ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦੇ ਨਵੀਨੀਕਰਨ ਤੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ’ਚ ਮੁਕੰਮਲ ਕਰਨ ਦੀਆਂ ਹਦਾਇਤਾਂ
ਪਟਿਆਲਾ, (ਖੁੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨਿਭਾਅ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਜਿਸ ਤਰ੍ਹਾਂ ਰਾਜ ਦੇ ਵਸਨੀਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਉਸੇ ਤਰਜ ’ਤੇ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ’ਚ ਸਾਰੀਆਂ ਖਾਲੀ ਅਸਾਮੀਆਂ ਜਲਦ ਭਰੀਆਂ ਜਾਣਗੀਆਂ, ਕਿਉਂਕਿ ਇਨ੍ਹਾਂ ਹਸਪਤਾਲਾਂ ’ਚ ਗਰੀਬ ਤੇ ਲੋੜਵੰਦ ਲੋਕ ਇਲਾਜ ਕਰਵਾਉਣ ਪੁੱਜਦੇ ਹਨ।
ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿਖੇ ਚੱਲ ਰਹੇ ਨਵੀਨੀਕਰਨ ਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਸੋਨੀ ਨੇ ਸਾਰੇ ਚੱਲ ਰਹੇ ਵਿਕਾਸ ਕਾਰਜ 31 ਮਾਰਚ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਮੈਡੀਕਲ ਸਿੱਖਿਆ ਤੇ ਖੋਜ ਮਹਿਕਮੇ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਤੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਨਾਲ ਇੱਥੇ ਪੁੱਜੇ ਸ੍ਰੀ ਸੋਨੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖ਼ੁਦ 31 ਮਾਰਚ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਆ ਕੇ ਸਾਰੇ ਵਾਰਡਾਂ ਦੇ ਵਿਕਾਸ ਕੰਮਾਂ ਦਾ ਨਿਰੀਖਣ ਕਰਨਗੇ, ਇਸ ਲਈ ਸਾਰੇ ਕੰਮ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕੀਤੇ ਜਾਣ। ਉਨ੍ਹ੍ਹਾਂ ਕਿਹਾ ਕਿ ਜੇਕਰ ਕਿਸੇ ਕੰਮ ’ਚ ਕੋਈ ਢਿੱਲ ਮੱਠ ਵਰਤੀ ਗਈ ਤਾਂ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਪੁਰਾਣਾ ਵੱਕਾਰ ਬਹਾਲ ਕਰਨ ਲਈ ਨਿੱਜੀ ਦਿਲਚਸਪੀ ਲੈ ਰਹੇ ਹਨ, ਜਿਸ ਕਰਕੇ ਸਰਕਾਰ ਨੇ ਲੰਘੇ ਤਿੰਨ ਸਾਲਾਂ ’ਚ ਰਾਜਿੰਦਰਾ ਹਸਪਤਾਲ ਦੀ ਦਿਖ ਸੰਵਾਰ ਦਿੱਤੀ ਹੈ ਅਤੇ ਵਿਕਾਸ ਕੰਮਾਂ ’ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਦੌਰੇ ਦੌਰਾਨ ਮੈਡੀਕਲ ਕਾਲਜ ਦੀ ਇੰਸਟੀਚਿਊਸ਼ਨ ਬਿਲਡਿੰਗ ਨੂੰ ਵੀ ਵਰਤੋਂ ’ਚ ਲਿਆਉਣ ਦੇ ਆਦੇਸ਼ ਦਿੱਤੇ ਸਨ, ਜਿਸ ਦਾ ਕੰਮ ਹੁਣ ਅਗਲੇ 6 ਮਹੀਨਿਆਂ ’ਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਵਧੀਕ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ-ਕਮ-ਰਾਜਿੰਦਰਾ ਕੋਵਿਡ ਇੰਚਾਰਜ ਸੁਰਭੀ ਮਲਿਕ, ਸੰਯੁਕਤ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਸੁਜਾਤਾ ਸ਼ਰਮਾ, ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਰਾਜਨ ਸਿੰਗਲਾ ਤੋਂ ਇਲਾਵਾ ਹਸਪਤਾਲ ਤੇ ਕਾਲਜ ਦੇ ਵੱਖ-ਵੱਖ ਵਿਭਾਗੀ ਮੁਖੀ ਤੇ ਹੋਰ ਡਾਕਟਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.