Punjab Farmer News: ਡਬਲ ਐੱਮਏ ਕਿਸਾਨ ਦੇ ਖੇਤ ਲਹਿਰਾਉਂਦੀਆਂ ਵਿਰਾਸਤੀ ਫ਼ਸਲਾਂ

Punjab Farmer News
Punjab Farmer News: ਡਬਲ ਐੱਮਏ ਕਿਸਾਨ ਦੇ ਖੇਤ ਲਹਿਰਾਉਂਦੀਆਂ ਵਿਰਾਸਤੀ ਫ਼ਸਲਾਂ

Punjab Farmer News: ਕਿਸਾਨ ਹਰਦੀਪ ਸਿੰਘ ਜਟਾਣਾ ਅਪਣਾ ਰਿਹੈ ਵੱਖਰੀ ਖੇਤੀ ਦਾ ਰਾਹ

Punjab Farmer News: ਮਾਨਸਾ (ਸੁਖਜੀਤ ਮਾਨ)। ਕੋਧਰਾ, ਕੁਟਕੀ, ਕੰਗਣੀ, ਰਾਗੀ ਤੇ ਨਵਾਂਕ। ਇਹ ਨਾਂਅ ਹੁਣ ਦੀ ਪੀੜ੍ਹੀ ਦੇ ਨੌਜਵਾਨਾਂ ਲਈ ਓਪਰੇ ਹੋਣਗੇ ਪਰ ਬਜ਼ੁਰਗਾਂ ਲਈ ਇਹ ਵਰਦਾਨ ਅਤੇ ਤੰਦਰੁਸਤੀ ਦਾ ਖਜ਼ਾਨਾ ਸੀ। ਸਿਹਤ ਪ੍ਰਤੀ ਚਿੰਤਕ ਲੋਕ ਜੋ ਚੀਜ਼ਾਂ ਹੁਣ ‘ਮੋਟੇ ਅਨਾਜ’ ਜਾਂ ‘ਮਿਲਟ’ ਕਹਿ ਕੇ ਖ੍ਰੀਦਦੇ ਹਨ ਉਹ ਕੋਧਰੇ, ਕੁਟਕੀ ਤੇ ਕੰਗਣੀ ਆਦਿ ਦਾ ਹੀ ਨਵੀਨਤਮ ਨਾਂਅ ਹੈ। ਇਨ੍ਹਾਂ ਵਿਰਾਸਤੀ ਫ਼ਸਲਾਂ ਦੀ ਖੇਤੀ ਦੇ ਰਾਹ ਤੁਰਿਆ ਹੈ ਪਿੰਡ ਜਟਾਣਾ ਖੁਰਦ ਦਾ ਜੰਮਪਲ ਤੇ ਖਿਆਲਾ ਕਲਾਂ ਦਾ ਵਸਨੀਕ ਹਰਦੀਪ ਸਿੰਘ ਜਟਾਣਾ। ਡਬਲ ਐੱਮਏ, ਬੀਐੱਡ ਦੀ ਯੋਗਤਾ ਵਾਲਾ ਪੜਿ੍ਹਆ-ਲਿਖਿਆ ਕਿਸਾਨ ਇਕੱਲੀ ਇਹ ਖੇਤੀ ਹੀ ਨਹੀਂ ਕਰਦਾ, ਸਗੋਂ ਮਾਰਕੀਟਿੰਗ ਵੀ ਖੁਦ ਕਰਦਾ ਹੈ, ਜਿਸ ਨੇ ਉਸਦੀ ਆਰਥਿਕਤਾ ਨੂੰ ਚੰਗਾ ਹੁਲਾਰਾ ਦਿੱਤਾ ਹੈ।

