Punjab Panchayat Election: ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਹੀ ਪਿੰਡ ’ਚ ਚੁਣਿਆ ਜਾ ਰਿਹੈ ਸਰਬਸੰਮਤੀ ਨਾਲ ਸਰਪੰਚ
Punjab Panchayat Election: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਪੰਚੀ ਚੋਣਾਂ ਸਬੰਧੀ ਪਿੰਡਾਂ ਦੀ ਰਾਜਨੀਤੀ ਪੂਰੇ ਸਿਖਰ ’ਤੇ ਹੈ ਤੇ ਕਈ ਪਿੰਡਾਂ ਅੰਦਰ ਆਪਸੀ ਖਹਿਬਾਜੀ ਕਾਰਨ ਮਹੌਲ ਤਲਖੀ ਭਰਿਆ ਬਣਿਆ ਹੋਇਆ ਹੈ। ਇੱਧਰ ਪਟਿਆਲਾ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਵੱਖਰੀ ਮਿਸਾਲ ਪੈਦਾ ਕਰ ਰਿਹਾ ਹੈ, ਜਿੱਥੇ ਕਿ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਸਰਪੰਚੀ ਦੀ ਚੋਣ ਲਈ ਕਦੇ ਵੋਟਾਂ ਹੀ ਨਹੀਂ ਪਈਆਂ।
ਇਕੱਤਰ ਵੇਰਵਿਆਂ ਮੁਤਾਬਿਕ ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਦੇ ਪਿੰਡ ਜਵਾਲਾਪੁਰ ਉਰਫ਼ ਉਲਟਪੁਰ ਵੱਲੋਂ ਇਸ ਵਾਰ ਵੀ ਸਰਪੰਚੀ ਲਈ ਸਰਬਸੰਮਤੀ ਦਿੱਤੀ ਗਈ ਹੈ ਅਤੇ ਪਿੰਡ ਦੇ ਲੋਕਾਂ ਵੱਲੋਂ ਸਰਬਸੰਮਤੀ ਦੀ ਰਵਾਇਤ ਨੂੰ ਖੋਰਾ ਨਹੀਂ ਲੱਗਣ ਦਿੱਤਾ। ਪਟਿਆਲਾ ਜ਼ਿਲ੍ਹੇ ਦਾ ਇਹ ਪਿੰਡ ਪੰਜਾਬ ਦਾ ਇਕਲੌਤਾ ਪਿੰਡ ਹੈ ਜਿੱਥੇ ਕਿ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਹੋਈ।
ਗ੍ਰੈਜੂਏਟ ਸਿਮਰ ਸਿੰਘ ਦੇ ਨਾਂਅ ’ਤੇ ਬਣੀ ਸਰਪੰਚੀ ਲਈ ਸਹਿਮਤੀ
ਪਿੰਡ ਦੇ ਲੋਕਾਂ ਵੱਲੋਂ ਇਸ ਵਾਰ ਵੀ ਪਿੰਡ ਦਾ ਸਰਪੰਚ ਸਿਮਰ ਸਿੰਘ ਨੂੰ ਬਣਾਉਣ ਲਈ ਸਰਬਸੰਮਤੀ ਪ੍ਰਗਟਾਈ ਗਈ ਹੈ ਉਕਤ ਪਿੰਡ ਦੇ ਲੋਕ ਸਰਪੰਚੀ ਦੀ ਚੋਣ ਮੌਕੇ ਆਪਸੀ ਸਮਝਦਾਰੀ ਤੇ ਸਿਆਣਪ ਨੂੰ ਅੱਗੇ ਰੱਖਦੇ ਹਨ ਅਤੇ ਪਿੰਡ ਅੰਦਰ ਕਦੇਂ ਵੀ ਸਰਪੰਚੀ ਨੂੰ ਲੈ ਕੇ ਚੋਣ ਨਹੀਂ ਕਰਵਾਈ ਗਈ। ਉਲਟਪੁਰ ਪਿੰਡ ਅੰਦਰ 5 ਵਾਰਡ ਹਨ ਅਤੇ ਵੋਟਰਾਂ ਦੀ ਗਿਣਤੀ 360 ਹੈ।
Read Also : Jammu Kashmir Election Result 2024: ਜੰਮੂ-ਕਸ਼ਮੀਰ ਦੇ ਰੁਝਾਨਾਂ ’ਚ NC-ਕਾਂਗਰਸ ਦੀ ਸਰਕਾਰ
