
ਪੰਜਾਬ ਸਰਕਾਰ ਵੱਲੋਂ ਹਲਕਾ ਸ਼ੁਤਰਾਣਾ ‘ਚ 20.72 ਕਰੋੜ ਰੁਪਏ ਦੀ ਲਾਗਤ ਨਾਲ 95.23 ਕਿਲੋਮੀਟਰ 42 ਲਿੰਕ ਸੜਕਾਂ ਬਣਾਉਣ ਨੂੰ ਪ੍ਰਵਾਨਗੀ : ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ
Punjab Government: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜਾਂ। ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਹਲਕਾ ਸ਼ੁਤਰਾਣਾ ਵਿੱਚ ਪੇਂਡੂ ਲਿੰਕ ਸੜਕਾਂ ਬਣਾਉਣ ਨੂੰ ਪ੍ਰਵਾਨਗੀ ਦੇ ਕੇ ਕਈ ਸਾਲਾਂ ਤੋਂ ਮੁਸ਼ਕਿਲਾਂ ਸਹਿ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਲਕਾ ਸ਼ੁਤਰਾਣਾ ਵਿੱਚ 20.72 ਕਰੋੜ ਰੁਪਏ ਦੀ ਲਾਗਤ ਨਾਲ 95.23 ਕਿਲੋਮੀਟਰ 42 ਪੇਂਡੂ ਲਿੰਕ ਸੜਕਾਂ ਬਣਾਉਣ ਨੂੰ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਹੈ।
ਪਿਛਲੇ ਕਈ ਸਾਲਾਂ ਤੋਂ ਸੜਕਾਂ ਦੇ ਲੰਮਕਦੇ ਕੰਮ ਮੁਕੰਮਲ ਹੋਣ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਹਲਕੇ ਦੀਆਂ ਲਿੰਕ ਸੜਕਾਂ ਦੀ ਮੁੜ ਉਸਾਰੀ ਲਈ ਫੰਡ ਜਾਰੀ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਕਰਕੇ ਇਸ ਦਾ ਹੱਲ ਕਰਨ ਦਾ ਤਹੱਈਆ ਕੀਤਾ ਹੈ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਸਮੇਤ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਇਹ ਵੀ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਵੀ ਅਗਲੇ ਪੰਜ ਸਾਲਾਂ ਲਈ ਉਸੇ ਠੇਕੇਦਾਰ ਵੱਲੋਂ ਕੀਤੀ ਜਾਵੇਗੀ, ਜਿਸ ਵੱਲੋਂ ਇਹ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਗੁਲਜ਼ਾਰਪੁਰ ਠਰੂਆ ਤੋਂ ਸਾਗਰ, ਸ਼ੁਤਰਾਣਾ ਡੇਰਾ ਚੀਨਾ ਤੋਂ ਗੁਰਦੁਆਰ ਨਾਨਕਸਰ, ਸਮਾਣਾ-ਪਾਤੜਾਂ ਰੋਡ ਤੋਂ ਨਾਗਰੀ, ਉਜੈਨਮਾਜਰਾ (ਦਵਾਰਕਾਪੁਰ), ਖੇੜੀ ਨਗਾਈਆਂ- ਸ੍ਰੀ ਗੁਰਦੁਆਰਾ ਸਾਹਿਬ, ਅਰਨੇਟੂ, ਡਰੌਲੀ, ਨਨਹੇੜਾ, ਪੈਂਦ, ਜੋਗੇਵਾਲਾ, ਖਨੌਰੀ-ਅਰਨੋ-ਸਾਗਰਾ, ਬਹਿਰਜੱਛ-ਡੇਰਾ ਪਾਲਾ ਸਿੰਘ, ਦਿਉਗੜ, ਖਾਸਪੁਰ,
