ਮੁੱਖ ਮੰਤਰੀ ‘ਵਰਸਿਟੀ ਦੇ ਸੰਕਟ ਨੂੰ ਕਰਨਗੇ ਦੂਰ, ਅਗਲੇ ਹਫ਼ਤੇ ਸੱਦੀ ਮੀਟਿੰਗ
ਪੰਜਾਬੀ ਯੂਨੀਵਰਸਿਟੀ ਚਲ ਰਹੀ ਐ 160 ਕਰੋੜ ਰੁਪਏ ਦੇ ਘਾਟੇ ‘ਚ ਤਾਂ ਭਾਸ਼ਾ ਵਿਭਾਗ ਬੰਦ ਹੋਣ ਦੀ ਕਗਾਰ ‘ਤੇ
ਸਟੇਟ ਲਾਈਬ੍ਰੇਰੀ ਦੀ ਹਾਲਤ ਹੋਈ ਖ਼ਸਤਾ, ਕਿਤਾਬਾਂ ਤਾਂ ਦੂਰ ਬਿਲਡਿੰਗ ਨੇੜੇ ਨਹੀਂ ਆਉਂਦੇ ਲੋਕ
ਅਸ਼ਵਨੀ ਚਾਵਲਾ, ਚੰਡੀਗੜ
ਪਿਛਲੇ ਕਈ ਸਾਲਾਂ ਤੋਂ ਘਾਟੇ ਦਾ ਸ਼ਿਕਾਰ ਹੋ ਰਹੀ ਪੰਜਾਬੀ ਯੂਨੀਵਰਸਿਟੀ ਦੀ ਜਲਦ ਹੀ ਲਾਟਰੀ ਲੱਗਣ ਵਾਲੀ ਹੈ ਤਾਂ ਭਾਸ਼ਾ ਵਿਭਾਗ ਨੂੰ ਮੁੜ ਤੋਂ ਖ਼ੁਸ਼ਹਾਲ ਹੋ ਸਕਦਾ ਹੈ, ਜਦੋਂ ਕਿ ਪਟਿਆਲਾ ਵਿਖੇ ਸਥਿਤ ਸਟੇਟ ਲਾਈਬ੍ਰੇਰੀ ‘ਚ ਜਲਦ ਹੀ ਪਹਿਲਾਂ ਵਾਂਗ ਰੌਣਕ ਦਿਸੇਗੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਨਾਂ ਤਿੰਨੇ ਵਿਭਾਗਾਂ ਨੂੰ ਮੁੜ ਤੋਂ ਆਪਣੇ ਪੈਰਾ ‘ਤੇ ਖੜਾ ਕਰਨ ਲਈ ਮੀਟਿੰਗ ਸੱਦ ਲਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ਵਿੱਚ ਪੰਜਾਬ ਦੇ ਤਿੰਨ ਵੱਡੇ ਅਦਾਰੇ ਬਹੁਤ ਹੀ ਜਿਆਦਾ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਹਨ। ਜਿਸ ਵਿੱਚ ਸਭ ਤੋਂ ਜਿਆਦਾ ਅਹਿਮ ਭੂਮਿਕਾ ਪੰਜਾਬੀ ਯੂਨੀਵਰਸਿਟੀ ਦੀ ਹੈ, ਜਿਹੜੀ ਕਿ ਪੰਜਾਬ ਭਰ ਦੇ ਨੌਜਵਾਨਾ ਨੂੰ ਵੱਡੇ ਵੱਡੇ ਕੋਰਸ ਕਰਵਾਉਂਦੇ ਹੋਏ ਉਨਾਂ ਨੂੰ ਪੈਰਾ ‘ਤੇ ਖੜਾ ਕਰ ਰਹੀਂ ਹੈ, ਜਦੋਂ ਕਿ ਪਿਛਲੇ ਕੁਝ ਸਾਲਾਂ ਤੋਂ ਘਾਟਾ ਜਿਆਦਾ ਹੋਣ ਦੇ ਕਰਨ ਪੰਜਾਬੀ ਯੂਨੀਵਰਸਿਟੀ ਖ਼ੁਦ ਬੰਦ ਹੋਣ ਦੇ ਕੰਢੇ ਪੁੱਜ ਗਈ ਹੈ।
ਪੰਜਾਬੀ ਯੂਨੀਵਰਸਿਟੀ ਇਸ ਸਮੇਂ 160 ਕਰੋੜ ਰੁਪਏ ਦੇ ਘਾਟੇ ‘ਚ ਚਲ ਰਹੀਂ ਹੈ ਅਤੇ ਇਸ ਸਮੇਂ ਵੀ ਯੂਨੀਵਰਸਿਟੀ ਨੂੰ ਚਲਾਉਣ ਅਤੇ ਸਿਰ ‘ਤੇ ਚੜੇ ਕਰਜ਼ੇ ਕਾਰਨ ਹਰ ਮਹੀਨੇ ਕਰੋੜਾ ਰੁਪਏ ਵਿਆਜ ਦੇ ਰੂਪ ਵਿੱਚ ਹੀ ਅਦਾਇਗੀ ਵਿੱਚ ਚਲ ਜਾਂਦਾ ਹੈ। ਇਸ ਨਾਲ ਹੀ ਅਮਰਿੰਦਰ ਸਿੰਘ ਦੇ ਬਜ਼ੁਰਗਾ ਵਲੋਂ ਹੀ ਪਟਿਆਲਾ ਵਿਖੇ ਭਾਸ਼ਾ ਵਿਭਾਗ ਸਥਾਪਿਤ ਕੀਤਾ ਗਿਆ ਸੀ, ਜਿਹੜਾ ਕਿ ਹੁਣ ਬੰਦ ਹੋਣ ਦੇ ਕਗਾਰ ‘ਤੇ ਪੁੱਜ ਚੁੱਕਾ ਹੈ। ਇਸ ਵਿਭਾਗ ਵਿੱਚ ਜਿਥੇ ਕਰਮਚਾਰੀਆਂ ਦੀ ਭਾਰੀ ਘਾਟ ਹੈ ਤਾਂ ਸਰਕਾਰੀ ਮਦਦ ਨਾ ਮਿਲਣ ਕਾਰਨ ਭਾਸ਼ਾ ਵਿਭਾਗ ਹੁਣ ਚੱਲਣਾ ਫਿਰਨਾ ਵੀ ਬੰਦ ਕਰ ਗਿਆ ਹੈ। ਭਾਸ਼ਾ ਵਿਭਾਗ ਨੂੰ ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੰਜਾਬੀ ਲੇਖਕਾ ਨੂੰ ਉਤਸ਼ਾਹਿਤ ਕਰਨ ਦਾ ਕੰਮ ਦਿੱਤਾ ਗਿਆ ਸੀ ਪਰ ਵਿਭਾਗ ਨੂੰ ਕੋਈ ਜਿਆਦਾ ਫੰਡ ਨਾ ਮਿਲਣ ਕਰਕੇ ਇਹ ਵਿਭਾਗ ਬੰਦ ਹੋਣ ਦੀ ਕੰਢੇ ਪੁੱਜ ਗਿਆ ਹੈ। ਇਨਾਂ ਤਿੰਨੇ ਵੱਡੇ ਅਦਾਰਿਆਂ ਦੀ ਹੁਣ ਕਿਸਮਤ ਖੁਲ ਗਈ ਹੈ ਕਿਉਂਕਿ ਇਹ ਤਿੰਨੇ ਅਦਾਰੇ ਪਟਿਆਲਾ ਵਿਖੇ ਹੋਣ ਦੇ ਕਾਰਨ ਅਮਰਿੰਦਰ ਸਿੰਘ ਨੂੰ ਹੁਣ ਲਗ ਰਿਹਾ ਹੈ ਕਿ ਉਨਾਂ ਦੀ ਨਾ ਸਿਰਫ਼ ਬਤੌਰ ਮੁੱਖ ਮੰਤਰੀ, ਸਗੋਂ ਬਤੌਰ ਵਿਧਾਇਕ ਵੀ ਇਨਾਂ ਅਦਾਰਿਆਂ ਨੂੰ ਬਚਾਉਣ ਦੀ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ।
ਖਰਚੇ ਜਾਣਗੇ 200 ਕਰੋੜ
ਇਸ ਮੀਟਿੰਗ ਦਾ ਪ੍ਰੋਗਰਾਮ ਬਣਾਉਣ ਅਤੇ ਸਾਰੇ ਅਧਿਕਾਰੀਆਂ ਨੂੰ ਸੱਦਾ ਭੇਜਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਤਾਂਕਿ ਪਹਿਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕੇ। ਇਸ ਮੀਟਿੰਗ ਦੌਰਾਨ ਖਜਾਨਾ ਵਿਭਾਗ ਨੂੰ ਵੀ ਮੌਕੇ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਨਾਂ ਤਿੰਨੇ ਵਿਭਾਗਾਂ ਨੂੰ ਆਪਣੇ ਪੈਰਾ ‘ਤੇ ਮੁੜ ਤੋਂ ਖੜਾ ਕਰਨ ਲਈ ਖਜਾਨਾ ਵਿਭਾਗ ਦਾ ਸਭ ਤੋਂ ਅਹਿਮ ਰੋਲ ਰਹੇਗਾ, ਕਿਉਂਕਿ ਇਸ ਲਈ ਖ਼ਰਚ 200 ਕਰੋੜ ਤੋਂ ਜਿਆਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਸਟੇਟ ਲਾਇਬ੍ਰੇਰੀ ‘ਚ ਲੱਗੇਗੀ ਰੌਣਕ
ਪੰਜਾਬ ਦੀ ਸਟੇਟ ਲਾਈਬ੍ਰੇਰੀ ਪਟਿਆਲਾ ਵਿਖੇ ਹੀ ਸਥਿਤ ਹੈ, ਜਿਹੜੀ ਕਿ ਨਾ ਸਿਰਫ਼ ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਲਾਈਬ੍ਰੇਰੀ ਹੈ, ਸਗੋਂ ਇਹ ਭਾਰਤ ਦੀਆਂ ਮੁੱਖ ਲਾਈਬ੍ਰੇਰੀ ਵਿੱਚੋਂ ਇੱਕ ਵੀ ਹੈ। ਇਸ ਲਾਈਬ੍ਰੇਰੀ ਨੂੰ ਪੰਜਾਬ ਸਰਕਾਰ ਵਲੋਂ 1956 ਵਿੱਚ ਖੋਲ ਤਾਂ ਦਿੱਤਾ ਗਿਆ ਨਾ ਹੀ ਇਸ ਨੂੰ ਚਲਾਉਣ ਵਿੱਚ ਜਿਆਦਾ ਸਹਾਇਤਾ ਕੀਤੀ ਅਤੇ ਨਾ ਹੀ ਪਿਛਲੇ ਕਾਫ਼ੀ ਸਮੇਂ ਤੋਂ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।