ਇਸ ਵਾਰ ਇਹ ਪਿੰਡ ਜਨਰਲ ਕੈਟਾਗਰੀ ਅਧੀਨ ਆਇਆ ਹੈ, ਜਦਕਿ ਪਿਛਲੀ ਵਾਰ ਇਹ ਪਿੰਡ ਔਰਤਾਂ ਲਈ ਰਾਖਵਾ ਸੀ। ਉਂਝ ਪਿੰਡ ਦੇ ਲੋਕਾਂ ਵੱਲੋਂ ਸਿਕਵਾ ਵੀ ਹੈ, ਕਿ ਭਾਵੇਂ ਉਨ੍ਹਾਂ ਦਾ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਰੋਲ ਮਾਡਲ ਹੈ ਪਰ ਸਰਕਾਰਾਂ ਵੱਲੋਂ ਸਰਬਸੰਮਤੀ ਲਈ ਐਲਾਨੀਆਂ ਗਈਆਂ ਗ੍ਰਾਂਟਾਂ ਤੋਂ ਹੱਥ ਘੁੱਟਿਆ ਜਾਂਦਾ ਹੈ। ਇਸ ਪਿੰਡ ਪਿਛਲੀ ਵਾਰ ਵੀ ਸਰਬਸੰਮਤੀ ਵਾਲੀ ਗ੍ਰਾਂਟ ਹਾਸਲ ਹੀਂ ਨਹੀਂ ਹੋਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਆਪਣੀਆਂ ਵਾਰਡਾਂ ਵਿੱਚ ਪੰਚ ਸਮੇਤ ਸਰਪੰਚ ਦੀ ਚੋਣ ਆਪਸੀ ਸਹਿਮਤੀ ਨਾਲ ਕਰ ਲਈ ਜਾਂਦੀ ਹੈ ਅਤੇ ਕਦੇਂ ਵੀ ਕਿਸੇ ਨੇ ਵੋਟਾਂ ਪਾਉਣ ਵੱਲ ਨਜ਼ਰ ਨਹੀਂ ਰੱਖੀ। ਪਿਛਲੇ ਦਿਨੀ ਚੋਣ ਆਬਜਰਵਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇਸ ਪਿੰਡ ਦਾ ਦੌਰਾ ਵੀ ਕੀਤਾ ਅਤੇ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।
ਸਰਕਾਰ ਪਿੰਡ ਨੂੰ ਸਪੈਸ਼ਲ ਗ੍ਰਾਂਟ ਦਾ ਐਲਾਨ ਕਰੇ: ਸਿਮਰ ਸਿੰਘ
ਉਲਟਪੁਰ ਪਿੰਡ ਦੇ ਸਰਪੰਚ ਲਈ ਆਪਣੇ ਨਾਂਅ ’ਤੇ ਸਹਿਮਤੀ ਬਣਨ ’ਤੇ ਸਿਮਰ ਸਿੰਘ ਗ੍ਰੈਜੂਏਟ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਪੰਜਾਬ ਭਰ ਦੇ ਪਿੰਡਾਂ ਲਈ ਰੋਲ ਮਾਡਲ ਹੈ, ਕਿਉਂਕਿ ਇੱਥੇ ਕਦੇ ਵੀ ਚੋਣ ਨਹੀਂ ਹੋਈ। ਉਨ੍ਹਾਂ ਆਖਿਆ ਕਿ ਸਰਕਾਰ ਇਸ ਪਿੰਡ ਵੱਲ ਵਿਸ਼ੇਸ ਧਿਆਨ ਦੇਵੇ ਅਤੇ ਇਸ ਪਿੰਡ ਨੂੰ ਸਪੈਸ਼ਲ ਗ੍ਰਾਂਟ ਦਾ ਐਲਾਨ ਕਰੇ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਪਿਛਲੀ ਵੀ ਸਰਬਸੰਮਤੀ ਵਾਲੀ ਗ੍ਰਾਂਟ ਹਾਸਲ ਨਹੀਂ ਹੋਈ। ਉਨ੍ਹਾਂ ਆਖਿਆ ਕਿ ਆਪ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਐਲਾਨੀ ਹੋਈ ਹੈ। ਸਿਮਰ ਸਿੰਘ ਨੇ ਆਖਿਆ ਕਿ ਪਿੰਡਾਂ ਦੇ ਲੋਕ ਆਪਸੀ ਸਹਿਮਤੀ ਤੇ ਭਾਈਚਾਰਕ ਸਾਂਝ ਨਾਲ ਆਪਣੀ ਪੰਚਾਇਤ ਚੁਣਨ ਤੇ ਚੋਣਾਂ ਮੌਕੇ ਧੜੇਬਾਜ਼ੀ ਕਾਰਨ ਪਿੰਡਾਂ ਅੰਦਰ ਮਹੌਲ ਤਖਲ ਭਰਿਆ ਹੋ ਜਾਂਦਾ ਹੈ।