ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ
(ਰਵੀਪਾਲ) ਦੋਦਾ। ਪੰਜਾਬ ਸਰਕਾਰ ਵੱਲੋਂ ਖ਼ੇਤ ਮਜ਼ਦੂਰ ਜਥੇਬੰਦੀਆਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਭੁੱਟੀਵਾਲਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀਵਾਲਾ ਨੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਦਲਿਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਤੇ ਬੇਧਿਆਨੀ ਕੀਤੇ ਜਾਣ ਕਾਰਨ ਉਹਨਾਂ ’ਚ ਰੋਸ ਵਧਦਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਆ ਰਹੀਆਂ ਚੋਣਾਂ ’ਚ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਨੂੰ ਧਿਆਨ ’ਚ ਰੱਖ ਕਿ ਮੁੱਖ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਤੇ ਆਗੂਆਂ ਨਾਲ ਮੀਟਿੰਗ ਕਰ ਕੇ ਜਿਨ੍ਹਾਂ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਦੀ ਹਾਮੀ ਭਰੀ ਸੀ, ਉਨ੍ਹਾਂ ਨੂੰ ਅਮਲ ’ਚ ਲਿਆਉਣ ਲਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਨ੍ਹਾਂ ਕਿਹਾ ਕਿ ਬੇਘਰੇ ਤੇ ਲੋੜਵੰਦਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ, ਰਹਿੰਦੇ ਪਿੰਡਾਂ ’ਚ ਪੰਚਾਇਤਾਂ ਵੱਲੋਂ ਮਤੇ ਪਵਾਉਣ, ਮਜ਼ਦੂਰ ਨੂੰ ਸਹਿਕਾਰੀ ਸੁਸਾਇਟੀ ਦੇ ਮੈਂਬਰ ਬਣਾ ਕੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਕਰਜ਼ੇ ਦੇਣ ਵਰਗੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਚੰਨੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ ਇਸ ਮੌਕੇ 12 ਦਸੰਬਰ ਨੂੰ ਗਿੱਦੜਬਾਹਾ ਵਿਖੇ ਰੇਲ ਜਾਮ ’ਚ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ ਇਸ ਮੌਕੇ ਦਰਸ਼ਨ ਸਿੰਘ, ਬੋਹੜ ਸਿੰਘ, ਮਨਜੀਤ ਕੌਰ, ਗੁਰਮੇਲ ਕੌਰ, ਜਸਮੇਲ ਸਿੰਘ, ਕਰਮ ਸਿੰਘ, ਮਨਪ੍ਰੀਤ ਕੌਰ, ਸਰਬਜੀਤ ਕੌਰ, ਜਸਮੇਲ ਕੌਰ, ਸੁਖਜੀਤ ਕੌਰ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