ਮਿਹਨਤ ਕਰਕੇ ਇਨਸਾਨ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ : ਕਮਲਦੀਪ ਸ਼ਰਮਾ
(ਰਾਮ ਸਰੂਪ ਪੰਜੋਲ) ਸਨੌਰ। ਹਲਕਾ ਸਨੌਰ ਦੇ ਪਿੰਡ ਮਘਰ ਸਾਹਿਬ ਦੇ ਰਹਿਣ ਵਾਲੇ ਪੁਸ਼ਪ ਨਾਥ ਸ਼ਰਮਾ ਨੇ ਸਖਤ ਮਿਹਨਤ ਕਰ ਟੈਂਪੂ ਚਲਾ ਕੇ ਆਪਣੇ ਪੁੱਤਰ ਕਮਲਦੀਪ ਸ਼ਰਮਾ ਨੂੰ ਉੱਚ ਸਿੱਖਿਆ ਦਿੱਤੀ। ਪੁੱਤਰ ਨੇ ਵੀ ਪਿਤਾ ਦੀ ਹੱਡ-ਤੋੜਵੀਂ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਅਤੇ ਦੇਸ਼ ਦੀ ਨਾਮੀ ਸੰਸਥਾ ਵੱਲੋਂ ਚੁਣੇ ਗਏ ਨਵੇਂ ਵਿਗਿਆਨੀਆਂ ’ਚੋਂ ਪੰਜਾਬ ’ਚੋਂ ਪਹਿਲਾ ਅਤੇ ਦੇਸ਼ ’ਚੋਂ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਮਾਤਾ-ਪਿਤਾ, ਹਲਕਾ ਸਨੌਰ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਮਲਦੀਪ ਸ਼ਰਮਾ ਦੇ ਘਰ ਪਹੁੰਚ ਕੇ ਕੀਤਾ ਸਨਮਾਨਿਤ
ਕਮਲਦੀਪ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਮਲਦੀਪ ਸ਼ਰਮਾ ਦੇ ਘਰ ਪਹੁੰਚ ਕੇ ਉਸ ਦਾ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹ ਇਸ ਇਲਾਕੇ ਦਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਬਣ ਗਿਆ ਹੈ। ਵਿਧਾਇਕ ਚੰਦੂਮਾਜਰਾ ਨੇ ਕਮਲਦੀਪ ਸ਼ਰਮਾ ਦੇ ਨਾਲ-ਨਾਲ ਉਸ ਦੇ ਪਿਤਾ ਪੁਸ਼ਪ ਨਾਥ, ਮਾਤਾ ਸ਼ੁਸੀਲਾ ਦੇਵੀ, ਤਾਇਆ ਪਦਮ ਨਾਥ ਅਤੇ ਭਰਾ ਪੁਨੀਤ ਸ਼ਰਮਾ ਨੂੰ ਵਧਾਈ ਦਿੱਤੀ। ਕਮਲਦੀਪ ਸ਼ਰਮਾ ਨੇ ਦੱਸਿਆ ਕਿ ਉਹ ਬਚਪਨ ’ਚ ਕੁੱਝ ਬਣਨਾ ਚਾਹੁੰਦਾ ਸੀ ਪਰ ਪਿੰਡ ’ਚ ਰਹਿਣ ਕਰ ਕੇ ਪੜ੍ਹਾਈ ’ਚ ਕੁੱਝ ਜਿਆਦਾ ਨਹੀਂ ਚੱਲ ਸਕਿਆ।
