ਸਮਾਜਿਕ ਤੇ ਸਾਹਿਤਕ ਧਿਰਾਂ ਵੱਲੋਂ ਨਿਖੇਧੀ
ਬਠਿੰਡਾ, (ਅਸ਼ੋਕ ਵਰਮਾ) ਕੇਂਦਰ ਸਰਕਾਰ ਦੇ ਰੇਲ ਵਿਭਾਗ ਵੱਲੋਂ ਮੁਸਾਫਰਾਂ ਨੂੰ ਗੱਡੀਆਂ ਦੇ ਆਉਣ ਤੇ ਜਾਣ ਦੀ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਅਨਾਊਂਸਮੈਂਟ ‘ਚ ਹੁਣ ਪੰਜਾਬੀ ਬੋਲੀ ਸੁਣਾਈ ਨਹੀਂ ਦਿੰਦੀ ਰੇਲਵੇ ਦੀ ਇਸ ਕਾਰਵਾਈ ਦਾ ਸਮਾਜਿਕ ਤੇ ਸਾਹਿਤਕ ਧਿਰਾਂ ਨੇ ਸਖਤ ਨੋਟਿਸ ਲੈਂਦਿਆਂ ਇਸ ਦੀ ਨਿਖੇਧੀ ਕੀਤੀ ਹੈ ਰੌਚਕ ਤੱਥ ਹੈ ਕਿ ਰੇਲ ਵਿਭਾਗ ਦੇ ਉੱਚ ਅਧਿਕਾਰੀ ਕਿਸੇ ਵੀ ਕਿਸਮ ਦੀ ਪਾਬੰਦੀ ਤੋਂ ਇਨਕਾਰ ਕਰ ਰਹੇ ਹਨ ਜਦੋਂ ਕਿ ਬਠਿੰਡਾ ਰੇਲਵੇ ਸਟੇਸ਼ਨ ਇਸ ਗੱਲ ਦਾ ਗਵਾਹ ਹੈ।
ਇਸ ਪੱਤਰਕਾਰ ਨੇ ਬਠਿੰਡਾ ਰੇਲਵੇ ਸਟੇਸ਼ਨ ‘ਤੇ ਦੇਖਿਆ ਤਾਂ ਹਿੰਦੀ ਤੇ ਅੰਗਰੇਜੀ ਵਿੱਚ ਹੀ ਮੁਸਾਫਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ ਸਥਾਨਕ ਰੇਲ ਅਧਿਕਾਰੀਆਂ ਨੇ ਇਸ ਮੁੱਦੇ ਨੂੰ ਲੈਕੇ ਕਿਸੇ ਵੀ ਕਿਸਮ ਦੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ ਸਾਹਿਤਕ ਹਸਤੀਆਂ ਦਾ ਪ੍ਰਤੀਕਰਮ ਹੈ ਕਿ ਬੇਸ਼ੱਕ ਕੌਮੀ ਭਾਸ਼ਾ ਹਿੰਦੀ ਅਤੇ ਕੌਮਾਂਤਰੀ ਭਾਸ਼ਾ ਅੰਗਰੇਜੀ ਦੀ ਜਰੂਰਤ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਰੇਲ ਵਿਭਾਗ ਨੇ ਪੰਜਾਬੀ ਭਾਸ਼ਾ ਨੂੰ ਆਪਣੀ ਹੀ ਧਰਤੀ ਤੇ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ : ਧਾਰਮਿਕ ਸਦਭਾਵਨਾ ਕਾਇਮ ਰੱਖੀ ਜਾਵੇ
ਪਤਾ ਲੱਗਿਆ ਹੈ ਕਿ ਸਿਰਫ ਪੰਜਾਬ ਵਿਚ ਹੀ ਪੰਜਾਬੀ ਬੇਗਾਨਿਆਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਕੇ ਆਪਣੀ ਹੋਣੀ ਤੇ ਹੰਝੂ ਵਹਾ ਰਹੀ ਹੈ ਜਦੋਂਕਿ ਦੱਖਣੀ ਸੂਬਿਆਂ ਵਿਚ ਤਾਂ ਉਥੋਂ ਦੀ ਭਾਸ਼ਾ ਨੂੰ ਤਰਜੀਹ ਪ੍ਰਾਪਤ ਹੈ ਰੇਲਵੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਮਲੀਆਮੇਟ ਕਰਨ ਤੇ ਟਿੱਪਣੀ ਕਰਦਿਆਂ ਸੀ ਪੀ ਆਈ ਦੀ ਸੂਬਾ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਸੋਹੀ ਨੇ ਕਿਹਾ ਕਿ ਇਹ ਇੱਕ ਸਾਜਿਸ਼ ਤਹਿਤ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਏਦਾਂ ਉਸ ਵਕਤ ਹੋ ਰਿਹਾ ਹੈ ।
