ਕਣਕ ਦੀ ਖ਼ਰੀਦ ਨੂੰ ਲੈ ਕੇ ਪਰੇਸ਼ਾਨ ਹੋ ਸਕਦੀ ਐ ਪੰਜਾਬ ਸਰਕਾਰ, 4 ਕਰੋੜ 80 ਲੱਖ ਬੋਰੀ ਦੀ ਐ ਘਾਟ

ਪੰਜਾਬ ਸਰਕਾਰ ਨੂੰ ਜਲਦ ਹੀ ਚਾਹੀਦੇ ਹਨ 4 ਕਰੋੜ 80 ਲੱਖ ਤੋਂ ਜਿਆਦਾ ਜੂਟ ਬੈਗ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਸਮੇਂ ਪੰਜਾਬ ਕੋਲ 4 ਕਰੋੜ 80 ਲੱਖ ਬੋਰੀ ਦੀ ਘਾਟ ਹੈ, ਜਿਸ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਕਾਫ਼ੀ ਜਿਆਦਾ ਜੋਰ ਤਾਂ ਲੱਗਿਆ ਹੋਇਆ ਹੈ ਪਰ ਦੇਸ਼ ਭਰ ਵਿੱਚ ਲਾਕ ਡਾਊਨ ਦੇ ਚਲਦੇ ਇਸ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ ਪ੍ਰਦੇਸ਼ ਸਰਕਾਰ ਵੱਲੋਂ ਉਮੀਦ ਜਤਾਈ ਜਾ ਰਹੀਂ ਹੈ ਕਿ ਖਰੀਦ ਸੀਜ਼ਨ ਲੰਬਾ ਚਲਣ ਦੇ ਕਾਰਨ ਜੇਕਰ ਕੁਝ ਦੇਰੀ ਨਾਲ ਵੀ ਇਹ ਬੈਗ ਪਹੁੰਚੇ ਤਾਂ ਵੀ ਕੰਮ ਚਲ ਸਕਦਾ ਹੈ ਪਰ ਜੇਕਰ ਇਹ ਬੈਗ ਮਈ ਦੇ ਪਹਿਲੇ ਹਫ਼ਤੇ ਤੱਕ ਪਹੁੰਚੇ ਹੀ ਨਹੀਂ ਤਾਂ ਕਾਫ਼ੀ ਜਿਆਦਾ ਦਿੱਕਤ ਪੰਜਾਬ ਨੂੰ ਹੋ ਸਕਦੀ ਹੈ।

ਇਸ ਦਿੱਕਤ ਦਾ ਕਿਸ ਤਰੀਕੇ ਨਾਲ ਹਲ ਕੀਤਾ ਜਾਵੇ, ਇਸ ਸਬੰਧੀ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਕੰਮ ਚਲ ਰਿਹਾ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਹਰ ਸਾਲ 25 ਕਰੋੜ ਦੇ ਲਗਭਗ ਜੂਟ ਬੈਗ ਦੀ ਜਰੂਰਤ ਹੁੰਦੀ ਹੈ, ਜਿਸ ਵਿੱਚ ਕਣਕ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਹੈ। ਇਸ ਸਾਲ ਵੀ ਪੰਜਾਬ ਸਰਕਾਰ ਵਲੋਂ ਆਪਣੀ ਜਰੂਰਤ ਅਨੁਸਾਰ 17 ਕਰੋੜ ਬੈਗ ਦਾ ਆਰਡਰ ਦਿੱਤਾ ਗਿਆ ਸੀ। ਜਿਸ ਵਿੱਚੋਂ 12 ਕਰੋੜ 20 ਲੱਖ ਜੂਟ ਬੈਗ ਦੀ ਸਪਲਾਈ ਪੰਜਾਬ ਨੂੰ ਹੋ ਗਈ ਹੈ, ਜਦੋਂ ਕਿ 4 ਕਰੋੜ 80 ਲੱਖ ਬੈਗ ਦੀ ਸਪਲਾਈ ਲਾਕ ਡਾਊਨ ਕਾਰਨ ਰੁਕ ਗਈ ਹੈ।

ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਮੁੱਦੇ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕਰਕੇ ਜੂਟ ਫੈਕਟਰੀਆਂ ਨੂੰ ਚਲਾਉਣ ਦੀ ਬੇਨਤੀ ਕੀਤੀ ਗਈ ਹੈ ਤਾਂ ਕਿ ਇਹ 4 ਕਰੋੜ 80 ਲੱਖ ਜੂਟ ਬੈਗ ਵੀ ਪੰਜਾਬ ਪਹੁੰਚ ਜਾਣ ਪਰ ਇਸ ਦੀ ਉਮੀਦ ਅਜੇ ਘੱਟ ਲਗ ਰਹੀ ਹੈ, ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਜੂਟ ਬੈਗ ਤਿਆਰ ਕਰਨ ਲਈ ਸਮਾਂ ਚਾਹੀਦਾ ਹੈ

