ਰਾਘਵ ਚੱਢਾ ਨੇ ਚੋਣ ਕਮਿਸ਼ਨ ਤੇ ਭਾਜਪਾ ’ਤੇ ਲਾਏ ਵੱਡੇ ਇਲਜ਼ਾਮ, ਕੀਤੇ 5 ਸਵਾਲ

raghav chadha

ਰਾਘਵ ਚੱਢਾ ਨੇ ਚੋਣ ਕਮਿਸ਼ਨ ਤੇ ਭਾਜਪਾ ’ਤੇ ਲਾਏ ਵੱਡੇ ਇਲਜ਼ਾਮ, ਕੀਤੇ 5 ਸਵਾਲ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਭਾਰਤੀ ਚੋਣ ਕਮਿਸ਼ਨ ਤੇ ਭਾਰਤੀ ਜਨਤਾ ਪਾਰਟੀ ’ਤੇ ਵੱਡੇ ਇਲਜ਼ਾਮ ਲਾਏ ਹਨ। ਰਾਘਵ ਚੱਢਾ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਕਿਸੇ ਖਾਸ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਆਪਣੀ ਪ੍ਰਕਿਰਿਆ ’ਚ ਰਾਤੋ-ਰਾਤ ਬਦਲਾਅ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾ ਕੇ ਇੱਕ ਲੋਕਤੰਤਰਿਕ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਜਦੋਂਕਿ ਉਸ ਨੇ ਸਪੈਸ਼ਲ ਟ੍ਰੀਟਮੈਂਟ ਦਿੰਦਿਆਂ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ’ਚ ਦੋ ਵੱਡੇ ਬਦਲਾਅ ਕਰ ਦਿੱਤੇ ਹਨ।

ਪਹਿਲੇ ਬਦਲਾਅ ’ਚ ਕਿਸੇ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਹੋਣ ਦੀ ਸਮਾਂ ਹੱਦ 7 ਦਿਨ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ਵੱਲੋਂ ਸਿਆਸੀ ਪਾਰਟੀ ’ਤੇ ਇਤਰਾਜ ਦਾਖਲ ਕਰਨ ਦਾ ਸਮਾਂ ਘਟਾ ਦਿੱਤਾ ਗਿਆ ਹੈ। ਪਹਿਲਾਂ ਇਹ ਸਮਾਂ ਹੱਦ 30 ਦਿਨਾਂ ਦੀ ਹੁੰਦੀ ਸੀ। ਦੂਜਾ ਬਦਲਾਅ ਇਹ ਹੈ ਕਿ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਸਿਆਸੀ ਪਾਰਟੀ ਰਜਿਸਟਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਦੌਰਾਨ ’ਤੇ ਭਾਜਪਾ ’ਤੇ ਵੀ ਵੱਡੇ ਇਲਜਾਮ ਲਾਏ ਕਿ ਕਿਸੇ ਖਾਸ ਸਿਆਸੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਇਹ ਬਦਲਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਅਤੇ ਭਾਰਤੀ ਜਨਤਾ ਪਾਰਟੀ ਤੇ ਸਿੱਧੇ ਤੌਰ ’ਤੇ ਅਮਿਤ ਸ਼ਾਹ ਨੂੰ 5 ਸਵਾਲ ਪੁੱਛਣਾ ਚਾਹੁੰਦੀ ਹੈ।

ਪਹਿਲਾ ਸਵਾਲ ਇਹ ਕਿ ਕਿਸ ਪਾਰਟੀ ਨੂੰ ਰਜਿਸਟਰ ਕਰਵਾ ਕੇ ਅੱਜ ਭਾਜਪਾ ਇਹ ਚਾਹੁੰਦੀ ਹੈ ਕਿ ਉਸ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ। ਉਹ ਕਿਹੜੀ ਸਿਆਸੀ ਪਾਰਟੀ ਹੈ, ਜਿਸ ਲਈ ਇਹ ਸਪੈਸ਼ਲ ਅਰੇਂਜਮੈਂਟ ਕੀਤੇ ਜਾ ਰਹੇ ਹਨ।