ਉਸ ਦੇ 10ਵੀਂ ਜਮਾਤ ਤੱਕ ਸਿਰਫ 35 ਫੀਸਦੀ ਅੰਕ ਹੀ ਆਏ। ਦੇਵੀਗੜ੍ਹ ਕੋਲ ਸਥਿਤ ਪਿੰਡ ਮਘਰ ਸਹਿਬ ਦੀ ਬਜਾਏ ਉਸ ਦੇ ਪਿਤਾ ਪੁਸ਼ਪ ਨਾਥ ਨੇ ਉਸ ਨੂੰ ਨਾਰਾਇਣ ਸਕੂਲ ਸਨੌਰ ’ਚ ਪੜ੍ਹਨ ਲਈ ਭੇਜਿਆ, ਜਿੱਥੇ ਉਸ ਨੇ 70 ਫੀਸਦੀ ਅੰਕ ਹਾਸਲ ਕੀਤੇ। ਫਿਰ ਬੀ. ਟੈੱਕ ਕਰਨ ਤੋਂ ਬਾਅਦ ਉਹ ਦਿੱਲੀ ਚਲਾ ਗਿਆ, ਜਿੱਥੇ ਤਿੰਨ ਸਾਲ ਤੱਕ ਛੋਟੇ ਜਿਹੇ ਕਮਰੇ ’ਚ ਰਹਿ ਕੇ ਉਸ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਆਖਰ ਇਸ ਮੁਕਾਮ ’ਤੇ ਪਹੁੰਚਣ ’ਚ ਸਫਲ ਹੋਇਆ। ਕਮਲਦੀਪ ਸ਼ਰਮਾ ਨੇ ਦੱਸਿਆ ਕਿ ਉਸ ਦੀ ਚੰਡੀਗੜ੍ਹ ਵਿਖੇ ਜਦੋਂ 15 ਵਿਗਿਆਨੀਆਂ ਦੇ 15 ਮੈਂਬਰੀ ਪੈਨਲ ਵੱਲੋਂ ਇੰਟਰਵਿਊ ਲਈ ਗਈ ਤਾਂ ਬਾਕੀ ਉਮੀਦਵਾਰਾਂ ਦੀ ਜਿੱਥੇ ਇੰਟਰਵਿਊ 12 ਤੋਂ 14 ਮਿੰਟ ਹੋਈ ਪਰ ਉਸ ਦੀ ਇੰਟਰਵਿਊ ਦੀ 28 ਮਿੰਟ ਤੱਕ ਹੋਈ। ਅਗਲੇ ਦਿਨ ਜਦੋਂ ਅਖਬਾਰ ’ਚ ਫੋਟੋ ਦੇਖੀ ਤਾਂ ਵਿਸ਼ਵਾਸ਼ ਨਹੀਂ ਹੋਇਆ। ਫਿਰ ਈਸਰੋ ਦੇ ਦਫਤਰ ’ਚ ਫੋਨ ਕਰ ਕੇ ਵਿਸ਼ਵਾਸ ਪੱਕਾ ਕੀਤਾ ।
ਇਸ ਮੌਕੇ ਕਮਲਦੀਪ ਨੇ ਨੌਜਵਾਨ ਵਰਗ ਨੂੰ ਸੰਦੇਸ਼ ਦਿੱਤਾ ਕਿ ਮਿਹਨਤ ਕਰਕੇ ਇਨਸਾਨ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਕਮਲਦੀਪ ਸ਼ਰਮਾ ਦੇ ਪਿਤਾ ਪੁਸ਼ਪ ਨਾਥ ਨੇ ਦੱਸਿਆ ਉਨ੍ਹਾਂ ਨੇ ਆਪਣੇ ਪੁੱਤਰ ਸਿੱਖਿਆ ਦੇਣ ਲਈ ਦਿਨ-ਰਾਤ ਟੈਂਪੂ ਚਲਾਇਆ ਅਤੇ ਆਪਣੀ ਬਣਦੀ ਕੋਸ਼ਿਸ ਕੀਤੀ। ਹੁਣ ਕਮਲਦੀਪ ਸ਼ਰਮਾ ਇੱਕ ਮੁਕਾਮ ’ਤੇ ਪਹੁੰਚ ਗਿਆ ਤਾਂ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਉਹ ਪੂਰੀ ਉਮਰ ਇਸ ਟੈਂਪੂ (ਛੋਟੇ ਹਾਥੀ) ਨੂੰ ਨਹੀਂ ਵੇਚਣਗੇ ਤੇ ਸੰਭਾਲ ਕੇ ਰੱਖਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