Read Also : Punjab Govt: ਨਸ਼ੇ ਵਿਰੁੱਧ ਕਾਰਵਾਈ ਦੇ ਹੋਰ ਪਹਿਲੂ

ਅਗਾਂਹਵਧੂ ਕਿਸਾਨ ਹਰਦੀਪ ਸਿੰਘ ਜਟਾਣਾ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਸਾਲ 2018 ’ਚ ‘ਵੀਟ ਗ੍ਰਾਸ’ (ਕਣਕ ਦਾ ਜੂਸ) ਤੋਂ ਸ਼ੁਰੂਆਤ ਕੀਤੀ ਸੀ। ਵੀਟ ਗ੍ਰਾਸ ਦੇ ਚੰਗੇ ਨਤੀਜੇ ਮਿਲਣ ਨਾਲ ਜਦੋਂ ਲੋਕਾਂ ਨੂੰ ਤੰਦਰੁਸਤੀ ਦਾ ਅਹਿਸਾਸ ਹੋਣ ਲੱਗਿਆ ਤਾਂ ਉਸਨੇ ਸਿੱਧੇ ਤੌਰ ’ਤੇ ਸਿਹਤ ਅਤੇ ਘਰ ਦੇ ਚੁੱਲ੍ਹੇ ਨਾਲ ਸਬੰਧ ਰੱਖਣ ਵਾਲੀਆਂ ਫ਼ਸਲਾਂ ਵੱਲ ਮੋੜਾ ਕੱਟਿਆ। ਇਸ ਮਗਰੋਂ ਗੰਨਾ, ਕੋਧਰਾ, ਕੁਟਕੀ, ਕੰਗਣੀ, ਰਾਗੀ, ਮੂੰਗਫਲ, ਕਾਲੀ ਤੇ ਪੀਲੀ ਸਰੋ੍ਹਂ, ਛੋਲੇ ਤੇ ਮੋਠ ਦੀ ਖੇਤੀ ਸ਼ੁਰੂ ਕੀਤੀ। ਇਨ੍ਹਾਂ ਫ਼ਸਲਾਂ ਦੀ ਉਪਜ ਤੋਂ ਬਾਅਦ ਪ੍ਰੋਡਕਟ ਤਿਆਰ ਕਰਨ ’ਚ ਸ਼ੁਰੂ-ਸ਼ੁਰੂ ’ਚ ਦਿੱਕਤ ਆਈ ਤਾਂ ਫਿਰ ਇਸਦਾ ਹੱਲ ਲੱਭ ਕੇ ਪ੍ਰੋਡਕਟ ਵੀ ਖੁਦ ਤਿਆਰ ਕੀਤੇ ਜੋ ਪਿੰਡ ਖਿਆਲਾ ਕਲਾਂ ਦੇ ‘ਮਲਵਈ ਸਟੋਰ’ ’ਤੇ ਵੇਚਦੇ ਹਨ।

Punjab Farmer News

ਉਨ੍ਹਾਂ ਨੇ ਇੱਕੋ ਵੇਲੇ ਜ਼ਮੀਨ ’ਚੋਂ ਕਈ ਫ਼ਸਲਾਂ ਲੈਣ ਦਾ ਵੀ ਤਜ਼ਰਬਾ ਕੀਤਾ, ਜਿਸ ਤਰ੍ਹਾਂ ਗੰਨੇ ਦੀ ਕਾਸ਼ਤ ਮੌਕੇ ਉਸ ’ਚ ਮਿਰਚਾਂ ਅਤੇ ਹਲਦੀ ਬੀਜ ਦਿੱਤੀ, ਜਿਸ ’ਚੋਂ ਸਫ਼ਲਤਾ ਮਿਲੀ। ਜਟਾਣਾ ਨੂੰ ਜਦੋਂ ਪੁੱਛਿਆ ਕਿ ਤੁਹਾਡੀ ਯੋਗਤਾ ਇੱਕ ਅਧਿਆਪਕ ਦੀ ਹੈ ਪਰ ਤੁਹਾਨੂੰ ਖੁਦ ਨੂੰ ਖੇਤਾਂ ’ਚ ਮਜ਼ਦੂਰਾਂ ਨਾਲ ਕੰਮ ’ਚ ਰੁੱਝੇ ਵੇਖਦੇ ਹਾਂ ਤਾਂ ਉਨ੍ਹਾਂ ਦੱਸਿਆ ਕਿ ਖੇਤੀ ਉਨ੍ਹਾਂ ਨੂੰ ਵਿਰਾਸਤ ’ਚ ਮਿਲੀ ਹੈ ਇਸ ਲਈ ਇਹ ਛੱਡੀ ਨਹੀਂ ਜਾ ਸਕਦੀ ਸਗੋਂ ਸ਼ੌਂਕ ਨਾਲ ਕਰਦੇ ਹਾਂ। ਉਂਝ ਯੋਗਤਾ ਦੇ ਆਧਾਰ ’ਤੇ ਉਹ ਪਿੰਡ ਖਿਆਲਾ ਕਲਾਂ ’ਚ ਆਪਣਾ ਪ੍ਰਾਈਵੇਟ ਸਕੂਲ ਅਤੇ ਪਿੰਡ ਮਾਖਾ ’ਚ ਈਟੀਟੀ ਕਾਲਜ ਵੀ ਨਾਲੋ-ਨਾਲ ਚਲਾ ਰਹੇ ਹਨ।