ਜਦੋਂ ਆਪਣੇ ਆਪ ਨੂੰ ਪੰਜਾਬੀਅਤ ਤੇ ਪੰਜਾਬ ਦਾ ਸਭ ਤੋਂ ਵੱਡਾ ਮੁਦਈ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹਨ ਤੇ ਉਨ੍ਹਾਂ ਦੀ ਨੂੰਹ ਕੇਂਦਰ ਵਿਚ ਵਜ਼ੀਰ ਹੈ ਉਨ੍ਹਾਂ ਦੋਸ਼ ਲਾਇਆ ਕਿ ਰੇਲ ਵਿਭਾਗ ਦੇ ਗੈਰ ਪੰਜਾਬੀ ਅਫਸਰਾਂ ਨੇ ਆਰ ਐਸ ਐਸ ਦੇ ਇਸ਼ਾਰੇ ਤੇ ਕੇਂਦਰ ਦੀ ਮਿਲੀਭੁਗਤ ਨਾਲ ਪੰਜਾਬੀ ਭਾਸ਼ਾ ਦਾ ਨਾਸ਼ ਕਰਨ ਦੀ ਵਿਉਂਤਬੰਦੀ ਕੀਤੀ ਹੈ ਜੋ ਮੁਲਕ ਨੂੰ ਮਹਿੰਗੀ ਪੈ ਸਕਦੀ ਹੈ ਸ੍ਰੀ ਸੋਹੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਦਿਵਾਉਣ ਅਤੇ ਭਵਿੱਖ ‘ਚ ਅਜਿਹਾ ਵਾਪਰਨ ਤੋਂ ਰੋਕਣ ਲਈ ਸਾਰੀਆਂ ਹੀ ਧਿਰਾਂ ਨੂੰ ਠੋਸ ਲਹਿਰ ਵਿੱਢਣੀ ਪਵੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਖੇਤਰੀ ਕੇਂਦਰ ਦੇ ਪ੍ਰੋਫੈਸਰ ਡਾ.ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਇਹ ਸਹੂਲਤ ਆਮ ਪੰਜਾਬੀ ਲੋਕਾਂ ਵਾਸਤੇ ਹੈ ਪਰ ਕੇਂਦਰੀ ਰੇਲ ਮਹਿਕਮਾ ਆਮ ਆਦਮੀ ਨਾਲ ਧੱਕਾ ਕਰ ਰਿਹਾ ਹੈ।
ਪੰਜਾਬੀਆਂ ਦੇ ਹਿਰਦੇ ਵਲੂੰਧਰੇ: ਘਣੀਆਂ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਪੰਜਾਬੀ ਤੇ ਪਾਬੰਦੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੇਤੰਨ ਕਰਨ ਲਈ ਬਣੇ ਇਸ ਵਸੀਲੇ ਵਿੱਚੋਂ ਪੰਜਾਬ ਨੂੰ ਮਨਫੀ ਕਰਕੇ ਕੇਂਦਰੀ ਨਿਜਾਮ ਨੇ ਪੰਜਾਬੀਆਂ ਦੇ ਹਿਰਦੇ ਵਲੂੰਧਰ ਦਿੱਤੇ ਹਨ ਉਨ੍ਹਾਂ ਕਿਹਾ ਕਿ ਭਾਸ਼ਾ ਦੇ ਅਧਾਰ ਤੇ ਹੀ ਪੰਜਾਬੀ ਸੂਬਾ ਬਣਿਆ ਸੀ । ਇਸ ਲਈ ਇੱਥੇ ਹਰ ਤਰਾਂ ਦਾ ਸੰਚਾਰ ਮਾਂ ਬੋਲੀ ‘ਚ ਹੋਣਾ ਜਰੂਰੀ ਹੈ ਉਨ੍ਹਾਂ ਦੋਸ਼ ਲਾਏ ਕਿ ਰੇਲਵੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸ਼੍ਰੀ ਘਣੀਆਂ ਨੇ ਕਿਹਾ ਕਿ ਜੇਕਰ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਪੰਜਾਬੀ ਨੂੰ ਨੁੱਕਰੇ ਲਾਉਣ ਦੀ ਪ੍ਰਕਿਰਿਆ ਭਾਂਬੜ ਬਣ ਸਕਦੀ ਹੈ।
ਪੰਜਾਬੀ ਭਾਸ਼ਾ ਤੇ ਪਾਬੰਦੀ ਨਹੀਂ: ਡੀ.ਆਰ.ਐਮ
ਡੀ ਆਰ ਐਮ ਅੰਬਾਲਾ ਦਿਨੇਸ਼ ਕੁਮਾਰ ਦਾ ਕਹਿਣਾ ਸੀ ਕਿ ਰੇਲਵੇ ਸਟੇਸ਼ਨਾਂ ਤੇ ਪੰਜਾਬੀ ਭਾਸ਼ਾ ‘ਚ ਅਨਾਊਂਸਮੈਂਟ ਤੇ ਕੋਈ ਪਾਬੰਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਲੁੜੀਂਦੀ ਕਾਰਵਾਈ ਕੀਤੀ ਜਾਏਗੀ।
ਕੇਂਦਰ ਕੋਲ ਉਠਾਇਆ ਜਾਏਗਾ ਮੁੱਦਾ:ਰੱਖੜਾ
ਪੰਜਾਬ ਦੇ ਭਾਸ਼ਾਵਾਂ ਬਾਰੇ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਸੀ ਕਿ ਰੇਲ ਮਹਿਕਮੇ ਵੱਲੋਂ ਪੰਜਾਬ ਭਾਸ਼ਾ ਨੂੰ ਬੰਦ ਕਰਨ ਦਾ ਮੁੱਦਾ ਕੇਂਦਰ ਕੋਲ ਉਠਾਇਆ ਜਾਏਗਾ ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਗਠਜੋੜ ਪੰਜਾਬੀ ਮਾਂ ਬੋਲੀ ਪ੍ਰਤੀ ਵਚਨਬੱਧ ਹੈ ਤੇ ਕਿਸੇ ਵੀ ਕਿਸਮ ਦੀ ਪਾਬੰਦੀ ਲੱਗਣ ਦਾ ਸਵਾਲ ਹੀ ਨਹੀਂ ਹੈ।