ਕੋਰੋਨਾ ਪਾਜ਼ਿਟਿਵ 2 ਵਿਧਾਇਕ ਬੈਠੇ ਰਹੇ ਵਿਧਾਨ ਸਭਾ ‘ਚ, ਕਈ ਆ ‘ਗੇ ਵਿਧਾਇਕ ਸੰਪਰਕ ‘ਚ
- ਧਰੀ ਧਰਾਈ ਰਹਿ ਗਈ ਪੰਜਾਬ ਵਿਧਾਨ ਸਭਾ ਦੀ ਤਿਆਰੀ, ਸਖ਼ਤ ਇੰਤਜ਼ਾਮ ਤੋਂ ਬਾਅਦ ਹੋਈ ਕੋਰੋਨਾ ਦੀ ਐਂਟਰੀ
- ਕਈ ਕਾਂਗਰਸੀ ਵਿਧਾਇਕਾਂ ਨਾਲ ਕੀਤਾ ਮੇਲ-ਮਿਲਾਪ, ਹੁਣ ਵੱਡਾ ਖਤਰਾ ਹੋ ਗਿਆ ਐ ਪੈਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਸੈਸ਼ਨ ਦੌਰਾਨ ਸਖ਼ਤ ਤਿਆਰੀਆਂ ਦੇ ਬਾਵਜੂਦ ਸਦਨ ਦੇ ਅੰਦਰ ਕੋਰੋਨਾ ਦੀ ਐਂਟਰੀ ਹੋ ਹੀ ਗਈ ਹੈ। ਸਦਨ ਦੇ ਅੰਦਰ 2 ਕੋਰੋਨਾ ਪਾਜ਼ਿਟਿਵ ਵਿਧਾਇਕਾਂ ਕੇ ਸ਼ਾਮਲ ਹੋਣ ਕਾਰਨ ਹੁਣ ਬਾਕੀ ਵਿਧਾਇਕਾਂ ਵਿੱਚ ਘਬਰਾਹਟ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਦਵੇਂ ਕੋਰੋਨਾ ਪਾਜ਼ਿਟਿਵ ਵਿਧਾਇਕ ਸਦਨ ਦੇ ਅੰਦਰ ਕਾਰਵਾਈ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਆਪਣੇ ਸਾਥੀ ਵਿਧਾਇਕਾਂ ਨੂੰ ਵੀ ਮਿਲ ਰਹੇ ਸਨ। ਉਸ ਸਮੇਂ ਤੱਕ ਇਨ੍ਹਾਂ ਦੋਵਾਂ ਕੋਰੋਨਾ ਪਾਜ਼ਿਟਿਵ ਵਿਧਾਇਕਾਂ ਨੂੰ ਵੀ ਪਤਾ ਨਹੀਂ ਸੀ, ਜਿਸ ਕਾਰਨ ਉਨਾਂ ਵਲੋਂ ਕੋਈ ਜ਼ਿਆਦਾ ਦੂਰੀ ਕਾਇਮ ਕਰਨ ਦੀ ਥਾਂ ‘ਤੇ ਨੇੜੇ ਤੋਂ ਹੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਜਿਸ ਕਾਰਨ ਹੀ ਸਾਥੀ ਵਿਧਾਇਕ ਅਤੇ ਮੰਤਰੀ ਹੁਣ ਘਬਰਾਹਟ ਵੀ ਮਹਿਸੂਸ ਕਰ ਰਹੇ ਹਨ।
ਚੰਡੀਗੜ੍ਹ : ਸਦਨ ਅੰਦਰ ਕੋਰੋਨਾ ਪਾਜ਼ਿਟਿਵ ਵਿਧਾਇਕ ਕੁਲਬੀਰ ਜ਼ੀਰਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਦੇ ਹੋਏ ਇਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੂੰ ਵੀ ਕੋਰੋਨਾ ਹੋਣ ਦਾ ਡਰ ਬਣ ਗਿਆ ਹੈ।
Punjab Assembly Session: Corona Positive MLA Meet CM
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਗ ਲੈਣ ਵਾਲੇ ਵਿਧਾਇਕਾਂ ਲਈ ਕੋਰੋਨਾ ਦੀ ਨੈਗਟਿਵ ਰਿਪੋਰਟ ਲੈ ਕੇ ਆਉਣਾ ਜ਼ਰੂਰੀ ਕੀਤਾ ਹੋਇਆ ਸੀ। ਜਿਸ ਦੌਰਾਨ 55 ਦੇ ਲਗਭਗ ਆਪਣੀ ਕੋਰੋਨਾ ਪਾਜ਼ਿਟਿਵ ਰਿਪੋਰਟ ਲੈ ਕੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਪੁੱਜੇ ਸਨ। ਸ਼ੁਤਰਾਨਾ ਤੋਂ ਵਿਧਾਇਕ ਨਿਰਮਲ ਸਿੰਘ ਵੱਲੋਂ 25 ਅਗਸਤ ਨੂੰ ਆਪਣਾ ਟੈਸਟ ਕਰਵਾਇਆ ਗਿਆ ਸੀ ਅਤੇ ਉਹ ਟੈਸਟ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਹੋ ਗਏ।
