ਲੋਕ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਪੇਸ਼ ਹੋਏਗਾ ਪੰਜਾਬ ਸਰਕਾਰ ਦਾ ਬਜਟ
ਚੰਡੀਗੜ੍ਹ । ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਫਿਲਹਾਲ ਇਸ ਸਾਲ 2019-20 ਦਾ ਬਜਟ ਪੇਸ਼ ਨਹੀਂ ਕਰੇਗੀ। ਫਰਵਰੀ ਦੇ ਦੂਜੇ ਹਫ਼ਤੇ ਵਿੱਚ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਸਿਰਫ਼ 4 ਮਹੀਨੇ ਲਈ ਵੋਟ ਆਨ ਅਕਾਊਂਟ ਹੀ ਪਾਸ ਕਰਵਾਇਆ ਜਾਏਗਾ, ਜਿਹੜਾ ਕਿ ਅਪਰੈਲ ਤੋਂ ਲੈ ਕੇ ਜੁਲਾਈ ਤੱਕ ਦਾ ਹੋਏਗਾ। ਵਿਧਾਨ ਸਭਾ ਦਾ ਸੈਸ਼ਨ ਵੀ ਸਿਰਫ਼ 2-3 ਦਿਨ ਹੀ ਸੱਦਿਆ ਜਾਏਗਾ, ਜਿਸ ਵਿੱਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਦਾ ਭਾਸ਼ਣ ਤਾਂ ਜਰੂਰ ਹੋਏਗਾ ਪਰ ਭਾਸ਼ਣ ‘ਤੇ ਬਹਿਸ ਜੁਲਾਈ ਮਹੀਨੇ ਵਿੱਚ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਹੀ ਕੀਤੀ ਜਾਏਗੀ। ਇਸ ਸਬੰਧੀ ਆਖ਼ਰੀ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਹੀ ਲਿਆ ਜਾਏਗਾ ਜਿੱਥੇ ਕਿ ਖਜਾਨਾ ਮੰਤਰੀ ਇਹ ਮਤਾ ਪੇਸ਼ ਕਰ ਸਕਦੇ ਹਨ। ਪੰਜਾਬ ਸਰਕਾਰ ਲੋਕ ਸਭਾ ਦੀਆਂ ਆਮ ਚੋਣਾਂ ਤੱਕ ਆਪਣਾ ਬਜਟ ਪੇਸ਼ ਨਹੀਂ ਕਰਨਾ ਚਾਹੁੰਦੀ , ਕਿਉਂਕਿ ਕਾਂਗਰਸ ਸਰਕਾਰ ਨੂੰ ਆਸ ਹੈ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆ ਸਕਦੀ ਹੈ ਅਤੇ ਕੇਂਦਰੀ ਬਜਟ ਤੋਂ ਬਾਅਦ ਹੀ ਉਹ ਆਪਣਾ ਬਜਟ ਪੇਸ਼ ਕਰਨ। ਇਸ ਲਈ ਪੰਜਾਬ ਸਰਕਾਰ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਸਿਰਫ਼ 4 ਮਹੀਨੇ ਸਰਕਾਰੀ ਖ਼ਰਚੇ ਚਲਾਉਣ ਲਈ ਵੋਟ ਆਨ ਅਕਾਊਂਟ ਹੀ ਲੈ ਕੇ ਆਉਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਖਜਾਨਾ ਮੰਤਰੀ ਦੇ ਨਾਲ ਅਮਰਿੰਦਰ ਸਿੰਘ ਵੀ ਸਹਿਮਤ ਹਨ ਪਰ ਕੈਬਨਿਟ ਦੇ ਬਾਕੀ ਮੰਤਰੀਆਂ ਦੀ ਸਹਿਮਤੀ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਈ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।