ਸ਼ਾਰਜਾਹ ‘ਚ ਫਸੇ ਗੁਰਦਾਸਪੁਰੀਏ ਵਾਪਸ ਆਉਣਗੇ
ਅਸ਼ਵਨੀ ਚਾਵਲਾ, ਚੰਡੀਗੜ੍ਹ: ਵਿਦੇਸ਼ ਮਾਮਲਿਆਂ ਦੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਇੱਕ ਪੱਤਰ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਰਜਾਹ ਬੰਦਰਗਾਹ ‘ਤੇ ਰੁਕੇ ਹੋਏ ਇੱਕ ਸਮੁੰਦਰੀ ਜਹਾਜ਼ ਤੋਂ ਗੁਰਦਾਸਪੁਰ ਦੇ ਵਸਨੀਕਾਂ ਨੂੰ ਵਾਪਿਸ ਲਿਆਉਣ ਲਈ ਮਾਨਵੀ ਆਧਾਰ ‘ਤੇ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 3 ਲੱਖ 56 ਹਜ਼ਾਰ 700 ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਰਾਸ਼ੀ ਵਿਕਰਮ ਸਿੰਘ ਦੀ ਲਟਕ ਰਹੀ ਉਜਰਤ (ਵੇਜ) ਦੇ ਵਿਰੁੱਧ ਜਾਰੀ ਕੀਤੀ ਗਈ ਹੈ ਜਿਸ ਨੇ ਪੰਜ ਹੋਰ ਭਾਰਤੀਆਂ ਦੇ ਨਾਲ ਸਮੁੰਦਰੀ ਜਹਾਜ਼ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਨਾਂ ਦੀ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ, ਸਵਰਾਜ ਨੇ ਕਿਹਾ ਹੈ ਕਿ ਦੁਬਈ ਵਿੱਚ ਭਾਰਤੀ ਸਫਾਰਤ ਖਾਨੇ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਗਿਆ ਸੀ ਜਿਸ ਨੇ ਉਨਾਂ ਦੇ ਮੰਤਰਾਲੇ ਨੂੰ ਦੱਸਿਆ ਹੈ ਕਿ ਪਾਕਿਸਤਾਨੀ ਨਾਗਰਿਕ ਮੈਸਰਜ਼ ਅਲਕੋ ਸ਼ਿਪਿੰਗ ਸ਼ਾਰਜਾਹ ਦੀ ਮਾਲਕੀ ਵਾਲੇ ‘ਸ਼ਾਰਜਾਹ ਮੂਨ’ ਸ਼ਿਪ ‘ਚ ਵਿਕਰਮ ਸਿੰਘ ਅਤੇ ਹੋਰ ਫਸੇ ਹੋਏ ਹਨ। ਸਫਾਰਤਖਾਨੇ ਨੇ ਕਿਹਾ ਹੈ ਕਿ ਮਲਾਹਾਂ ਨੂੰ ਤਕਰੀਬਨ ਛੇ-ਬਾਰਾਂ ਮਹੀਨੇ ਤੋਂ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਜਹਾਜ਼ ਦਾ ਮਾਲਕ ਇਸ ਮਾਮਲੇ ਬਾਰੇ ਸਹਿਯੋਗ ਕਰਨ ਤੋਂ ਇਨਕਾਰੀ ਹੈ ਜਦਕਿ ਸਫਾਰਤਖਾਨੇ ਨੇ ਇਸ ਸਬੰਧ ਵਿੱਚ ਆਪਣੀਆਂ ਵਧੀਆ ਕੋਸ਼ਿਸ਼ਾਂ ਕੀਤੀਆਂ ਹਨ।