ਗੁਰਧਨਪੁਰ ਅਤੇ ਬਦੀਨਪੁਰ ਵਿਖੇ ਸ਼ਹੀਦਾਂ ਦੇ ਨਾਂਅ ’ਤੇ ਬਣਨਗੇ ਯਾਦਗਾਰੀ ਗੇਟ
(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਖ਼ਾਤਰ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸੂਰਬੀਰ ਯੋਧਿਆਂ ਦੇ ਸਤਿਕਾਰ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਯਾਦ ਨੂੰ ਸਦੀਵੀਂ ਬਣਾਉਣ ਦੇ ਉਦੇਸ਼ ਨਾਲ ਚਲਾਈ ਗਈ ਮੁਹਿੰਮ ਤਹਿਤ, ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਦੋ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਜਾਣ ਵਾਲੇ ਯਾਦਗਾਰੀ ਗੇਟਾਂ ਲਈ ਸਬੰਧਤ ਗ੍ਰਾਮ ਪੰਚਾਇਤਾਂ ਨੂੰ 10-10 ਲੱਖ ਦੇ ਚੈੱਕ ਸੌਂਪੇ ਗਏ। ਉਨ੍ਹਾਂ ਦੱਸਿਆ ਕਿ ਇਹ ਯਾਦਗਾਰੀ ਗੇਟ, ਭਾਰਤੀ ਫੌਜ ਦੇ ਜਾਂਬਾਜ਼ ਸ਼ਹੀਦ ਸੁਰਜੀਤ ਸਿੰਘ (ਗੁਰਧਨਪੁਰ) ਅਤੇ ਸ਼ਹੀਦ ਹਰਮਿੰਦਰ ਸਿੰਘ (ਬਦੀਨਪੁਰ) ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੋਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਸ਼ਹੀਦ ਸੁਰਜੀਤ ਸਿੰਘ ਅਤੇ ਸ਼ਹੀਦ ਹਰਮਿੰਦਰ ਸਿੰਘ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜੋ ਕੁਰਬਾਨੀ ਦਿੱਤੀ ਹੈ, ਉਸ ਦਾ ਮੁੱਲ ਕਦੇ ਨਹੀਂ ਚੁਕਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਗੇਟ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਦੀ ਬਹਾਦਰੀ ਦੀ ਦਾਸਤਾਨ ਸੁਣਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ: Punjab Railway News: ਪੰਜਾਬ ਨੂੰ ਵੱਡੀ ਕੇਂਦਰੀ ਸੌਗਾਤ, ਨਵੇਂ ਓਵਰਬ੍ਰਿਜ ਨਾਲ ਲੋਕਾਂ ਦੀ ਜ਼ਿੰਦਗੀ ਹੋਵੇਗੀ ਸੁਖਾਲੀ
ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਗੇਟ ਨਾ ਸਿਰਫ਼ ਪਿੰਡਾਂ ਦੀ ਸ਼ਾਨ ਵਧਾਉਣਗੇ, ਸਗੋਂ ਰੋਜ਼ਾਨਾ ਇੱਥੋਂ ਲੰਘਣ ਵਾਲੇ ਲੋਕਾਂ ਵਿੱਚ ਦੇਸ਼ ਭਗਤੀ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਨਗੇ। ਵਿਧਾਇਕ ਗੈਰੀ ਬੜਿੰਗ ਨੇ ਸਬੰਧਿਤ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਗੇਟਾਂ ਦਾ ਨਿਰਮਾਣ, ਮਿਆਰੀ ਅਤੇ ਸੁੰਦਰ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸ਼ਹੀਦਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇ ਸਕਣ। ਪਿੰਡਾਂ ਦੇ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। Martyrs’ Memorial