ਦੂਜਾ ਵੱਡਾ ਸਵਾਲ ਇਹ ਹੈ ਕਿ ਅਜਿਹੀ ਕੀ ਲੋੜ ਪੈ ਗਈ ਕਿ ਕਾਨੂੰਨ ਨੂੰ ਬਦਲ ਕੇ ਰਾਤੋ-ਰਾਤ ਰਜਿਸਟ੍ਰੇਸ਼ਨ ਦੇ ਨਿਯਮਾਂ ’ਚ ਤਬਦੀਲੀ ਕਰਕੇ ਇੱਕ ਸਪੈਸ਼ਲ ਪਾਰਟੀ ਨੂੰ ਰਜਿਸਟਰ ਕਰਨ ਲਈ ਚੋਣ ਕਮਿਸ਼ਨ ਜੱਦੋ-ਜਹਿਦ ਕਰ ਰਿਹਾ ਹੈ।

ਤੀਜਾ ਸਵਾਲ ਕਿ ਇਸ ਸਿਆਸੀ ਪਾਰਟੀ ਦੇ ਰਜਿਸਟਰ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਵੋਟਾਂ ਦਾ ਨੁਕਸਾਨ ਕਿਹੜੀ ਸਿਆਸੀ ਪਾਰਟੀ ਨੂੰ ਹੋਵੇਗਾ।

ਚੌਥਾ ਸਵਾਲ ਕਿ ਜੇ ਇਹ ਧੜਾ ਜਾਂ ਮੋਰਚਾ ਰਜਿਸਟਰ ਹੁੰਦਾ ਹੈ ਤਾਂ ਕਿਹੜੀ ਸਿਆਸੀ ਪਾਰਟੀ ਨੂੰ ਫਾਇਦਾ ਹੋਵੇਗਾ। ਉਹ ਕਿਹੜੇ ਲੋਕ ਹਨ ਤੇ ਉਨ੍ਹਾਂ ਦੇ ਕੀ ਮਨਸੂਬੇ ਹਨ ਤੇ ਉਹ ਕੌਣ ਹਨ, ਜੋ ਚਾਹੁੰਦੇ ਹਨ ਕਿ ਇਹ ਪਾਰਟੀ ਰਜਿਸਟਰ ਹੋ ਜਾਵੇ ਤੇ ਕਿਸੇ ਪਾਰਟੀ ਦੇ ਵੋਟਾਂ ਨੂੰ ਕੱਟੇ ਅਤੇ ਸਾਨੂੰ ਫਾਇਦਾ ਹੋਵੇ। ਇਸ ਮੋਰਚੇ ਦੇ ਰਜਿਸਟਰ ਹੋਣ ਨਾਲ ਕਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ।

ਪੰਜਵਾਂ ਸਵਾਲ ਜੇ ਇਹ ਸਿਆਸੀ ਪਾਰਟੀ ਰਜਿਸਟਰ ਹੋਵੇਗੀ ਤਾਂ ਦੇਸ਼ ਦੀ ਜਨਤਾ ਉਸ ਸਿਆਸੀ ਪਾਰਟੀ ਤੋਂ ਵੀ ਕਿਉਂ ਨਾ ਸਵਾਲ ਕਰੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਤੇ ਅਮਿਤ ਸ਼ਾਹ ਨਾਲ ਆਪਣੇ ਰਿਸ਼ਤੇ ਜਨਤਕ ਕਰੋ। ਉਨ੍ਹਾਂ ਨੂੰ ਇਹ ਸਵਾਲ ਬਣਦਾ ਹੈ ਕਿ ਤੁਹਾਡਾ ਭਾਜਪਾ ਨਾਲ ਕੋਈ ਰਿਸ਼ਤਾ ਹੈ, ਜੋ ਲੋਕ ਵਿਸ਼ੇਸ਼ ਅਰੇਂਜਮੈਂਟ ਤਹਿਤ ਪਾਰਟੀ ਨੂੰ ਰਜਿਸਟਰ ਕਰਵਾ ਰਹੇ ਹਨ, ਉਸ ਨੂੰ ਵੀ ਸਾਫ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here