ਇਸ ਲਈ ਸਰਕਾਰ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਸ 2 ਕਰੋੜ 80 ਲੱਖ ਜੂਟ ਬੈਗ ਦੀ ਘਾਟ ਕਿਵੇਂ ਅਤੇ ਕਿੱਥੋਂ ਪੂਰੀ ਕੀਤੀ ਜਾਏਗੀ। ਇਸ ਸਬੰਧੀ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਇਸ ਨਾਲ ਹੀ ਇਸ ਦੇ ਬਦਲ ਸਬੰਧੀ ਵੀ ਕੰਮ ਕੀਤਾ ਜਾ ਰਿਹਾ ਹੈ।

ਪਲਾਸਟਿਕ ਬੈਗ ਦੀ ਖਰੀਦ ਕਰਨ ਦੀ ਤਿਆਰੀ ‘ਚ ਸਰਕਾਰ

ਪੰਜਾਬ ਸਰਕਾਰ ਜੂਟ ਬੈਗ ਦੀ ਘਾਟ ਨੂੰ ਪੂਰਾ ਕਰਨ ਲਈ ਹੁਣ ਪਲਾਸਟਿਕ ਬੈਗ ਨੂੰ ਖਰੀਦਣ ਦੀ ਤਿਆਰੀ ਵਿੱਚ ਹੈ। ਇਸ ਲਈ ਕੇਂਦਰ ਸਰਕਾਰ ਤੋਂ ਜਰੂਰੀ ਇਜਾਜ਼ਤ ਲੈਣ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜੂਟ ਬੈਗ ਦਾ ਹੀ ਇੰਤਜ਼ਾਰ ਕੀਤਾ ਜਾਏਗਾ ਪਰ ਜੇਕਰ ਅਗਲੇ ਹਫ਼ਤੇ ਤੱਕ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆਇਆ ਤਾਂ ਪਲਾਸਟਿਕ ਬੈਗ ਨੂੰ ਹੀ ਖਰੀਦ ਕਰਦੇ ਹੋਏ ਮੰਡੀਆਂ ਵਿੱਚੋਂ ਕਣਕ ਚੁੱਕੀ ਜਾਏਗੀ।

ਨਹੀਂ ਆਉਣ ਦਿੱਤੀ ਜਾਏਗੀ ਦਿੱਕਤ, ਅਸੀਂ ਤਿਆਰ ਹਾਂ : ਕੇ.ਏ.ਪੀ. ਸਿਨਹਾ

ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਸਰਕਾਰ ਵਲੋਂ ਹਰ ਤਰ੍ਹਾਂ ਦੀ ਤਿਆਰੀ ਕਰ ਲਈ ਗਈ ਹੈ। ਜੇਕਰ ਜੂਟ ਬੈਗ ਸਮੇਂ ਸਿਰ ਸਪਲਾਈ ਨਾ ਹੋਇਆ ਤਾਂ ਇਸ ਦਾ ਬਦਲ ਅਸੀਂ ਪਹਿਲਾਂ ਤੋਂ ਹੀ ਸੋਚ ਕੇ ਬੈਠੇ ਹਾਂ। ਉਨ੍ਹਾਂ ਦੱਸਿਆ ਕਿ ਉਮੀਦ ਕੀਤੀ ਜਾ ਰਹੀਂ ਹੈ ਕਿ ਜੂਟ ਬੈਗ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਆ ਜਾਏਗਾ, ਜੇਕਰ ਉਸ ਸਮੇਂ ਤੱਕ ਆ ਗਿਆ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੋਏਗੀ ਪਰ ਇਹ ਬੈਗ ਦੀ ਸਪਲਾਈ ਮਈ ਦੇ ਪਹਿਲੇ ਹਫ਼ਤੇ ਨੂੰ ਪਾਰ ਕਰਦੀ ਨਜ਼ਰ ਆਈ ਤਾਂ ਸਾਨੂੰ ਮਜਬੂਰਨ ਪਲਾਸਟਿਕ ਬੈਗ ਵਲ ਜਾਣਾ ਪਏਗਾ ਅਤੇ ਇਸ ਦੀ ਖਰੀਦ ਦੀ ਤਿਆਰੀ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।