ਪੰਜਾਬ ਸਰਕਾਰ ਕਰਵਾਉਣ ਜਾ ਰਹੀ ਐ ਦੋ ਰੋਜ਼ਾ ਯੂਥ ਮੇਲਾ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਸਰਕਾਰ ਦੇ ‘ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ’ ਵੱਲੋਂ ਸੂਬੇ ‘ਚ ਪਹਿਲੀ ਵਾਰ ਨਵੀਂ ਅਤੇ ਵਿਲੱਖਣ ਸੋਚ ਨਾਲ ਜਵਾਨੀ ਵਿੱਚ ਅਨੋਖਾ ਵਿਕਾਸ ਮੁਖੀ ਰੰਗ ਭਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 23 ਤੇ 24 ਦਸੰਬਰ ਨੂੰ ਦੋ ਰੋਜ਼ਾ ‘ਪੰਜਾਬ ਰਾਜ ਯੁਵਕ ਮੇਲਾ-2019’ ਕਰਵਾਇਆ ਜਾਵੇਗਾ। ਇਹ ਜਾਣਕਾਰੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ।
ਪੱਤਰਕਾਰਾਂ ਨੂੰ ਰਾਜ ਪੱਧਰੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਣਾ ਸੋਢੀ ਨੇ ਦੱਸਿਆ ਕਿ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਸਨਮੁਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਵਿਸ਼ੇਸ਼ ਸਮਾਗਮ ਦਾ ਸਿਰਲੇਖ ‘ਨਾਰੀ ਦਾ ਸਨਮਾਨ, ਨਸ਼ਿਆਂ ਦਾ ਤਿਆਗ, ਆਓ ਸਿਰਜੀਏ ਨਵਾਂ ਪੰਜਾਬ’ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਨੌਜਵਾਨਾਂ ਨੂੰ ਦੁਨੀਆਂ ਭਰ ਵਿੱਚ ਹੋ ਰਹੀਆਂ ਸਾਇੰਸ, ਤਕਨਾਲੋਜੀ ਦੀਆਂ ਨਵੀਨਤਮ ਖੋਜਾਂ ਤੋਂ ਜਾਣੂ ਕਰਵਾਉਣ ਲਈ ਸਾਇੰਸ ਤਕਨਾਲੋਜੀ ਦੀਆਂ ਨਵੀਂਆਂ ਕਾਢਾਂ ‘ਤੇ ਅਧਾਰਿਤ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਥੇ ਇਸ ਖੇਤਰ ਵਿੱਚ ਹੋ ਰਹੀਆਂ ਉਪਲਬਧੀਆਂ ਸਬੰਧੀ ਪ੍ਰੋਜੈਕਟ ਦਰਸਾਏ ਜਾਣਗੇ।
ਕਈ ਤਰ੍ਹਾਂ ਦੀਆਂ ਲੱਗਣਗੀਆਂ ਪ੍ਰਦਰਸ਼ਨੀਆਂ
ਇਸੇ ਖੇਤਰ ਸਬੰਧੀ ਹੋਰ ਜਾਗਰੂਕਤਾ ਲਈ ਉਚ ਕੋਟੀ ਦੇ ਵਿਗਿਆਨੀ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਸਮਾਗਮ ਦੌਰਾਨ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚੋਂ ਵੱਡੀ ਗਿਣਤੀ ਨੌਜਵਾਨ ਲੜਕੇ-ਲੜਕੀਆਂ ਹਿੱਸਾ ਲੈਣਗੇ ਅਤੇ ਆਪਣੇ ਅਮੀਰ ਸੱਭਿਆਚਾਰ ਦੀਆਂ ਵੰਨ-ਸੁਵੰਨੀਆਂ ਪੇਸ਼ਕਾਰੀਆਂ ਦੇਣਗੇ, ਜਿਸ ਦਾ ਉਦਘਾਟਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ 23 ਦਸੰਬਰ 2019 ਨੂੰ ਕਰਨਗੇ ਅਤੇ ਪੰਜਾਬੀ ਨੌਜਵਾਨਾਂ ਨੂੰ ਨਵੀਂ ਸੇਧ ਅਤੇ ਨਵੇਂ ਪੰਜਾਬ ਦੀ ਸਿਰਜਣਾ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ। 