Punjabi Story: ਵਿਹੜੇ ’ਚ ਬਹੁਕਰ ਮਾਰਦੀ ਬਿੰਦਰੀ ਦੇ ਅਚਾਨਕ ਕੰਨਾਂ ’ਚ ਨਿਆਣਿਆਂ ਦੀ ਆਵਾਜ਼ ਪਈ,
ਸੁੰਦਰ ਮੁੰਦਰੀਏ, ਹੋ।
ਤੇਰਾ ਕੌਣ ਵਿਚਾਰਾ, ਹੋ।
… ਨਿਆਣੇ ਪੂਰਾ ਜ਼ੋਰ ਲਾ ਸੰਘ ਪਾੜਵੀਂ ਆਵਾਜ਼ ਵਿੱਚ ਲੋਹੜੀ ਦਾ ਗੀਤ ਗਾ ਰਹੇ ਸੀ।
ਹੌਲੀ-ਹੌਲੀ ਇਹ ਆਵਾਜ਼ ਐਨ ਉਸਦੇ ਘਰ ਦੇ ਟੁੱਟੇ ਤਖ਼ਤੇ ਕੋਲ ਆ ਕੇ ਹੋਰ ਉੱਚੀ ਹੋ ਗਈ, ਟੁੱਟੀ ਤੇ ਡਿਗੂੰ-ਡਿਗੂੰ ਕਰਦੀ ਚੁਗਾਠ ਨਾਲ ਖੜ੍ਹੇ ਨਿਆਣੇ ਡਰ ਵੀ ਰਹੇ ਸੀ ਪਰ ਕੁੱਝ ਮਿਲਣ ਦੀ ਆਸ ’ਚ ਹੋਰ ਉੱਚੀ-ਉੱਚੀ ਗਾਈ ਜਾਂਦੇ ਸੀ ਤੇ ਕਦੀ-ਕਦੀ ਘਰ ਅੰਦਰ ਇੱਕ ਆਸ ਨਾਲ ਨਿਗ੍ਹਾ ਵੀ ਮਾਰੀ ਜਾਂਦੇ ਸੀ।
ਬਿੰਦਰੀ ਨਿਆਣਿਆਂ ਨੂੰ ਭੁੱਲ ਕਧੋਲੀ ਦਾ ਆਸਰਾ ਲੈ ਭੁੰਜੇ ਬੈਠ ਗਈ, ਕਿੰਨਾ ਸੋਹਣਾ ਬਚਪਨ ਸੀ, ਤਿੰਨੋਂ ਭੈਣ-ਭਾਈ ਸਾਰੇ ਪਿੰਡ ਵਿਚ ਲੋਹੜੀ ਮੰਗਦੇ ਫਿਰਦੇ, ਕਈ ਵਾਰ ਉਹ ਵੀ ਟੁੱਟੇ-ਤਿੜਕੇ ਡਿਗੂੰ-ਡਿਗੂੰ ਕਰਦੇ ਘਰਾਂ ’ਚ ਜਾਂਦੇ ਸੀ, ਛੋਟਾ ਵੀਰ ਅਕਸਰ ਬੋਲਦਾ, ਇਨ੍ਹਾਂ ਆਪਾ ਨੂੰ ਕੀ ਦੇਣਾ ਇਹ ਤਾਂ ਆਪ ਮੰਗਣ ਗਏ ਹੋਣੇ, ਪਰ ਵੱਡੇ ਵੀਰ ਨੇ ਕਹਿਣਾ, ਓਹ ਤੂੰ ਚੁੱਪ ਕਰ, ਦੇਖੀਂ ਹੁਣੀ ਕੋਈ ਬੇਬੇ ਆਈ ਲੈ ਅੰਦਰੋਂ, ਵੇਖ ਲਈ ਨਾਲੇ ਪਾਥੀਆਂ ਦਊ ਨਾਲੇ ਗੁੜ ਦੀ ਰੋੜੀ, ਤੇ ਸੱਚੀਂ ਉਹੀ ਗੱਲ ਹੋਣੀ, ਵੱਡੇ ਘਰਾਂ ਵਾਲੇ ਤਾਂ ਬਾਹਲੀ ਵਾਰ ਬਾਰ ਹੀ ਨਾ ਖੋਲ੍ਹਦੇ ਜਾਂ ਫੇਰ ਝਿੜਕਾਂ ਦੇ ਕੇ ਅੱਗੇ ਤੋਰ ਦਿੰਦੇ। ਸੋਚਾਂ ’ਚ ਡੁੱਬੀ ਨੇ ਇੱਕ ਲੰਮਾ ਤੇ ਦੁੱਖ ਭਰਿਆ ਹਉਕਾ ਲੈ ਬਾਰ ਵੱਲ ਨਜ਼ਰ ਮਾਰੀ।
ਨਿਆਣੇ ਅਜੇ ਵੀ ਸੰਘ ਦੀਆਂ ਨਾੜਾਂ ਫੁਲਾ-ਫੁਲਾ ਲੋਹੜੀ ਦਾ ਗੀਤ ਗਾ ਰਹੇ ਸੀ। ਬਿੰਦਰੀ ਅੰਦਰ ਵੜੀ ਤੇ ਪੀਪੇ ’ਚ ਜਿੰਨਾ ਕੁ ਆਟਾ ਸੀ, ਤੜਕੇ ਜੋਗਾ ਰੱਖ ਬਾਕੀ ਨਿਆਣਿਆਂ ਨੂੰ ਪਾ ਦਿੱਤਾ ਤੇ ਕਿਹਾ, ਆਹ ਪਾਥੀਆਂ ਵੀ ਚੱਕਲੋ। ਨਿਆਣੇ ਇੱਕ-ਦੂਜੇ ਤੋਂ ਮੂਹਰੇ ਹੋ ਨੱਚਦੇ-ਟੱਪਦੇ ਉੱਚੀ-ਉੱਚੀ ਹੱਸਦੇ ਪਾਥੀਆਂ ਚੁੱਕੀ ਜਾਣ, ਤੇ ਬਿੰਦਰੀ ਇੱਕ ਖੂੰਜੇ ਲੱਗ ਉਨ੍ਹਾਂ ਜਵਾਕਾਂ ਨੂੰ ਦੇਖ ਖੁਸ਼ ਹੋਈ ਦੇਖਦੀ-ਦੇਖਦੀ ਨੂੰ ਝਾਉਲਾ ਪਿਆ ਜਿਵੇਂ ਉਸਦੇ ਨਾਲ ਦਾ ਜੰਮਿਆ ਵੀਰ, ਜੋ ਰੱਬ ਨੂੰ ਪਿਆਰਾ ਹੋ ਗਿਆ ਸੀ, ਉਹ ਆਪ ਆਇਆ ਉਹਦੇ ਘਰ, ਲੋਹੜੀ ਮੰਗਣ ਦੇ ਬਹਾਨੇ ਨਾਲ।
Read Also : ਮਸ਼ਹੂਰ ਰੋਪੜੀਆ ਜਿੰਦਾ
‘‘ਵੇ ਖੜਜੋ ਨਿਆਣਿਓ, ਠੰਢ ਬਾਹਲੀ ਆ, ਆਹ ਥੋੜ੍ਹੇ ਭੁੱਜੇ ਦਾਣੇ ਹਨ ਰਾਹ ’ਚ ਜਾਂਦੇ-ਜਾਂਦੇ ਚੱਬ ਲਿਓ।’’
ਪਤਾ ਨਹੀਂ ਕਿਉ ਅੱਜ ਬਿੰਦਰੀ ਨੂੰ ਉਨ੍ਹਾਂ ਨਿਆਣਿਆਂ ਵਿੱਚੋਂ ਆਪਣਾ ਅਤੀਤ ਨਜ਼ਰ ਆ ਰਿਹਾ ਸੀ। ਵਾਰ-ਵਾਰ ਝਾਉਲਾ ਪੈ ਰਿਹਾ ਸੀ ਵੱਡੇ ਵੀਰ ਦਾ। ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਅੱਖਾਂ ’ਚੋਂ ਵਾਹੋ-ਦਾਹੀ ਡਿੱਗ ਰਹੇ ਅੱਥਰੂ ਖੁਸ਼ੀ ਦੇ ਹਨ ਜਾ ਦੁੱਖ ਦੇ,
ਵਾਜਾ ਬਈ ਵਾਜਾ,
ਇਹ ਘਰ ਰਾਜਾ…।
ਬਾਹਰ ਨਜ਼ਰ ਮਾਰੀ ਤਾਂ ਨਿਆਣੇ ਟਪੂਸੀਆਂ ਮਾਰਦੇ ਉੱਚੀ-ਉੱਚੀ ਹੱਸਦੇ ਘਰਾਂ ਨੂੰ ਜਾ ਰਹੇ ਸੀ। ਕਦੀ-ਕਦੀ ਝਾਉਲਾ ਪੈਂਦਾ ਕਿ ਬਿੰਦਰੀ ਆਪ ਉਨ੍ਹਾਂ ਨਾਲ ਤੁਰੀ ਜਾਂਦੀ ਹੈ। ਹੌਲੀ-ਹੌਲੀ ਆਵਾਜ਼ ਆਉਣੀ ਬੰਦ ਹੋ ਗਈ ਤੇ ਬਿੰਦਰੀ ਦੇ ਅੱਥਰੂ ਵੀ।
ਮਨਪ੍ਰੀਤ ਕੌਰ ਸੰਧੂ, ਮੁੰਬਈ।
ਮੋ. 97691-86791














