ਜੰਡਿਆਲਾ ਗੁਰੂ ਸਟੇਸ਼ਨ ਕੋਲ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ ਅੰਮ੍ਰਿਤਸਰ ਨਾਲ ਸਬੰਧਤ ਰੇਲਾਂ ਹੋ ਰਹੀਆਂ ਪ੍ਰਭਾਵਿਤ
ਫਿਰੋਜ਼ਪੁਰ, (ਸਤਪਾਲ ਥਿੰਦ)। ਖੇਤਾਂ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਜਾਮ ਕੀਤੇ ਗਏ ਰੇਲਵੇ ਟ੍ਰੈਕਾਂ ਤੋਂ Àੁੱਠ ਹੁਣ ਭਾਵੇਂ ਦਿੱਲੀ ਬਾਰਡਰ ‘ਤੇ ਪੱਕਾ ਮੋਰਚੇ ਲਗਾਉਣ ਪਹੁੰਚ ਗਏ ਹਨ ਪਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਸਟੇਸ਼ਨ ਕੋਲ ਸਿਰਫ ਪਸੈਂਜਰ ਗੱਡੀਆਂ ਲਈ ਜਾਮ ਕੀਤੇ ਟ੍ਰੈਕ ‘ਤੋਂ ਉੱਠਣ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ, ਜਿਸ ਕਾਰਨ ਇਸ ਰੂਟ ਰਾਹੀਂ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ।
ਇਸ ਸਬੰਧੀ ਰੇਲਵੇ ਅਧਿਕਾਰੀ ਚੇਤਨ ਤਨੇਜਾ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 16 ਜੋੜੀ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ ਜੋ ਨਾਂਦੇੜ, ਬਾਂਦਰਾ ਟਰਮੀਨਸ, ਜੈਨਗਰ, ਕੋਲਕਾਤਾ, ਨਿਊ ਜਲਪਾਈਗੁੜੀ, ਬਿਲਾਸਪੁਰ, ਨਾਗਪੁਰ, ਦਿਬਰੂਗੜ, ਨਵੀਂ ਦਿੱਲੀ, ਅਜਮੇਰ ਅਤੇ ਦਰਭੰਗਾ ਸਟੇਸ਼ਨਾਂ ਤੱਕ ਚੱਲਣੀਆਂ ਹਨ ਪਰ ਜੰਡਿਆਲਾ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਇਹ ਮੁਸਾਫਰ ਰੇਲ ਗੱਡੀਆਂ ਚਲਾਉਣ ਵਿੱਚ ਰੁਕਾਵਟ ਆ ਰਹੀ ਹੈ।
ਇਸ ਲਈ ਇਸ ਵੇਲੇ ਸਿਰਫ 2 ਮੇਲ ਐਕਸਪ੍ਰੈਸ ਰੇਲ ਗੱਡੀਆਂ ਹੀ ਅੰਮ੍ਰਿਤਸਰ ਤੋਂ ਚਲਾਈਆਂ ਜਾ ਰਹੀਆਂ ਹਨ ਜਦ ਕਿ ਬਾਕੀ 14 ਰੇਲ ਗੱਡੀਆਂ ਵਿੱਚੋਂ ਕੁਝ ਨੂੰ ਪੂਰਨ ਤੌਰ ‘ਤੇ ਰੱਦ ਕੀਤਾ ਗਿਆ ਹੈ ਅਤੇ ਕੁਝ ਰੇਲਾਂ ਦਾ ਅੱਧਾ ਸਫਰ ਰੱਦ ਕਰਦਿਆਂ ਪਿਛਲੇ ਸਟੇਸ਼ਨਾਂ ਤੋਂ ਹੀ ਚਲਾਇਆ ਜਾ ਰਿਹਾ ਹੈ।
ਆਮ ਲੋਕ ਜੋ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ-ਜਾਂਦੇ ਹਨ, ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਟ੍ਰੈਕ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ, ਰੇਲ ਸੇਵਾਵਾਂ ਨੂੰ ਚਲਾਉਣਾ ਸੰਭਵ ਨਹੀਂ ਹੋ ਸਕਦਾ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਟ੍ਰੈਕ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਤਾਂ ਜੋ ਪੰਜਾਬ ਦੇ ਲੋਕਾਂ, ਖਾਸਕਰ ਅੰਮ੍ਰਿਤਸਰ ਖੇਤਰ ਨੂੰ ਚੰਗੀ ਰੇਲ ਸੇਵਾ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਡਵੀਜਨਲ ਰੇਲਵੇ ਮੈਨੇਜਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਰੇਲ ਗੱਡੀਆਂ ਦੇ ਆਉਣ- ਜਾਣ ਅਤੇ ਰੁਕਣ ਦੀ ਸਹੀ ਜਾਣਕਾਰੀ ਭਾਰਤੀ ਰੇਲਵੇ ਦੀ ਵੈੱਬਸਾਈਟ ਤੋਂ ਜ਼ਰੂਰ ਪ੍ਰਾਪਤ ਕਰ ਲੈਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.