24 ਦਸੰਬਰ ਨੂੰ ਸਮਾਪਤੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ੍ਰੀ ਸੰਜੇ ਕੁਮਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸ. ਸਤਨਾਮ ਸਿੰਘ ਸੰਧੂ , ਯੂਥ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਸੰਜੇ ਪੋਪਲੀ ਆਈਏ ਐੱਸ, ਰਸ਼ਪਾਲ ਸਿੰਘ ਧਾਲੀਵਾਲ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਪ੍ਰਧਾਨ, ਸੁਖਵਿੰਦਰ ਸਿੰਘ ਬਿੰਦਰਾ ਯੂਥ ਸੇਵਾਵਾਂ ਵਿਭਾਗ ਦੇ ਚੇਅਰਮੈਨ, ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਨਿਵੇਕਲਾ ਉਪਰਾਲਾ
ਖੇਡਾਂ, ਸਿਵਲ ਸੇਵਾਵਾਂ, ਵਿਗਿਆਨ, ਤਕਨਾਲੋਜੀ, ਸੁਰੱਖਿਆ ਦਸਤਿਆਂ, ਖੇਤੀਬਾੜੀ ਅਤੇ ਵਪਾਰ, ਸੱਭਿਆਚਾਰ, ਸਾਹਿਤਕ, ਸਿਨੇਮਾ, ਸੰਗੀਤ, ਮੀਡੀਆ ਆਦਿ ਖੇਤਰਾਂ ਵਿੱਚ ਜਿਹੜੇ ਮਾਣ ਮੱਤੇ ਪੰਜਾਬੀ ਨੌਜਵਾਨਾਂ ਨੇ ਵੱਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ, ਨੂੰ ਸ਼ਾਬਾਸ਼ੀ ਦੇਣ ਲਈ ‘ਪੰਜਾਬ ਯੂਥ ਅਚੀਵਰਜ਼’ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਹਾਸਿਲ ਕਰ ਕੇ ਰੋਲ ਮਾਡਲ ਬਣਕੇ ਉਭਰੇ ਨੌਜਵਾਨਾਂ ਨੂੰ ‘ਪੰਜਾਬ ਯੂਥ ਆਈਕਨ’ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਮਾਗਮ ਮੌਕੇ ‘ਕਰੀਅਰ ਸਮਿਟ’ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਵਿਸ਼ੇਸ਼ ਗੋਸ਼ਟੀ ਦੌਰਾਨ ਡਿਫ਼ੈਂਸ, ਸਿਵਲ ਸਰਵਿਸਿਜ਼, ਉਦਯੋਗੀ ਮਾਹਿਰ, ਅੰਬੈਂਸੀਆਂ ਦੇ ਅਧਿਕਾਰੀ ਅਤੇ ਹੋਰ ਵੱਖ-ਵੱਖ ਖੇਤਰਾਂ ਦੇ ਮਾਹਿਰ ਨੌਜਵਾਨਾਂ ਦੇ ਰੂਬਰੂ ਹੋ ਕੇ ਖੇਤਰ ‘ਚ ਰੁਜ਼ਗਾਰ ਪ੍ਰਾਪਤੀ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਬਾਰਵੀਂ ਦੀ ਸਿੱਖਿਆ ਤੋਂ ਬਾਅਦ ਸਹੀ ਮਾਰਗ ਚੁਣਨ ਸਬੰਧੀ ਜਾਣੂੰ ਕਰਵਾਉਣਗੇ।
- ਸੂਬਾ ਸਰਕਾਰ ਵੱਲੋਂ ‘ਪੰਜਾਬ ਯੂਥ ਆਈਕਨ’ ਅਤੇ ‘ਪੰਜਾਬ ਯੂਥ ਅਚੀਵਰ’ ਸਟੇਟ ਪੁਰਸਕਾਰ ਦੇਣ ਦਾ ਐਲਾਨ
- ਪੰਜਾਬ ਦੇ ਹਰ ਪਿੰਡ ਅਤੇ ਕਸਬੇ ਤੋਂ ਯੂਥ ਕਲੱਬਾਂ ਦੇ 15000 ਤੋਂ ਵੱਧ ਨੌਜਵਾਨ ਕਰਨਗੇ ਸ਼ਮੂਲੀਅਤ
- ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਸਮਾਗਮ ਸਬੰਧੀ ਪੋਸਟਰ ਕੀਤਾ ਜਾਰੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।