ਹਲਫਨਾਮਾ ਭਰ ਕੇ ਜਮ੍ਹਾਂ ਕਰਵਾਏ ਜਾ ਸਕਣਗੇ ਕਾਗਜ਼ | Panchayat Election
Panchayat Election: ਬਠਿੰਡਾ (ਸੁਖਜੀਤ ਮਾਨ)। ਪੰਚਾਇਤੀ ਚੋਣਾਂ ’ਚ ਪੰਚ ਜਾਂ ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਨੂੰ ‘ਨੋ ਡਿਊ’ ਸਰਟੀਫਿਕੇਟ ਸਮੇਂ ਸਿਰ ਨਾ ਮਿਲਣ ਦਾ ਡਰ ਸਤਾ ਰਿਹਾ ਸੀ। ਕਾਗਜ਼ੀ ਕਾਰਵਾਈ ਮੁਕੰਮਲ ਨਾ ਹੋਣ ਦੇ ਡਰੋਂ ਕਈ ਉਮੀਦਵਾਰ ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਹੀ ਇਸ ਕੰਮ ’ਚ ਡਟੇ ਹੋਏ ਹਨ। ਉਮੀਦਵਾਰਾਂ ਲਈ ਹੁਣ ਰਾਹਤ ਦੀ ਖ਼ਬਰ ਇਹ ਹੈ ਕਿ ਰਾਜ ਚੋਣ ਕਮਿਸ਼ਨਰ ਨੇ ਕਿਸੇ ਕਾਰਨ ਨੋ ਡਿਊ ਸਰਟੀਫਿਕੇਟ ਨਾ ਮਿਲ ਸਕਣ ’ਤੇ ਉਮੀਦਵਾਰਾਂ ਨੂੰ ਆਪਣੇ ਕਾਗਜ਼ਾਂ ਨਾਲ ਹਲਫਨਾਮਾ ਲਾ ਕੇ ਕਾਗਜ਼ ਦਾਖਲ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ । ਕਾਗਜ਼ੀ ਚੱਕਰਾਂ ’ਚ ਉਲਝੇ ਉਮੀਦਵਾਰਾਂ ਲਈ ਇਹ ਕਾਫੀ ਰਾਹਤ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਰਾਜ ਚੋਣ ਕਮਿਸ਼ਨਰ ਵੱਲੋਂ ਜਾਰੀ ਪੱਤਰ ਬਾਰੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜੇਕਰ ਕਿਸੇ ਉਮੀਦਵਾਰ ਨੂੰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਾਮਜ਼ਦਗੀ ਪੱਤਰ ਦੇ ਨਾਲ ਲਾਉਣ ਲਈ ਕਿਸੇ ਵੀ ਕਿਸਮ ਦੇ ਟੈਕਸ ਦੇ ਏਰੀਅਰ ਦੇ ਬਕਾਏ ਜਾਂ ਕਿਸੇ ਵੀ ਕਿਸਮ ਦੇ ਹੋਰ ਬਕਾਏ ਬਾਬਤ ਨੋ ਡਿਊ ਸਰਟੀਫਿਕੇਟ (ਐਨ.ਡੀ.ਸੀ.) ਸਬੰਧਤ ਅਥਾਰਟੀ ਵੱਲੋਂ ਜਾਰੀ ਨਹੀਂ ਹੁੰਦਾ ਜਾਂ ਕਿਸੇ ਵੀ ਅਥਾਰਟੀ ਦੀ ਕਿਸੇ ਵੀ ਕਿਸਮ ਦੀ ਜਾਇਦਾਦ ’ਤੇ ਕਬਜ਼ੇ ਸਬੰਧੀ ਨੋ ਅਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ) ਜਾਰੀ ਨਹੀਂ ਹੁੰਦਾ ਤਾਂ ਸਬੰਧਤ ਉਮੀਦਵਾਰ ਆਪਣੇ ਵੱਲੋਂ ਇੱਕ ਹਲਫਨਾਮਾ ਨਾਮਜ਼ਦਗੀ ਪੱਤਰ ਦੇ ਨਾਲ ਲਾ ਕੇ ਕਾਗਜ਼ ਦਾਖਲ ਕਰ ਸਕਦਾ ਹੈ। Panchayat Election
Read Also : Punjab News: ਪੰਜਾਬ ’ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਵਾਪਰਿਆ ਭਾਣਾ
ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰ ਇਹ ਹਲਫਨਾਮਾ ਦੇਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਬਾਬਤ ਉਸ ਵੱਲ ਕਿਸੇ ਵੀ ਕਿਸਮ ਦੇ ਟੈਕਸਾਂ ਦੇ ਏਰੀਅਰ ਦਾ ਬਕਾਇਆ ਜਾਂ ਕੋਈ ਹੋਰ ਬਕਾਇਆ ਨਹੀਂ ਖੜ੍ਹਾ ਹੈ। ਨਾ ਹੀ ਕਿਸੇ ਅਥਾਰਟੀ ਦੀ ਜਾਇਦਾਦ ਉੱਤੇ ਉਸ ਵੱਲੋਂ ਕੋਈ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। Panchayat Election
ਹਲਫਨਾਮੇ ਵਾਲੇ ਕਾਗਜ਼ਾਂ ਦੀ ਆਰਓ ਲੈਣਗੇ ਰਿਪੋਰਟ | Panchayat Election
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ (ਆਰ.ਓ.) ਵੱਲੋਂ ਅਜਿਹੇ ਨਾਮਜ਼ਦਗੀ ਪੱਤਰ ਸਬੰਧਿਤ ਅਥਾਰਟੀਆਂ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਰਿਪੋਰਟ ਦੇਣ ਦੀ ਹਦਾਇਤ ਦੇ ਨਾਲ ਭੇਜੇ ਜਾਣਗੇ। ਜੇਕਰ 24 ਘੰਟਿਆਂ ਦੇ ਵਿੱਚ ਸਬੰਧਿਤ ਅਥਾਰਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਮੰਨ ਲਿਆ ਜਾਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਸਬੰਧੀ ਉਮੀਦਵਾਰ ਕਿਸੇ ਵੀ ਕਿਸਮ ਦਾ ਡਿਫਾਲਟਰ ਨਹੀਂ ਹੈ ਅਤੇ ਨਾ ਹੀ ਉਸ ਨੇ ਅਣ ਅਧਿਕਾਰਤ ਤੌਰ ’ਤੇ ਕੋਈ ਕਬਜ਼ਾ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਯਕੀਨੀ ਬਣਾਉਣ।