ਸਮਾਜਿਕ-ਆਰਥਿਕ ਬੇਚੈਨੀ ਤੋਂ ਬਚਣ ਲਈ ਤੁਰੰਤ ਦਖਲ ਦੇਣ ਵਾਸਤੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ | Agrarian Crisis
- ਸਰਕਾਰ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮਾਂ ਦੇ ਬਾਵਜ਼ੂਦ ਖੁਦਕੁਸ਼ੀਆਂ ਜਾਰੀ | Agrarian Crisis
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫ਼ੀ ਪ੍ਰੋਗਰਾਮਾਂ ‘ਚ ਖੁਦ ਪਹੁੰਚ ਕੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਜਾਰੀ ਕੀਤੇ ਹਨ ਇਸ ਦੇ ਬਾਵਜ਼ੂਦ ਸੂਬੇ ‘ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਰੁਝਾਨ ਜਾਰੀ ਹੈ ਪਿਛਲੇ ਦਿਨੀਂ 24 ਘੰਟਿਆਂ ‘ਚ 4 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਘਟਨਾਵਾਂ ਮੀਡੀਆ ‘ਚ ਛਾਈ ਰਹੀ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਰਟੀਫਿਕੇਟ ਜਾਰੀ ਕਰ ਰਹੀ ਪੰਜਾਬ ਸਰਕਾਰ ਕਿਸਾਨ ਖੁਦਕੁਸ਼ੀਆਂ ਰੋਕਣ ‘ਚ ਬੇਵੱਸ ਨਜ਼ਰ ਆ ਰਹੀ ਹੈ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਯਕਮੁਸ਼ਤ ਖੇਤੀ ਕਰਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿੱਚ ਮੁੱਖ ਮੰਤਰੀ ਨੇ ਦਿਹਾਤੀ ਇਲਾਕਿਆਂ ਵਿੱਚ ਸਮਾਜਿਕ-ਆਰਥਿਕ ਬੇਚੈਨੀ ਤੋਂ ਬਚਣ ਲਈ ਭਾਰਤ ਸਰਕਾਰ ਦੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਰਾਸ਼ਟਰੀ ਪੱਧਰ ‘ਤੇ ਕਰਜ਼ਾ ਮੁਆਫੀ ਸਕੀਮ ਬਾਰੇ ਸੂਬਾ ਸਰਕਾਰ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਦੇ ਬਾਵਜੂਦ ਇਸ ਸਬੰਧੀ ਕੋਈ ਉਤਸ਼ਾਹਜਨਕ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਨੇ ਰੋਜ਼ੀ-ਰੋਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਯਕਮੁਸ਼ਤ ਰਾਹਤ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ੇ ਦੇ ਲਗਾਤਾਰ ਦਬਾਅ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਉਨ੍ਹਾਂ ਵਿੱਚ ਵੱਡੀ ਪੱਧਰ ‘ਤੇ ਬੇਚੈਨੀ ਫੈਲ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਇਸ ਮੁੱਦੇ ‘ਤੇ ਤੁਰੰਤ ਧਿਆਨ ਦਿੱਤੇ ਜਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੌਮੀ ਪੱਧਰ ‘ਤੇ ਖੇਤੀਬਾੜੀ ਕਰਜ਼ਾ ਮੁਆਫੀ ਬਾਰੇ ਪਹਿਲ ਦੇ ਅਧਾਰ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਘਟਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਸਤੇ ਖੇਤੀਬਾੜੀ ਸੈਕਟਰ ਨੂੰ ਜ਼ਿਆਦਾ ਲਚਕੀਲਾ ਅਤੇ ਆਰਥਿਕਤਾ ਨੂੰ ਪੁਨਰ ਉਥਾਨ ਵਾਲੀ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਲਿਖਿਆ ਹੈ ਕਿ ਸੂਬਾ ਸਰਕਾਰ ਨੇ ਆਪਣੇ ਸਿਰ ‘ਤੇ ਸਾਰੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਦੋ ਲੱਖ ਰੁਪਏ ਦੇ ਸੰਸਥਾਈ ਕਰਜ਼ੇ ਦੀ ਮਾਫੀ ਦੀ ਰਾਹਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 8.75 ਲੱਖ ਕਿਸਾਨਾਂ, ਜਿਨ੍ਹਾਂ ਦੇ 10.21 ਲੱਖ ਫਸਲੀ ਕਰਜ਼ਾ ਖਾਤੇ ਹਨ, ਨੂੰ ਤਕਰੀਬਨ 9500 ਕਰੋੜ ਰੁਪਏ ਦੀ ਕੁੱਲ ਕਰਜ਼ਾ ਰਾਹਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਤੱਕ 2.02 ਲੱਖ ਕਿਸਾਨਾਂ ਨੂੰ 999.67 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਚਿੰਤਾ ਦੀਆਂ ਲਕੀਰਾਂ : ਕਾਲੀ ਸਿਲਾਈ ਮਸ਼ੀਨ ਦੇ ਬਖੇ ਉਧੇੜਨ ਲੱਗੀ ਚੀਨੀ ਚਿੱਟੀ ਮਸ਼ੀਨ
ਮੁੱਖ ਮੰਤਰੀ ਨੇ ਆਖਿਆ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਮੌਸਮੀ ਤਬਦੀਲੀਆਂ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਖ਼ਰਾਬ ਹੋਈ ਹੈ। ਸਾਲ 2014 ਦੀ ਸਾਉਣੀ ਦੌਰਾਨ ਸੋਕਾ ਪੈਣ ਕਰ ਕੇ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਪਾਲਣ ਲਈ ਵਾਧੂ ਖ਼ਰਚਾ ਕਰਨਾ ਪਿਆ ਸੀ।ਇਸੇ ਤਰ੍ਹਾਂ ਸਾਲ 2014-15 ਦੀ ਹਾੜੀ ਰੁੱਤ ਦੌਰਾਨ ਬੇਵਕਤੀ ਮੀਂਹ ਦਾ ਕਣਕ ਦੀ ਪੈਦਾਵਾਰ ‘ਤੇ ਬੁਰਾ ਅਸਰ ਹੋਇਆ, ਜਿਸ ਨਾਲ ਕਿਸਾਨਾਂ ਨੂੰ ਕਣਕ ਦੇ ਝਾੜ ਦਾ 10-15 ਫੀਸਦੀ ਦਾ ਘਾਟਾ ਸਹਿਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਸਮੇਂ ਦੌਰਾਨ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਵੀ ਖੇਤੀ ਲਾਗਤਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਅਨੁਕੂਲ ਨਹੀਂ ਸੀ। ਇਸ ਦੇ ਸਿੱਟੇ ਵਜੋਂ ਹੀ ਕਿਸਾਨਾਂ ‘ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ, ਜਿਸ ਤੋਂ ਪੈਦਾ ਹੋਈ ਨਿਰਾਸ਼ਾ ਕਿਸਾਨ ਖੁਦਕੁਸ਼ੀਆਂ ਦੇ ਰੂਪ ਵਿੱਚ ਸਾਹਮਣੇ ਆਈ।
ਮੁੱਖ ਮੰਤਰੀ ਨੇ ਆਖਿਆ ਕਿ ਭਾਵੇਂ ਭਾਰਤ ਸਰਕਾਰ ਨੇ ਸਾਲ 2003-04 ਵਿੱਚ ਤਿੰਨ ਸਾਲਾਂ ‘ਚ ਖੇਤੀਬਾੜੀ ਲਈ ਸੰਸਥਾਗਤ ਕਰਜ਼ਾ ਦੁੱਗਣਾ ਕਰਨ ਦਾ ਪ੍ਰੋਗਰਾਮ ਚੰਗੀ ਨੀਅਤ ਨਾਲ ਸ਼ੁਰੂ ਕੀਤਾ ਸੀ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਬੈਂਕਾਂ ਨੇ ਖੁੱਲ੍ਹੇ ਕਰਜ਼ੇ ਦਿੱਤੇ ਅਤੇ ਇੱਥੋਂ ਤੱਕ ਕਿ ਕਈ ਵਾਰ ਤਾਂ ਆਰਥਿਕ ਯੋਗਤਾ ਤੇ ਬੈਂਕਾਂ ਦੇ ਸਦਾਚਾਰ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਸਿੱਟੇ ਵਜੋਂ 31 ਮਾਰਚ 2017 ਤੱਕ ਪੰਜਾਬ ਦੇ ਕਿਸਾਨਾਂ ਵੱਲ ਬੈਂਕਾਂ ਦੀ ਅਗਾਊਂ ਦੇਣਦਾਰੀ ਵਧ ਕੇ ਲਗਭਗ 72,771 ਕਰੋੜ ਰੁਪਏ ਹੋ ਗਈ ਜੋ ਸੂਬੇ ਦੀ ਖੇਤੀਬਾੜੀ ਦੀ ਜੀ.ਡੀ.ਪੀ. ਨਾਲੋਂ ਵੀ ਵੱਧ ਹੈ।