ਪੰਜਾਬ ਦੀਆਂ ਬੱਸਾਂ ਨੇ ਕਮਾਈ ’ਚ ਫੜੀ ਸਪੀਡ

Punjab News

ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਟਰਾਂਸਪੋਰਟ ਵਿਭਾਗ (Punjab buses) ਨੇ ਵਿੱਤੀ ਵਰੇ 2021-22 ਦੇ ਮੁਕਾਬਲੇ 2022-23 ਦੌਰਾਨ ਆਪਣੀ ਆਮਦਨ ਵਿੱਚ 661.51 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ।

ਉਨਾਂ ਦੱਸਿਆ ਕਿ ਲੰਘੇ ਵਿੱਤੀ ਵਰੇ ਦੌਰਾਨ ਵਿਭਾਗ ਨੂੰ ਆਪਣੇ ਤਿੰਨਾਂ ਵਿੰਗਾਂ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ), ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਅਤੇ ਪੰਜਾਬ ਰੋਡਵੇਜ਼/ਪਨਬੱਸ (Punjab buses) ਤੋਂ 4139.59 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਵਿੱਤੀ ਵਰੇ 2021-22 ਦੌਰਾਨ 3478.08 ਕਰੋੜ ਰੁਪਏ ਸੀ। ਉਨਾਂ ਦੱਸਿਆ ਕਿ ਆਮਦਨ ਵਿੱਚ ਇਹ ਵਾਧਾ 19.01 ਫ਼ੀਸਦੀ ਬਣਦਾ ਹੈ।

ਅਪਰੈਲ 2022 ਤੋਂ ਮਾਰਚ 2023 ਦਰਮਿਆਨ ਹੋਈ 4139.59 ਕਰੋੜ ਰੁਪਏ ਦੀ ਆਮਦਨ

ਕੈਬਨਿਟ ਮੰਤਰੀ ਨੇ ਵਿੰਗ-ਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ 2021 ਤੋਂ ਮਾਰਚ 2022 ਤੱਕ ਕੁੱਲ 2358.96 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਵਿੱਤੀ ਵਰੇ 2022-23 ਦੌਰਾਨ ਵਧ ਕੇ 2631.18 ਕਰੋੜ ਰੁਪਏ ਹੋ ਗਈ। ਉਨਾਂ ਕਿਹਾ ਕਿ 272.22 ਕਰੋੜ ਰੁਪਏ ਦਾ ਇਹ ਵਾਧਾ 11.53 ਫ਼ੀਸਦੀ ਬਣਦਾ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਸੇ ਤਰਾਂ ਪੀ.ਆਰ.ਟੀ.ਸੀ. ਨੇ ਵਿੱਤੀ ਵਰੇ 2022-23 ਦੌਰਾਨ 235.49 ਕਰੋੜ ਰੁਪਏ ਦੇ ਵਾਧੇ ਨਾਲ 807.53 ਕਰੋੜ ਰੁਪਏ ਕਮਾਈ ਕੀਤੀ ਜਦਕਿ ਅਪਰੈਲ 2021 ਤੋਂ ਮਾਰਚ 2022 ਤੱਕ ਇਹ ਆਮਦਨ 572.04 ਕਰੋੜ ਰੁਪਏ ਸੀ।

ਉਨਾਂ ਦੱਸਿਆ ਕਿ ਇਹ ਵਾਧਾ 41.16 ਫ਼ੀਸਦੀ ਬਣਦਾ ਹੈ। ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅਪ੍ਰੈਲ 2021 ਤੋਂ ਮਾਰਚ 2022 ਤੱਕ ਪੰਜਾਬ ਰੋਡਵੇਜ਼/ਪਨਬੱਸ ਨੇ 547.08 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਆਮਦਨ ਵਿੱਤੀ ਵਰੇ 2022-23 ਦੌਰਾਨ ਵਧ ਕੇ 700.88 ਕਰੋੜ ਰੁਪਏ ਹੋ ਗਈ। ਉਨਾਂ ਦੱਸਿਆ ਕਿ 153.80 ਕਰੋੜ ਰੁਪਏ ਦਾ ਇਹ ਵਾਧਾ 28.11 ਫ਼ੀਸਦੀ ਬਣਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