ਬਾਦਲਗੜ੍ਹ-ਰਾਇਧਰਾਣਾ ਤੋਂ ਭੂਤਗੜ੍ਹ, ਸ਼ੁਤਰਾਣਾ ਹਾਈ ਸਕੂਲ-ਸ਼ਿਵ ਮੰਦਿਰ-ਸ੍ਰੀ ਗੁਰਦੁਆਰਾ ਸਾਹਿਬ, ਸ਼ੁਤਰਾਣਾ-ਸਾਗਰਾ-ਘੱਗਰ, ਹਾਮਝੜੀ ਜਾਖਲ ਰੋਡ-ਹਰੀਜਨ ਬਸਤੀ, ਹਰਿਆਊ ਖੁਰਦ-ਪਿਕਾਡਲੀ ਸੂਗਰ ਮਿਲ, ਸੇਲਵਾ-ਡੇਰਾ-ਸ਼ਮਸ਼ਾਨਘਾਟ, ਕਾਹਨਗੜ੍ਹ-ਖਾਸਪੁਰ, ਸ਼ੁਤਰਾਣਾ-ਬਾਦਸ਼ਾਹਪੁਰ-ਡੇਰਾ ਬੋਹੜ ਵਾਲਾ, ਸ਼ੁਤਰਾਣਾ-ਮਤੌਲੀ-ਘੱਗਰ, ਲਿੰਕ ਰੋਡ ਮੌਲਵੀਵਾਲਾ-ਫਿਰਨੀ, ਗਲੋਲੀ-ਬਰਤਾ-ਹਰਿਆਣਾ ਬਾਰਡਰ, ਮੌਲਵੀਵਾਲ-ਪੈਂਦ, ਸਰਕਾਰੀ ਸਕੂਲ ਸ਼ੁਤਰਾਣਾ-ਮਾੜੀ ਗੂਗਾ, ਸ਼ੁਤਰਾਣਾ ਰਸੌਲੀ-ਸ਼ੁਤਰਾਣਾ ਸਾਗਰਾ-ਪੰਚਾਇਤ ਛਿੰਨੀਆਂਵਾਲਾ ਤੇ ਸੋਟਾਪੀਰ, ਚੁਨਾਗਰਾ-ਸ਼ੋਧੀਹਰੀ ਲਿੰਕ ਰੋਡ, ਪਾਤੜਾਂ-ਜਾਖਲ ਰੋਡ-ਦਿਆਲ ਸਿੰਘ ਨਗਰ, ਖਾਨੇਵਾਲ-ਡਰੇਨ ਲਿੰਕ ਰੋਡ ਸ਼ਾਮਲ ਹਨ।
ਇਹ ਵੀ ਪੜ੍ਹੋ: CBSE Board Results: ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਦਫ਼ਤਰੀਵਾਲਾ ਤੋਂ ਬੂਰੜ, ਬੂਰੜ ਤੋਂ ਰਾਮਪੁਰ ਪੜਤਾ, ਬਹਿਰ ਸਾਹਿਬ-ਹਰਿਆਣਾ ਬਾਰਡਰ, ਸ਼ਾਦੀਪੁਰ ਮੋਮੀਆਂ ਤੋਂ ਝਿੱਲ, ਮਹਿਤਾ ਚੌਕ-ਡਰੌਲੀ ਰੋਡ ਪੁਲ, ਸ਼ੇਰਗੜ੍ਹ ਤੋਂ ਬਿੰਦੂਸਰ ਮੰਦਿਰ-ਹਰਿਆਣਾ ਬਾਰਡਰ, ਖਾਸਪੁਰ-ਹਾਮਝੜੀ ਲਿੰਕ ਰੋਡ, ਘੱਗਾ-ਧੂਹੜ-ਸੰਗਰੂਰ ਬਾਊਂਡਰੀ, ਸਾਧਮਾਜਰਾ ਤੋਂ ਜਲਾਲਪੁਰ ਅਤੇ ਅਰਨੇਟੂ ਤੋਂ ਹਰਿਆਣਾ ਬਾਰਡਰ ਤੱਕ ਕੁਲ 42 ਸੜਕਾਂ ਨਵੀਂਆਂ ਬਣਗੀਆਂ। ਉਨ੍ਹਾਂ ਦੱਸਿਆ ਕਿ ਉਹ ਇਸੇ ਤਰ੍ਹਾਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿਣਗੇ। ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਵੀ ਮੌਜੂਦ ਸਨ। Punjab Government