Bhagwant Mann News: ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ’ਚ 11 ਜ਼ਿੰਦਗੀਆਂ ਬਚਾਉਣ ਵਾਲੇ ਪੁਲਿਸ ਜਵਾਨਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਦਾ ਐਲਾਨ

Bhagwant Mann News
ਚੰਡੀਗੜ੍ਹ :ਚੰਡੀਗੜ੍ਹ ਪੁਲਿਸ ਜਵਾਨ ਮੁੱਖ ਮੰਤਰੀ ਪੰਜਾਬ ਨਾਲ।

Bhagwant Mann News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੰਘੀ 23 ਜੁਲਾਈ ਨੂੰ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ ਨਾਲ ਹਾਦਸੇ ਦਾ ਸ਼ਿਕਾਰ ਹੋਏ 11 ਲੋਕਾਂ ਨੂੰ ਸਹੀ ਸਲਾਮਤ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪੀਸੀਆਰ ਟੀਮ ਦਾ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਜਿਨ੍ਹਾਂ ਵਿੱਚ ਦੋ ਏਐੱਸਆਈ ਰਜਿੰਦਰ ਸਿੰਘ ਤੇ ਨਰਿੰਦਰ ਸਿੰਘ ਤੋਂ ਇਲਾਵਾ ਕਾਂਸਟੇਬਲ ਜਸਵੰਤ ਸਿੰਘ ਅਤੇ ਹਰਪਾਲ ਕੌਰ ਸ਼ਾਮਲ ਸਨ।

ਇਸ ਮੌਕੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਸਮਰਪਿਤ ਭਾਵਨਾ ਤੇ ਦ੍ਰਿੜ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰਕੇ ਪੰਜਾਬ ਪੁਲਿਸ ਦੀ ਗੌਰਵਮਈ ਵਿਰਾਸਤ ਨੂੰ ਕਾਇਮ ਰੱਖਿਆ ਹੈ। ਪੁਲਿਸ ਜਵਾਨਾਂ ਦੇ ਸਾਹਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏਐੱਸਆਈ ਨਰਿੰਦਰ ਸਿੰਘ ਨੇ ਕਾਰ ਵਿੱਚੋਂ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ: Heroin Trafficking Ferozepur: ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਸਫ਼ਲਤਾ, 15 ਕਿੱਲੋ ਹੈਰੋਇਨ ਸਮੇਤ ਇੱਕ ਕਾਬੂ

ਉਨ੍ਹਾਂ ਦੱਸਿਆ ਕਿ ਕਾਂਸਟੇਬਲ ਜਸਵੰਤ ਸਿੰਘ ਜੋ ਤੈਰਨਾ ਵੀ ਨਹੀਂ ਜਾਣਦਾ ਸੀ, ਵੀ ਨਰਿੰਦਰ ਸਿੰਘ ਦੇ ਨਾਲ ਗਿਆ ਅਤੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਸਮੁੱਚੇ ਪਰਿਵਾਰ ਨੂੰ ਬਚਾ ਲਿਆ। ਇਸ ਘਟਨਾ ਨੂੰ ਬਹਾਦਰੀ ਅਤੇ ਪੇਸ਼ੇਵਰ ਵਚਨਬੱਧਤਾ ਦੱਸਦਿਆਂ ਮੁੱਖ ਮੰਤਰੀ ਨੇ ਬਠਿੰਡਾ ਦੇ ਐੱਸਐੱਸਪੀ ਅਵਨੀਤ ਕੌਂਡਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਨ੍ਹਾਂ ਪੁਲਿਸ ਜਵਾਨਾਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਸ ਸਾਹਸ ਭਰੀ ਵਿਲੱਖਣ ਕਾਰਵਾਈ ਤੋਂ ਬਾਕੀ ਪੁਲਿਸ ਜਵਾਨ ਵੀ ਪ੍ਰੇਰਿਤ ਹੋਣਗੇ ਤਾਂ ਕਿ ਸੂਬੇ ਦੇ ਲੋਕਾਂ ਦੀ ਸੇਵਾ ਏਸੇ ਭਾਵਨਾ ਅਤੇ ਵਚਨਬੱਧਤਾ ਨਾਲ ਕੀਤੀ ਜਾ ਸਕੇ। Bhagwant Mann News