ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ ਉਦਘਾਟਨ
Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵੱਲੋਂ ਡਿਜੀਟਲ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਖੇ ‘ਸਾਈਬਰ ਵੈੱਲਨੈੱਸ ਅਤੇ ਸਕਿਉਰਿਟੀ ਸੈਂਟਰ’ ਸਥਾਪਿਤ ਕੀਤਾ ਗਿਆ ਹੈ। ਰੂਸਾ ਗ੍ਰਾਂਟ ਦੀ ਸਹਾਇਤਾ ਨਾਲ਼ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਤਹਿਤ ਸਥਾਪਿਤ ਇਸ ਕੇਂਦਰ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ।
ਹਿਮਾਚਲ ਦੇ ਮੰਡੀ ਸਥਿਤ ਸਰਦਾਰ ਪਟੇਲ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਲਲਿਤ ਕੁਮਾਰ ਅਵਸਥੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਈਬਰ ਸੁਰੱਖਿਆ ਦੇਸ਼ ਦੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ ਅਤੇ ਵਿਦਿਅਕ ਅਦਾਰਿਆਂ ਨੂੰ ਸਾਈਬਰ-ਸੁਰੱਖਿਅਤ ਨਾਗਰਿਕ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਆਨਲਾਈਨ ਹੋ ਗਈ ਹੈ ਅਤੇ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਸਾਈਬਰ ਸੁਰੱਖਿਆ ਇੱਕ ਵੱਡੀ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੁਦ ਦੇ ਸੁਰੱਖਿਅਤ ਸਿਸਟਮ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਡੇਟਾ ਸੁਰੱਖਿਅਤ ਰਹੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਮੁਹਾਰਤ ਦੀ ਵਰਤੋਂ ਸਮਾਜ ਦੀ ਭਲਾਈ ਲਈ ਕੰਮ ਕਰਨ।
ਇਹ ਵੀ ਪੜ੍ਹੋ: Road Accident: ਨਸ਼ੇੜੀ ਕਾਰ ਚਾਲਕ ਨੇ ਅਖ਼ਬਾਰਾਂ ਵਾਲੀ ਗੱਡੀ ਨੂੰ ਮਾਰੀ ਟੱਕਰ, ਵਾਲ-ਵਾਲ ਬਚੀ ਜਾਨ
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਸਾਈਬਰ ਸੁਰੱਖਿਆ ਜ਼ਰੂਰੀ ਹੈ, ਉੱਥੇ ਹੀ ’ਡਿਜੀਟਲ ਡੀਟੌਕਸ’ ਵੀ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅਸੀਂ ਡਿਜੀਟਲ ਦੁਨੀਆ ਵਿੱਚ ਮਾਨਸਿਕ ਤੌਰ ’ਤੇ ਤੰਦਰੁਸਤ ਰਹਿ ਸਕੀਏ। ਉਪ-ਕੁਲਪਤੀ ਡਾ. ਲਲਿਤ ਕੁਮਾਰ ਅਵਸਥੀ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਇਸ ਕਦਮ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹੋਰ ਅਦਾਰੇ ਵੀ ਇਸ ਦਿਸ਼ਾ ਵੱਲ ਅਹਿਮ ਕਦਮ ਉਠਾਉਣਗੇ। Patiala News
ਕੇਂਦਰ ਦੇ ਨੋਡਲ ਅਫ਼ਸਰ ਡਾ. ਅਭਿਨਵ ਭੰਡਾਰੀ ਨੇ ਦੱਸਿਆ ਕਿ ਇਹ ਕੇਂਦਰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹੋਣ ਵਾਲੇ ਸਾਈਬਰ ਖਤਰਿਆਂ ਜਿਵੇਂ ਕਿ ਡੀਪਫੇਕ, ਡਿਜੀਟਲ ਅਰੈਸਟ ਸਕੈਮ ਅਤੇ ਵਿੱਤੀ ਧੋਖਾਧੜੀ ਆਦਿ ਵਿਰੁੱਧ ਕੰਮ ਕਰੇਗਾ। ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਮੌਕੇ ਬੋਲਦਿਆਂ ਇਸ ਕੇਂਦਰ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪ੍ਰਗਟਾਏ। ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਕੇਂਦਰ ਪੰਜਾਬ ਦਾ ਆਪਣੀ ਕਿਸਮ ਦਾ ਪਹਿਲਾ ਸਾਈਬਰ ਸੁਰੱਖਿਆ ਕੇਂਦਰ ਹੈ।














