਖਿਆ, ਮੁਹੰਮਦ ਤਾਇਬ ਡੀ.ਜੀ.ਐਸ.ਈ ਪੰਜਾਬ ਦੇ ਸਾਹਮਣੇ (ਜੋ ਪਟਿਆਲਾ ਤੋਂ ਆਨਲਾਈਨ ਜੁੜੇ ਹੋਏ ਸਨ) ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰ ਟੀਮ ਵੱਲੋਂ ਰਾਜਿੰਦਰ ਸਿੰਘ ਨੂੰ ਇਹ ਰਾਜ ਪੁਰਸਕਾਰ ਸੌਂਪਿਆ ਗਿਆ ਰਾਜਿੰਦਰ ਸਿੰਘ ਬਲਾਕ ਗੋਨਿਆਣਾ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਖੇ ਪਿਛਲੇ 5 ਸਾਲ ਤੋਂ ਸੇਵਾ ਨਿਭਾ ਰਿਹਾ ਹੈ
ਇਸ ਮਿਹਨਤੀ ਅਧਿਆਪਕ ਨੇ ਆਪਣੀ 16 ਸਾਲ ਦੀ ਸੇਵਾ ਦੌਰਾਨ ਚਾਰ ਸਕੂਲਾਂ ਦੀ ਨੁਹਾਰ ਬਦਲੀ ਹੈ ਕੋਠੇ ਇੰਦਰ ਸਿੰਘ ਵਾਲੇ ਦੇ ਖਸਤਾ ਹਾਲ ਸਕੂਲ ਦਾ ਨਕਸ਼ਾ ਵੀ ਸਿਰਫ਼ ਪੰਜ ਸਾਲਾਂ ਵਿੱਚ ਸਮਾਰਟ ਸਕੂਲ ਵਿੱਚ ਤਬਦੀਲ ਕਰ ਦਿੱਤਾ। ਇਸ ਅਧਿਆਪਕ ਦੀਆਂ ਪ੍ਰਾਪਤੀਆਂ ਦੀ ਸੂਚੀ ਇੱਥੇ ਹੀ ਖ਼ਤਮ ਨਹੀਂ ਹੁੰਦੀ, ਰਾਜਿੰਦਰ ਸਿੰਘ ਨੇ ਆਪਣੀ ਹਰ ਛੁੱਟੀ ਵੀ ਇਸ ਸਕੂਲ ਦੇ ਲੇਖੇ ਲਾਉਂਦਿਆਂ ਇਸਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਆਪਣੇ ਹੱਥੀਂ ਬਹੁ ਗਿਣਤੀ ਕੰਮ ਜਿਵੇਂ ਲੱਕੜੀ ਦਾ ਕੰਮ, ਉਸਾਰੀ ਦਾ, ਪੇਟਿੰਗ , ਰੰਗ ਰੋਗਨ, ਇਲੈਕਟ੍ਰੀਸ਼ਨ, ਪਲੰਬਰ ਜਾਂ ਫਿਰ ਮਾਲੀ ਜਾਂ ਸਫਾਈ ਸੇਵਕ ਦਾ ਕੰਮ ਹੋਵੇ ਨੂੰ ਨੇਪਰੇ ਚਾੜਿਆ ਹੈ। ਰਾਜਿੰਦਰ ਸਿੰਘ ਦੇ ਸਕੂਲ ਨੇ ਇਸ ਵਾਰ ਦੇ ਦਾਖਲਿਆਂ ਵਿੱਚ ਵੀ ਨਾ ਸਿਰਫ਼ ਪੂਰੇ ਬਠਿੰਡਾ ਜ਼ਿਲ੍ਹੇ ਸਗੋਂ ਪੰਜਾਬ ਪੱਧਰ ‘ਤੇ ਮੋਹਰੀ ਸਥਾਨ ਹਾਸਲ ਕਰਦਿਆਂ 102 ਫੀਸਦੀ ਦਾਖਲੇ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ।
ਇਸ ਸਕੂਲ ‘ਚ ਬਾਹਰਲੇ ਵੱਡੇ-ਵੱਡੇ 12 ਪਿੰਡਾਂ ਦੇ ਬੱਚੇ ਇਸ ਸਕੂਲ ਨੂੰ ਆਪਣੀ ਪਹਿਲੀ ਪਸੰਦ ਦੇ ਰੂਪ ਵਿੱਚ ਚੁਣ ਚੁੱਕੇ ਹਨ।ਇਸ ਸਕੂਲ ਨੂੰ ਬਠਿੰਡਾ ਦੇ ਪਹਿਲੇ ਅੰਗਰੇਜ਼ੀ ਮਾਧਿਅਮ ਅਤੇ ਫੁੱਲੀ ਸਮਾਰਟ ਸਕੂਲ ਦਾ ਮਾਣ ਵੀ ਹਾਸਿਲ ਹੈ।