ਬਠਿੰਡਾ (ਸੁਖਜੀਤ ਮਾਨ)। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕੁੱਝ ਜ਼ਿਲ੍ਹਿਆਂ ’ਚ ਤਿੰਨ ਦਿਨ ਮੀਂਹ ਪੈਣ ਸੰਭਾਵਨਾ ਦੀ ਅਗਾਊਂ ਜਾਣਕਾਰੀ ਦਿੱਤੀ ਗਈ ਸੀ, ਜਿਸ ਤਹਿਤ ਅੱਜ ਬਠਿੰਡਾ ਸ਼ਹਿਰ ਅਤੇ ਨਾਲ ਲੱਗਦੇ ਕੁੱਝ ਇਲਾਕਿਆਂ ’ਚ ਹਲਕਾ ਮੀਂਹ ਪਿਆ। ਪਿਛਲੇ ਕਰੀਬ ਚਾਰ-ਪੰਜ ਦਿਨਾਂ ਤੋਂ ਮੌਸਮ ’ਚ ਠੰਢਕ ਪਰਤੀ ਸੀ ਪਰ ਅੱਜ ਸਵੇਰ ਵੇਲੇ ਤੋਂ ਕਾਫੀ ਗਰਮੀ ਸੀ। ਬਾਅਦ ਦੁਪਹਿਰ ਇੱਕ ਦਮ ਕਾਲੀਆਂ ਘਟਾਵਾਂ ਛਾ ਗਈਆਂ ਤਾਂ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਮੀਂਹ ਦੇ ਚਲਦਿਆਂ ਹਨੇਰਾ ਛਾ ਜਾਣ ਕਰਕੇ ਵਾਹਨ ਚਾਲਕਾਂ ਨੂੰ ਕੁੱਝ ਸਮੇਂ ਲਈ ਆਪਣੇ ਵਾਹਨਾਂ ਦੀਆਂ ਦਿਨ ਵੇਲੇ ਹੀ ਲਾਈਟਾਂ ਚਲਾਉਣੀਆਂ ਪਈਆਂ । (Weather)
ਇਹ ਵੀ ਪੜ੍ਹੋ : ਮੈਨੇਜਰ ਨੇ ਐਨਆਰਆਈ ਦੇ ਬੈਂਕ ਖਾਤੇ ਦਾ ਵੇਚਿਆ ਡਾਟਾ, ਠੱਗਾਂ ਨੇ 57 ਲੱਖ ਉਡਾਏ
ਹਲਕੇ ਜਿਹੇ ਮੀਂਹ ਨਾਲ ਹੀ ਸ਼ਹਿਰ ’ਚ ਕਈ ਥਾਈਂ ਸੜਕਾਂ ’ਤੇ ਪਾਣੀ ਖੜ੍ਹਨ ਨਾਲ ਜਾਮ ਵਰਗੀ ਸਥਿਤੀ ਬਣੀ ਰਹੀ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਜੇਕਰ ਮੀਂਹ ਲਗਾਤਾਰ ਪੈਂਦਾ ਹੈ ਤਾਂ ਸਾਉਣੀ ਦੀਆਂ ਫਸਲਾਂ ਵਾਸਤੇ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇੰਨ੍ਹੀਂ ਦਿਨੀਂ ਨਰਮਾ ਖਿੜਿਆ ਹੋਇਆ ਹੈ, ਜਿਸਦੀ ਚੁਗਾਈ ਦਾ ਕੰਮ ਚੱਲ ਰਿਹਾ ਹੈ ਪਰ ਮੀਂਹ ਨਾਲ ਜਿੱਥੇ ਖਿੜਿਆ ਹੋਇਆ ਨਰਮਾ ਕਾਲਾ ਹੋ ਜਾਵੇਗਾ ਉੱਥੇ ਟੀਂਡਿਆਂ ’ਚ ਪਾਣੀ ਪੈਣ ਨਾਲ ਟੀਂਡੇ ਵੀ ਗਲ ਜਾਣਗੇ। ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਕੁੱਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। (Weather)