ਸਦਨ ਵਿੱਚ 20-25 ਮਿੰਟ ਸਮਾਂ ਬਿਤਾਉਣ ਤੋਂ ਬਾਅਦ ਵਿਧਾਇਕ ਨਿਰਮਲ ਸਿੰਘ ਨੂੰ ਬੁਖ਼ਾਰ ਹੋਣਾ ਸ਼ੁਰੂ ਹੋ ਗਿਆ ਅਤੇ ਜਿਸ ਕਾਰਨ ਉਹ ਜਦੋਂ 11:30 ਦੇ ਲਗਭਗ ਦਵਾਈ ਲੈਣ ਲਈ ਡਾਕਟਰ ਕੋਲ ਪੁੱਜੇ ਤਾਂ ਮੌਕੇ ‘ਤੇ ਹੀ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਮੁੜ ਤੋਂ ਕਰ ਲਿਆ ਗਿਆ, ਕਿਉਂਕਿ ਲੱਛਣ ਕੋਰੋਨਾ ਵਲ ਇਸ਼ਾਰਾ ਕਰ ਰਹੇ ਸਨ। ਟੈਸਟ ਕਰਵਾਉਣ ਤੋਂ ਤੁਰੰਤ ਬਾਅਦ ਹੀ ਨਿਰਮਲ ਸਿੰਘ ਦੀ ਰਿਪੋਰਟ ਪਾਜ਼ਿਟਿਵ ਆ ਗਈ ਅਤੇ ਉਨ੍ਹਾਂ ਨੇ ਮੁੜ ਤੋਂ ਸੈਸ਼ਨ ਵਿੱਚ ਜਾਣ ਦੀ ਥਾਂ ‘ਤੇ ਆਪਣੇ ਘਰ ਵਲ ਰਵਾਨਗੀ ਪਾ ਲਈ ਪਰ ਸਦਨ ਵਿੱਚ 20-25 ਮਿੰਟ ਬਿਤਾਉਣ ਮੌਕੇ ਉਹ ਕਈ ਕਾਂਗਰਸੀ ਵਿਧਾਇਕਾਂ ਦੇ ਸੰਪਰਕ ਵਿੱਚ ਆ ਚੁੱਕੇ ਸਨ।
Punjab Assembly Session:
ਇਸੇ ਤਰ੍ਹਾਂ ਜੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਵਲੋਂ 2 ਦਿਨ ਪਹਿਲਾਂ ਜੀਰਾ ਦੇ ਸਰਕਾਰੀ ਹਸਪਤਾਲ ਵਿਖੇ ਆਰ.ਟੀ.ਪੀ.ਸੀ.ਆਰ. ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਦੋ ਦਿਨਾਂ ਬਾਅਦ ਆਉਂਦੀ ਹੈ। ਸ਼ੁੱਕਰਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਹੋਣ ਕਾਰਨ ਉਨ੍ਹਾਂ ਨੇ ਚੰਡੀਗੜ੍ਹ ਆ ਕੇ ਰੈਪਿਡ ਟੈਸਟ ਕਰਵਾ ਲਿਆ, ਜਿਸ ਵਿੱਚ ਟੈਸਟ ਰਿਪੋਰਟ ਨੈਗਟਿਵ ਆਉਣ ਕਾਰਨ ਉਹ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਲੈਣ ਲਈ ਚਲੇ ਗਏ। ਵਿਧਾਨ ਸਭਾ ਦੇ ਅੰਦਰ 1 ਘੰਟੇ ਤੋਂ ਜ਼ਿਆਦਾ ਸਮਾਂ ਰਹਿਣ ਨਾਲ ਹੀ ਉਨ੍ਹਾਂ ਨੇ ਕਾਫ਼ੀ ਜ਼ਿਆਦਾ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਲਗਭਗ 12:15 ‘ਤੇ ਉਨ੍ਹਾਂ ਨੂੰ ਜੀਰਾ ਹਸਪਤਾਲ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਆਰ.ਟੀ.ਪੀ.ਸੀ.ਆਰ. ਕੋਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਤੋਂ ਬਾਅਦ ਉਹ ਵਿਧਾਨ ਸਭਾ ਤੋਂ ਚਲੇ ਗਏ ਪਰ ਉਸ ਸਮੇਂ ਤੱਕ ਉਹ ਕਾਫ਼ੀ ਜ਼ਿਆਦਾ ਵਿਧਾਇਕਾਂ ਨੂੰ ਮਿਲ ਚੁੱਕੇ ਸਨ।
ਜ਼ੀਰਾ ਨੂੰ ਮਿਲਣ ਕਰਕੇ ਅਮਰਿੰਦਰ ਇਕਾਂਤਵਾਸ
ਵਿਧਾਨ ਸਭਾ ਦੇ ਅੰਦਰ ਕੋਰੋਨਾ ਪਾਜ਼ਿਟਿਵ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਮੁੱਖ ਮੰਤਰੀ ਨੂੰ ਮਿਲੇ ਜ਼ੀਰਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੇ ਨਾਲ ਹੀ ਮੁੱਖ ਮੰਤਰੀ ਨਾਲ ਬਹੁਤ ਨੇੜਿਓਂ ਗੱਲਬਾਤ ਵੀ ਕੀਤੀ ਸੀ। ਸੈਸ਼ਨ ਦੀ ਸਮਾਪਤੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਇਕਾਂਤਵਾਸ ਹੋ ਗਏ ਹਨ ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆਂ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.