ਸ੍ਰੀ ਗੁਰੂ ਰਵਿਦਾਸ ਜੀ ’ਤੇ ਕਥਿਤ ਟਿੱਪਣੀ ਮਾਮਲੇ ’ਚ ਪੰਜਾਬ ਪੁਲਿਸ ਨੇ ਹਾਈਕੋਰਟ ’ਚ ਦਾਖ਼ਲ ਕੀਤਾ ਜਵਾਬ | Dera Spokesperson
- ਅਗਲੀ ਸੁਣਵਾਈ 14 ਜੁਲਾਈ ਨੂੰ
ਚੰਡੀਗੜ੍ਹ। ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਸ੍ਰੀ ਗੁਰੂ ਰਵਿਦਾਸ ਜੀ ਅਤੇ ਕਬੀਰ ਦਾਸ ਜੀ ’ਤੇ ਕਥਿਤ ਤੌਰ ’ਤੇ ਗਲਤ ਟਿੱਪਣੀ ਕੀਤੇ ਜਾਣ ਦੇ ਮਾਮਲੇ ’ਚ ਸੁਣਵਾਈ ਹੋਈ। ਜਿਸ ’ਚ ਪੰਜਾਬ ਪੁਲਿਸ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਇੰਸਾਂ (Dera Spokesperson) ਨੇ ਦੱਸਿਆ ਕਿ ਪੰਜਾਬ ਪੁਲਿਸ ਦੁਆਰਾ ਦਾਖਲ ਜਵਾਬ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਪੂਜਨੀਕ ਗੁਰੂ ਜੀ ਦੇ ਖਿਲਾਫ਼ ਨਹੀਂ ਹੈ।
ਜਦੋਂਕਿ ਪੰਜਾਬ ਪੁਲਿਸ ਨੇ ਸਿਰਫ਼ ਐਨੀ ਗੱਲ ਆਪਣੇ ਜਵਾਬ ’ਚ ਕਹੀ ਹੈ ਕਿ ਅਜੇ ਜਾਂਚ ਜਾਰੀ ਹੈ। ਹੁਣ ਇਸ ਕੇਸ ’ਚ ਅਦਾਲਤ ਦੁਆਰਾ ਫਾਈਨਲ ਬਹਿਸ ਲਈ 14 ਜੁਲਾਈ ਤਰੀਕ ਤੈਅ ਕੀਤੀ ਗਈ ਹੈ। ਉੱਥੇ ਹੀ ਬੁਲਾਰੇ ਨੇ ਦੱਸਿਆ ਕਿ ਇਸੇ ਸਾਲ ਮਾਰਚ ਮਹੀਨੇ ’ਚ ਪੂਜਨੀਕ ਗੁਰੂ ਜੀ ਦੇ ਸਾਲ 2016 ਦੇ ਇੱਕ ਸਤਿਸੰਗ ਦੀ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ’ਤੇ ਪਾਇਆ ਗਿਆ ਅਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕੀਤਾ ਸੀ।
ਬੁਲਾਰੇ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਸਾਰੇ ਗੁਰੂਆਂ, ਪੀਰ-ਪੈਗੰਬਰਾਂ, ਸੰਤ-ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਹੈ ਅਤੇ ਉਹ ਤਹਿਦਿਲੋਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਝੂਠੀ ਐੱਫ਼ਆਈਆਰ ਹੈ।