ਵਿਦੇਸ਼ ਦੀ ਥਾਂ ਦੇਸ਼ ਨੂੰ ਹੀ ਚੁਣੋ

ਵਿਦੇਸ਼ ਜਾਣ ਲਈ ਕਾਹਲੇ ਨੌਜਵਾਨਾਂ ਨੂੰ ਹਰਦੀਪ ਸਿੰਘ ਜਟਾਣਾ ਨੇ ਸਲਾਹ ਦਿੱਤੀ ਕਿ ਲੱਖਾਂ ਰੁਪਏ ਖਰਚ ਕਰਕੇ ਵਿਦੇੇਸ਼ ਜਾਣ ਦੀ ਥਾਂ ਆਪਣੇ ਹੀ ਦੇਸ਼ ਅਤੇ ਸੂਬੇ ’ਚ ਰਹਿ ਕੇ ਖੇਤੀ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਹਾਇਕ ਧੰਦੇ ਸ਼ੁਰੂ ਕੀਤੇ ਜਾ ਸਕਦੇ ਹਨ, ਜਿਸ ਨਾਲ ਇਕੱਲਾ ਮੁਨਾਫਾ ਹੀ ਨਹੀਂ ਮਿਲੇਗਾ ਸਗੋਂ ਹੋਰਨਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵੀ ਤੁਸੀਂ ਕਾਬਿਲ ਬਣੋਂਗੇ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਕੀਤੀ ਜਾਂਦੀ ਵੱਖਰੀ ਖੇਤੀ ਅਤੇ ਮਾਰਕੀਟਿੰਗ ਆਦਿ ਦੇ ਜ਼ਰੀਏ ਕਰੀਬ ਦੋ ਦਰਜ਼ਨ ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ।

ਘਰ ਦੇ ਗੁਜ਼ਾਰੇ ਜੋਗੀਆਂ ਦਾਲ-ਸਬਜ਼ੀਆਂ ਆਪ ਬੀਜੋ : ਜਟਾਣਾ

ਕਿਸਾਨ ਵੀਰਾਂ ਨੂੰ ਸਲਾਹ ਦਿੰਦਿਆਂ ਹਰਦੀਪ ਸਿੰਘ ਜਟਾਣਾ ਨੇ ਕਿਹਾ ਕਿ ਕਿਸਾਨ ਆਪਣੇ ਘਰ ਦੇ ਗੁਜ਼ਾਰੇ ਜੋਗੀਆਂ ਦਾਲਾਂ-ਸਬਜ਼ੀਆਂ ਤੋਂ ਇਲਾਵਾ ਗੰਨੇ ਦੀ ਬਿਜਾਈ ਕਰਕੇ ਗੁੜ ਬਣਵਾਉਣ। ਅਜਿਹਾ ਕਰਨ ਨਾਲ, ਜਿੱਥੇ ਖਰਚਿਆਂ ਨੂੰ ਠੱਲ੍ਹ ਪਵੇਗੀ ਉੱਥੇ ਹੀ ਆਪਣੇ ਹੱਥੀਂ ਆਪਣੇ ਖੇਤ ਦੀਆਂ ਦਾਲਾਂ-ਸਬਜ਼ੀਆਂ ਸਰੀਰ ਲਈ ਵੀ ਲਾਹੇਵੰਦ ਸਾਬਿਤ ਹੋਣਗੀਆਂ।

ਰਵਾਇਤੀ ਤਰੀਕੇ ਨਾਲ ਤਿਆਰ ਗੁੜ ਦੀ ਵਿਦੇਸ਼ਾਂ ’ਚ ਵੀ ਵਿੱਕਰੀ

ਸਫ਼ਲ ਕਿਸਾਨ ਹਰਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਰਾਸਤੀ ਤਰੀਕੇ ਨਾਲ ਤਿਆਰ ਕੀਤੇ ਗੁੜ ਤੇ ਸ਼ੱਕਰ ਦੀ ਵਿਦੇਸ਼ਾਂ ’ਚ ਵੀ ਵਿਕਰੀ ਹੁੰਦੀ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆ ਆਦਿ ਦੇਸ਼ ਜਿੱਥੇ ਪੰਜਾਬੀ ਵਸਦੇ ਹਨ ਉਹ ਗੁੜ-ਸ਼ੱਕਰ ਦੀ ਖਰੀਦ ਉਨ੍ਹਾਂ ਤੋਂ ਹੀ ਕਰਦੇ ਹਨ। ਕੁਝ ਲੋਕ ਭਾਰਤ ਆਉਣ ’ਤੇ ਖੁਦ ਖਰੀਦ ਕੇ ਲੈ ਜਾਂਦੇ ਹਨ ਤੇ ਬਾਕੀਆਂ ਦੀ ਮੰਗ ’ਤੇ ਵਿਦੇਸ਼ਾਂ ’ਚ ਭੇਜ ਦਿੱਤਾ ਜਾਂਦਾ ਹੈ। ਜਟਾਣਾ ਨੇ ਦੱਸਿਆ ਕਿ ਉਨ੍ਹਾਂ ਨੇ ‘ਗੁੜ ਬੈਂਕ’ ਵੀ ਬਣਾਇਆ ਹੋਇਆ ਹੈ, ਜਿੱਥੇ ਲੋਕ ਇੱਕ ਵਾਰ ਇਕੱਠਾ ਗੁੜ ਖਰੀਦ ਕੇ ਜ਼ਮ੍ਹਾਂ ਕਰਵਾ ਦਿੰਦੇ ਹਨ ਤੇ ਬਾਅਦ ’ਚ ਲੋੜ ਅਨੁਸਾਰ ਲਿਜਾਂਦੇ ਰਹਿੰਦੇ ਹਨ ।

LEAVE A REPLY

Please enter your comment!
Please enter your name here