ਅਧਿਆਪਕ ਰਾਜਿੰਦਰ ਸਿੰਘ ਨੂੰ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਨਮਾਨ ਸਮਾਰੋਹ ਦੌਰਾਨ ਭੁਪਿੰਦਰ ਕੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ), ਇਕਬਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ), ਬਲਜੀਤ ਸਿੰਘ ਸੰਦੋਹਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ), ਸ਼ਿਵਪਾਲ ਗੋਇਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ), ਡਾਈਟ ਪ੍ਰਿੰਸੀਪਲ ਸਤਿੰਦਰਪਾਲ ਸਿੱਧੂ ਅਤੇ ਮੀਡੀਆ ਕੁਆਰਡੀਨੇਟਰ ਬਲਵੀਰ ਸਿੰਘ ਆਦਿ ਹਾਜ਼ਰ ਸਨ
ਪੁਰਸਕਾਰ ਭਾਵੇਂ ਜ਼ਿਲ੍ਹੇ ਨੂੰ ਇੱਕ ਮਿਲਿਆ ਪਰ ਪੰਜਾਬ ‘ਚੋਂ ਪਹਿਲਾ ਸਥਾਨ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਪਣੀ ਵਿਸ਼ੇਸ਼ ਨਿਗਰਾਨੀ ਹੇਠ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਵਿਸ਼ੇਸ਼ ਸਿੱਖਿਆ ਖੇਤਰ ਮਾਹਿਰਾਂ ਦੀ ਗਠਿਤ ਕਮੇਟੀ ਦੀ ਵਿਸੇਸ਼ ਦੇਖ ਰੇਖ ਵਿੱਚ ਪੂਰੇ ਪੰਜਾਬ ਵਿੱਚ ਸਨਮਾਨ ਲਈ ਯੋਗ ਅਧਿਆਪਕਾਂ ਦੀ ਚੋਣ ਕੀਤੀ ਗਈ। ਪੰਜਾਬ ਭਰ ‘ਚੋਂ ਚੁਣੇ ਗਏ 54 ਅਧਿਆਪਕਾਂ ਵਿੱਚ ਭਾਵੇਂ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਇਸ ਵਾਰ ਸਿਰਫ ਇੱਕ ਹੀ ਰਾਜ ਪੁਰਸਕਾਰ ਆਇਆ ਹੈ ਪਰ ਬਠਿੰਡਾ ਜ਼ਿਲ੍ਹੇ ਲਈ ਇਹ ਵੱਡੇ ਮਾਣ ਵਾਲੀ ਗੱਲ ਰਹੀ ਕਿ ਅਧਿਆਪਕ ਰਾਜਿੰਦਰ ਸਿੰਘ ਦੀ ਚੋਣ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ‘ਤੇ ਹੋਈ ਹੈ।
ਰਾਜਿੰਦਰ ਸਿੰਘ ਨਾਲ ਡਿਊਟੀ ਕਰਨਾ ਮਾਣ ਦੀ ਗੱਲ : ਸਕੂਲ ਸਟਾਫ਼
ਕੋਠੇ ਇੰਦਰ ਸਿੰਘ ਵਾਲੇ ਦੇ ਸਕੂਲ ‘ਚੋਂ ਭੁਪਿੰਦਰ ਸਿੰਘ ਐੱਚ ਟੀ, ਰਸਦੀਪ ਸਿੰਘ ਅਤੇ ਜਗਮੇਲ ਸਿੰਘ ਆਦਿ ਨੇ ਆਪਣੇ ਸਹਿਕਰਮੀ ਨੂੰ ਰਾਜ ਪੁਰਸਕਾਰ ਮਿਲਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਰਾਜਿੰਦਰ ਸਿੰਘ ਨਾਲ ਡਿਊਟੀ ਕਰਨਾ ਹੀ ਉਨ੍ਹਾਂ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਅਧਿਆਪਕ ਦੀ ਸਖ਼ਤ ਮਿਹਨਤ ਕਰਕੇ ਹੀ ਇਹ ਸਭ ਸੰਭਵ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.