ਕੈਂਸਰ ਸਮੇਤ ਵੱਡੀਆਂ ਬਿਮਾਰੀਆਂ ਦੀਆਂ ਦਵਾਈਆਂ ’ਚ ਮਹੱਤਵ ਰੱਖਦੇ ਹਨ ਅਮੀਨੋ ਐਸਿਡ | Punjabi University
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਗੁਰਦਿਆਂ ਦੀ ਪਥਰੀ, ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਯੂਰੀਆ ਸਰਕਲ ਸਬੰਧੀ ਵਿਕਾਰ ਆਦਿ ਦੇ ਇਲਾਜ ਲਈ ਦਵਾਈਆਂ ਦੇ ਨਿਰਮਾਣ ਵਿੱਚ ਵਰਤੇ ਜਾ ਸਕਣ ਦੀਆਂ ਸੰਭਾਵਨਾਵਾਂ ਰੱਖਣ ਵਾਲੇ ਅਮੀਨੋ ਐਸਿਡਾਂ ਦੀ ਵੱਡੇ ਪੱਧਰ ’ਤੇ ਪੈਦਾਵਾਰ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਇੱਕ ਵਿਸ਼ੇਸ਼ ਪ੍ਰਕਿਰਿਆ ਲੱਭੀ ਗਈ ਹੈ। ਬਾਇਓਟੈਕਨੋਲੋਜੀ ਵਿਭਾਗ ਤੋਂ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਵਿੱਚ ਖੋਜਾਰਥੀ ਅੰਸ਼ੁਲਾ ਸ਼ਰਮਾ ਵੱਲੋਂ ਕੀਤੀ।
ਇਸ ਖੋਜ ਰਾਹੀਂ ਸਾਹਮਣੇ ਆਇਆ ਹੈ ਕਿ ਅਮੀਨੋ ਐਸਿਡਾਂ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ ਲਈ ਰੀਕੌਂਬੀਨੈਂਟ ਲੈਕਟਿਕ ਐਸਿਡ ਬੈਕਟੀਰੀਆ ਸਟਰੇਨ ਵਰਤੇ ਜਾ ਸਕਦੇ ਹਨ। ਅੱਗੇ ਇਨ੍ਹਾਂ ਐਸਿਡਾਂ ਦੀ ਵਰਤੋਂ ਭੋਜਨ ਅਤੇ ਪੀਣ ਵਾਲੇ ਵੱਖ-ਵੱਖ ਕਿਸਮ ਦੇ ਵਿਸ਼ੇਸ਼ ਪਦਾਰਥਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤੀ ਜਾ ਸਕਦੀ ਹੈ। ਖੋਜਾਰਥੀ ਅੰਸ਼ੁਲਾ ਸ਼ਰਮਾ ਨੇ ਦੱਸਿਆ ਕਿ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆਫ਼ਿਸ (ਐੱਫ਼.ਡੀ.ਏ.) ਵੱਲੋਂ ਐੱਲ ਐਲਾਨਿਨ ਨਾਮਕ ਅਮੀਨੋ ਐਸਿਡ ਨੂੰ ਵੱਖ-ਵੱਖ ਮਕਸਦਾਂ ਲਈ ਭੋਜਨ ਵਿੱਚ ਮਿਲਾ ਸਕਣ ਬਾਰੇ ਮਾਨਤਾ ਪ੍ਰਾਪਤ ਹੈ, ਭਾਵ ਇਸ ਨੂੰ ‘ਫ਼ੂਡ ਐਡਿਟਿਵ’ ਵਜੋਂ ਵਰਤਿਆ ਜਾ ਸਕਦਾ ਹੈ।
ਭੋਜਨ ਦੀਆਂ ਵੱਖ-ਵੱਖ ਵਿਸ਼ੇਸ਼ ਕਿਸਮਾਂ ਵਿੱਚ ਇਸ ਦੇ ਰਲ਼ਾਅ ਨਾਲ ਤਿਆਰ ਹੋਏ ਵਿਸ਼ੇਸ਼ ਪਦਾਰਥ ਵੱਖ-ਵੱਖ ਮਕਸਦਾਂ ਲਈ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ। ਮੁੱਖ ਤੌਰ ’ਤੇ ਇਸ ਨੂੰ ਘੱਟ-ਕੈਲਰੀ ਵਾਲੇ ਕੁਦਰਤੀ ਮਿੱਠੇ ਵਜੋਂ ਅਤੇ ਚਰਬੀ (ਫੈਟ) ਦੇ ਬਦਲ ਵਜੋਂ ਵਰਤਿਆ ਜਾਂਦਾ ਹੈ।
ਖੋਜ ਦੇ ਨਤੀਜੇ ਕੌਮਾਂਤਰੀ ਵਿਗਿਆਨ ਰਸਾਲਿਆਂ ’ਚ ਹੋਏ ਪ੍ਰਕਾਸ਼ਿਤ | Punjabi University
