ਸਰਕਾਰੀ ਅਤੇ ਗੈਰ ਸਰਕਾਰੀ 22 ਯੂਨੀਵਰਸਿਟੀਆਂ ਨੇ 42 ਮੁਕਾਬਲਿਆਂ ਵਿੱਚ ਹਿੱਸਾ ਲਿਆ : ਲੰਬੀ
ਪੰਜਾਬੀ ਯੂਨੀਵਰਸਿਟੀ ਨੇ ਸਿੱਧ ਕੀਤਾ ਕਿ ਯੂਨੀਵਰਸਿਟੀ ਸਾਹਿਤ ਸੱਭਿਆਚਾਰ ਨੂੰ ਪਰਨਾਈ ਯੂਨੀਵਰਸਿਟੀ ਹੈ : ਡਾ. ਬੀ. ਐਸ. ਘੁੰਮਣ
ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਕਰਵਾਏ ਗਏ ਪੰਜਾਬ ਸਟੇਟ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਰਾਜ ਭਰ ਦੀਆਂ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ (Punjabi University) , ਪਟਿਆਲਾ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਪਛਾੜਦਿਆਂ ਓਵਰ-ਆਲ ਚੈਂਪੀਅਨ ਟ੍ਰਾਫੀ ਹਾਸਿਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗੁਰਸੇਵਕ ਲੰਬੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਯੂਥ ਫੈਸਟੀਵਲ ਵਿਚ ਰਾਜ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ 22 ਯੂਨੀਵਰਸਿਟੀਆਂ ਨੇ 42 ਮੁਕਾਬਲਿਆਂ ਵਿੱਚ ਹਿੱਸਾ ਲਿਆ
ਜਿਸ ਵਿਚ ਪੰਜਾਬੀ ਯੂਨੀਵਰਸਿਟੀ ਨੇ ਭੰਗੜਾ, ਗਰੁੱਪ ਸੌਂਗ ਇੰਡੀਅਨ, ਪਹਿਰਾਵਾ ਪ੍ਰਦਰਸ਼ਨੀ, ਫੋਕ ਆਰਕੈਸਟਰਾ, ਕਵਿਸ਼ਰੀ, ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ), ਫੋਕ ਡਾਂਸ ਲੜਕੇ (ਝੂਮਰ), ਫੁਲਕਾਰੀ, ਕਲਾਸੀਕਲ ਡਾਂਸ, ਗਜ਼ਲ ਵਿਚ ਪਹਿਲਾ ਸਥਾਨ ਲੰਮੀ ਹੇਕ ਵਾਲੇ ਗੀਤ, ਲੋਕ ਗੀਤ, ਸ਼ਬਦ ਗਾਇਣ, ਮੋਨੋ ਐਕਟਿੰਗ (ਇਤਿਹਾਸਕ), ਨਾਲਾ ਬੁਣਨਾ, ਮਾਈਮ, ਕਲੇਅ ਮਾਡਲਿੰਗ, ਭੰਡ, ਕਲਾਸੀਕਲ ਇੰਸਟਰੂਮੈਂਟ (ਨਾਨ-ਪ੍ਰਕਸ਼ਨ) ਵਿਚ ਦੂਜਾ ਸਥਾਨ ਅਤੇ ਗਰੁੱਪ ਸੌਂਗ ਵੈਸਟਰਨ, ਕਾਰਟੂਨਿੰਗ, ਨਾਟਕ, ਸੰਮੀ (ਫੋਕ ਡਾਂਸ ਗਰਲਜ਼), ਪੀੜ੍ਹੀ ਬਣਾਉਣਾ ਵਿਚ ਤੀਜਾ ਸਥਾਨ ਹਾਸਿਲ ਕੀਤਾ। ਡਾਂਸ ਅਤੇ ਸੰਗੀਤ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਨੇ ਓਵਰ-ਆਲ ਟ੍ਰਾਫੀ ਹਾਸਿਲ ਕੀਤੀ
ਜੇਤੂ ਵਿਦਿਆਰਥੀਆਂ ਨੇ ਅੱਜ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨਾਲ ਮੁਲਾਕਾਤ ਕੀਤੀ। ਵਾਈਸ-ਚਾਂਸਲਰ ਨੇ ਇਸ ਮੌਕੇ ‘ਤੇ ਆਪਣੇ ਸ਼ਬਦ ਸਾਂਝੇ ਕਰਦਿਆ ਕਿਹਾ ਕਿ ਸੱਭਿਆਚਾਰ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਨੇ ਰਾਜ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਿੱਧ ਕੀਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਸਾਹਿਤ ਸੱਭਿਆਚਾਰ ਨੂੰ ਪਰਨਾਈ ਯੂਨੀਵਰਸਿਟੀ ਹੈ ਤੇ ਇਸ ਦੇ ਵਿਦਿਆਰਥੀ ਪ੍ਰਤਿਭਾਸ਼ੀਲ ਹਨ।
ਯੂਨੀਵਰਸਿਟੀ ਦਾ ਯੁਵਕ ਭਲਾਈ ਵਿਭਾਗ ਗਤੀਸ਼ੀਲ ਵਿਭਾਗ ਹੈ ਜੋ ਆਪਣਾ ਕਾਰਜ ਬਾਖੂਬੀ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਉੱਚਤਮ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ। ਯੂਨੀਵਰਸਿਟੀ ਦੀ ਜਿੱਤ ਯੂਨੀਵਰਸਿਟੀ ਨਾਲ ਜੁੜੇ ਹਰ ਵਿਦਿਆਰਥੀ ਅਤੇ ਕਾਲਜ ਦੀ ਜਿੱਤ ਹੈ
ਜਿਨ੍ਹਾਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਦਾ ਉਦੇਸ਼ ਪੂਰਾ ਹੁੰਦਾ ਹੈ। ਇਸ ਜਿੱਤ ਲਈ ਸਭ ਵਧਾਈ ਦੇ ਪਾਤਰ ਹਨ। ਇਸ ਮੌਕੇ ਡਾ ਗੁਰਦੀਪ ਸਿੰਘ ਬੱਤਰਾ ਡੀਨ, ਅਕਾਦਮਿਕ ਮਾਮਲੇ ਨੇ ਕਿਹਾ ਕਿ ਅਜਿਹੀਆਂ ਜਿੱਤਾਂ ਸਾਨੂੰ ਹੋਰ ਕਾਰਜਸ਼ੀਲ ਕਰਦੀਆਂ ਹਨ, ਸਾਡੇ ਅੰਦਰ ਨਵੀਂ ਜਗਿਆਸਾ ਭਰਦੀਆਂ ਹਨ। ਇਸ ਮੌਕੇ ਰਜਿਸਟਰਾਰ ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਜਿੱਤ ਨਾਲ ਯੂਨੀਵਰਸਿਟੀ ਦਾ ਨਾਮ ਉੱਚਾ ਹੋਇਆ ਹੈ ਇਸ ਲਈ ਯੁਵਕ ਭਲਾਈ ਵਿਭਾਗ ਵਧਾਈ ਦਾ ਪਾਤਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।