ਮਲਟੀਪਰਪਜ਼ ਸਕੂਲ ’ਚ ਸਥਾਪਤ ਹੋਵੇਗੀ ਪੰਜਾਬ ਦੀ ਪਹਿਲੀ ਆਈਲੈਟਸ ਲੈਬ
(ਖੁਸ਼ਵੀਰ ਸਿੰਘ ਤੂਰ)
ਪਟਿਆਲਾ। ਸ਼ਹਿਰ ਦੀ ਅਹਿਮ ਵਿੱਦਿਅਕ ਸੰਸਥਾ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਸੂਬੇ ਦੀ ਪਹਿਲੀ ਆਈਲੈਟਸ ਲੈਬ ਸਥਾਪਤ ਹੋਵੇਗੀ, ਜਿਸ ਦਾ ਨੀਂਹ ਪੱਥਰ ਮਲਟੀਪਰਪਜ਼ ਸਕੂਲ ਅਲੂਮਨੀ ਦੇ ਪ੍ਰਧਾਨ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕ ਕੁਲਦੀਪ ਸਿੰਘ ਗਰੇਵਾਲ ਅਤੇ ਨੈਸ਼ਨਲ ਐਵਾਰਡੀ ਪਿ੍ਰੰਸੀਪਲ ਤੋਤਾ ਸਿੰਘ ਚਹਿਲ ਨੇ ਰੱਖਿਆ।
ਇਸ ਲੈਬ ਨੂੰ ਸਥਾਪਤ ਕਰਨ ਲਈ ਮਲਟੀਪਰਪਜ਼ ਸਕੂਲ ਅਲੂਮਨੀ ਦੇ ਸਰਗਰਮ ਮੈਂਬਰ ਇੰਜੀ. ਹਰਗੁਰਪ੍ਰੀਤ ਸਿੰਘ ਯੂਐਸਏ ਨੇ ਆਪਣੇ ਪਿਤਾ ਸਵ. ਸੋਹਨ ਸਿੰਘ ਸਾਬਕਾ ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ ਦੀ ਯਾਦ ਵਿੱਚ ਪੰਜ ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਹੈ। ਇਸ ਦੌਰਾਨ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਲੂਮਨੀ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਅਤੇ ਪਿ੍ਰੰਸੀਪਲ ਤੋਤਾ ਸਿੰਘ ਚਹਿਲ ਨੇ ਕਿਹਾ ਕਿ ਅਲੂਮਨੀ ਦੇ ਸਮੂਹ ਮੈਂਬਰਾਂ ਦੇ ਵੱਖ-ਵੱਖ ਵਿਭਾਗਾਂ ਵਿੱਚ ਕੀਤੇ ਕੰਮਾਂ ਦੇ ਤਜਰਬੇ ਦੀ ਵਿਦਿਆਰਥੀਆਂ ਨੂੰ ਅਗਵਾਈ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀ ਵਰਗ ਦੀ ਸੁਚੱਜੀ ਅਗਵਾਈ ਲਈ ਇਸ ਨੇਕ ਕੰਮ ਲਈ ਸਕੂਲ ਨੂੰ ਸਹਿਯੋਗ ਦੇਣ।
ਨੈਸ਼ਨਲ ਐਵਾਰਡੀ ਪਿ੍ਰੰਸੀਪਲ ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਇਸ ਲੈਬ ਨੂੰ ਸਥਾਪਤ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰੋਂ ਅੰਗਰੇਜ਼ੀ ਵਿਸ਼ੇ ਸਬੰਧੀ ਡਰ ਦੂਰ ਕਰਨਾ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੰਚਾਰ ਕਰਨ ਲਈ ਯੋਗ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸਕੂਲ ਚ ਸਿੱਖਿਆ ਹਾਸਲ ਕਰ ਰਹੇ 3600 ਤੋਂ ਵੱਧ ਵਿਦਿਆਰਥੀ ਇਸ ਲੈਬ ਦਾ ਲਾਹਾ ਲੈ ਸਕਣਗੇ। ਇਸ ਲੈਬ ਵਿੱਚ 100 ਦੇ ਕਰੀਬ ਵਿਦਿਆਰਥੀ ਇੱਕ ਹੀ ਸਮੇਂ ਦੌਰਾਨ ਭਾਗ ਲੈ ਸਕਣਗੇ।
ਇਹ ਲੈਬ ਆਧੁਨਿਕ ਤਕਨਾਲੋਜੀ ਨਾਲ ਲੈਸ ਪੰਜਾਬ ਪੱਧਰ ਦੀ ਇੱਕ ਨਿਵੇਕਲੀ ਲੈਬ ਬਣੇਗੀ। ਪਿ੍ਰੰਸੀਪਲ ਚਹਿਲ ਨੇ ਦੱਸਿਆ ਕਿ ਇਸ ਲੈਬ ਦੀ ਸਥਾਪਨਾ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਪਹਿਲਾਂ ਤੋਂ ਹੀ ਸਥਾਪਤ ਅਟਲ ਟਿੰਕਰਿੰਗ ਲੈਬ, ਕਾਮਰਸ ਈ-ਲੈਬ (ਮਲਟੀਪਰਪਜ਼ ਸਮਾਰਟ ਬੈਂਕ), ਈ-ਲਾਇਬ੍ਰੇਰੀ, ਇੰਟੀਗ੍ਰੇਟਿਡ ਕੰਪਿਊਟਰ ਲੈਬ ਸਫਲਤਾ ਪੂਰਵਕ ਚੱਲ ਰਹੀਆਂ ਹਨ, ਜੋ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਕੂਲ ਕੈਂਪਸ ਵਾਈ ਫਾਈ ਸਹੂਲਤ ਨਾਲ ਪੂਰੀ ਤਰ੍ਹਾਂ ਲੈਸ ਹੈ। ਇਸ ਮੌਕੇ ਐਲੂਮਨੀ ਮੈਂਬਰ ਹਰੀ ਸਿੰਘ ਰੰਧਾਵਾ, ਅਵਤਾਰ ਸਿੰਘ ਬੈਂਸ, ਗੁਰਸ਼ਰਨਜੀਤ ਸਿੰਘ, ਡਾ. ਦਵਿੰਦਰ ਕੁਮਾਰ ਸ਼ਰਮਾ, ਸਕੂਲ ਸਟਾਫ ਮੈਂਬਰ ਅੰਗਰਜ਼ੀ ਲੈਕਚਰਾਰ ਸੰਜੇ ਠਾਕੁਰ, ਹਰਿੰਦਰ ਕੌਰ, ਤੇਜਿੰਦਰ ਕੌਸ਼ਿਸ਼, ਬਲਵਿੰਦਰ ਸਿੰਘ ਬੱਲੀ, ਅਮਨਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਾਇਕਲ ’ਤੇ ਸਕੂਲ ਪੁੱਜੇ 91 ਸਾਲਾ ਹਰੀ ਸਿੰਘ ਰੰਧਾਵਾ
ਇਸ ਲੈਬ ਦੇ ਨੀਂਹ ਪੱਥਰ ਸਮਾਗਮ ਵਿੱਚ ਭਾਗ ਲੈਣ ਲਈ ਮਲਟੀਪਰਪਜ਼ ਸਕੂਲ ਐਲੂਮਨੀ ਦੇ 91 ਸਾਲਾ ਐਕਟਿਵ ਮੈਂਬਰ ਹਰੀ ਸਿੰਘ ਰੰਧਾਵਾ ਸਾਇਕਲ ’ਤੇ ਹੀ ਸਕੂਲ ਪੁੱਜ ਗਏ। 91 ਸਾਲਾ ਸੀਨੀਅਰ ਸਿਟੀਜਨ ਰੰਧਾਵਾ ਨੂੰ ਸਾਇਕਲ ਚਲਾਉਂਦੇ ਦੇਖ ਸਟਾਫ ਮੈਂਬਰ ਅਤੇ ਵਿਦਿਆਰਥੀ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਿਤ ਹੋਏ। ਰੰਧਾਵਾ ਦਾ ਇਹ ਦੌਰਾ ਕਾਫੀ ਕੁਝ ਸਿਖਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