ਇਸ ਦੇ ਗੁਣ ਮੋਟਾਪੇ ਨੂੰ ਘਟਾਉਣ ਜਾਂ ਠੀਕ ਕਰਨ ਦੀ ਯੋਗਤਾ ਰੱਖਦੇ ਹਨ ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਯੂਰੀਆ ਸਰਕਲ ਸਬੰਧੀ ਵਿਕਾਰ, ਪ੍ਰੋਸਟੈਟਿਕ ਹਾਇਪਰਪਲਸੀਆ, ਹਾਇਪੋਗਲਾਈਸੀਮੀਆ, ਗੁਰਦੇ ਦੀਆਂ ਪਥਰੀਆਂ ਆਦਿ ਦੇ ਇਲਾਜ ਲਈ ਦਵਾਈਆਂ ਦੇ ਨਿਰਮਾਣ ਵਿੱਚ ਇਸ ਦੀ ਵਿਸ਼ੇਸ਼ ਮਹੱਤਤਾ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਨੂੰ ਵਾਲ਼ਾਂ ਤੇ ਚਮੜੀ ਦੇ ਕੰਡੀਸ਼ਨਿੰਗ ਏਜੰਟ ਵਜੋਂ ਵੀ ਵਰਤਿਆ ਜਾਂਦਾ ਹੈ। ਸ਼ਿੰਗਾਰ ਸਮੱਗਰੀ ਤੇ ਨਿੱਜੀ ਦੇਖਭਾਲ ਦੇ ਵੱਖ-ਵੱਖ ਉਤਪਾਦਾਂ ਲਈ ਵੀ ਇਸ ਦੀ ਵਰਤੋਂ ਹੋ ਸਕਦੀ ਹੈ।
ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਏਨੇ ਜ਼ਿਆਦਾ ਲਾਭਾਂ ਦੀਆਂ ਸੰਭਾਵਨਾਵਾਂ ਵਾਲੇ ਇਨ੍ਹਾਂ ਅਮੀਨੋ ਐਸਿਡਾਂ ਦੇ ਮਾਮਲੇ ’ਚ ਮੁੱਖ ਅੜਚਣ ਇਹ ਹੈ ਕਿ ਮਾਈਕ੍ਰੋਬਾਇਲੀ ਤੌਰ ’ਤੇ ਤਿਆਰ ਐੱਲ ਐਲਾਨਿਨ ਦੀ ਉਪਲੱਬਧਤਾ ਵਿੱਚ ਘਾਟ ਹੈ ਢੱੁਕਵੀਂ ਪ੍ਰਕਿਰਿਆ ਇਜਾਦ ਨਾ ਹੋਣ ਕਾਰਨ ਇਸ ਦੀ ਪੈਦਾਵਾਰ ਸੀਮਤ ਹੈ। ਉਨ੍ਹਾਂ ਦੱਸਿਆ ਕਿ ਤਾਜ਼ਾ ਖੋਜ ਵਿੱਚ ਅਜਿਹੀ ਫਰਮੈਂਟੇਸ਼ਨ ਪ੍ਰਕਿਰਿਆ ਦੀ ਖੋਜ ਕੀਤੀ ਗਈ ਹੈ ਜਿਸ ਨਾਲ਼ ਇਸ ਦਾ ਵੱਡੇ ਪੱਧਰ ’ਤੇ ਉਤਪਾਦਨ ਸੰਭਵ ਹੈ।
ਇਹ ਵੀ ਪੜ੍ਹੋ : ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2122 ਹੋਈ
ਉਨ੍ਹਾਂ ਕਿਹਾ ਕਿ ਜੇ ਸਰਲ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਇਸ ਖੋਜ ਦੌਰਾਨ ਇੱਕ ਵਿਸ਼ੇਸ਼ ਤਰ੍ਹਾਂ ਦਾ ਬੈਕਟੀਰੀਆ ਪੈਦਾ ਕੀਤਾ ਗਿਆ ਹੈ ਜੋ ਅਮੀਨੋ ਐਸਿਡਾਂ ਦੀ ਪੈਦਾਵਾਰ ਨੂੰ ਵਧਾਉਣ ਵਿੱਚ ਕਾਰਗਰ ਸਿੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਰਾਹੀਂ ਪ੍ਰਾਪਤ ਨਤੀਜੇ ਵਿਗਿਆਨਕ ਸਾਹਿਤ ਵਿੱਚ ਪਹਿਲੀ ਵਾਰ ਰਿਪੋਰਟ ਹੋਏ ਹਨ। (Punjabi University)
ਅਧਿਐਨ ਦੇ ਇਹ ਨਤੀਜੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਗਿਆਨ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਬਾਰੇ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਹ ਖੋਜ ਵਿਗਿਆਨ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੁਣਵੱਤਾ ਭਰਪੂਰ ਖੋਜਾਂ ਕੌਮਾਂਤਰੀ ਪੱਧਰ ’ਤੇ ਪੰਜਾਬੀ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕਰਦੀਆਂ ਹਨ।