ਪੰਜਾਬ ਵਿਧਾਨ ਸਭਾ ਚੋਣਾਂ : ਅਮਨ-ਅਮਾਨ ਨਾਲ ਵੋਟਾਂ ਜਾਰੀ
- ਮੋਗਾ ’ਚ 10 ਵਜੇ ਤੱਕ 5.26 ਫੀਸਦੀ ਹੋਈ ਵੋਟਿੰਗ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਅਮਨ-ਅਮਾਨ ਨਾਲ ਜਾਰੀ ਹਨ। ਸੂਬੇ ਦੇ ਲੋਕ ਵੋਟ ਪਾਉਣ ਲਈ ਉਮੜ ਪਏ ਹਨ। ਜਿਵੇਂ-ਜਿਵੇਂ ਧੁੱਖ ਖਿੜਦੀ ਜਾ ਰਹੀ ਹੈ ਲੋਕ ਵੀ ਘਰਾਂ ’ਚੋਂ ਵੋਟ ਪਾਉਣ ਲਈ ਨਿਕਲ ਰਹੇ। ਵੱਖ-ਵੱਖ ਪੋਲਿੰਗ ਬੂਥਾਂ ’ਤੇ ਲਾਈਨਾਂ ਲੰਮੀਆਂ ਹੋ ਗਈਆਂ ਹਨ। ਸੂਬੇ ’ਚ ਹੁਣ ਤੱਕ 4.80 ਫੀਸਦੀ ਵੋਟਿੰਗ ਹੋ ਗਈ ਹੈ। ਹਾਲੇ ਤੱਕ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਹੈ। ਹਰ ਪੋਲਿੰਗ ਬੂਥ ’ਤੇ ਸੁਰੱਖਿਆ ਸਖਤ ਕੀਤੀ ਗਈ ਹੈ। ਪਹਿਲੇ ਘੰਟੇ ਵਿੱਚ 4.80% ਮਤਦਾਨ ਹੋਇਆ।
ਪੰਜਾਬ ਦੇ ਕਈ ਵੱਡੇ ਆਗੂ ਵੋਟ ਪਾ ਚੁੱਕੇ ਹਨ ਤੇ ਕੁਝ ਵੱਡੇ ਆਗੂ ਹਾਲੇ ਵੋਟ ਪਾਉਣ ਲਈ ਆ ਰਹੇ ਹਨ। ਵੋਟ ਪਾਉਣ ਵਾਲੇ ਵੱਡੇ ਆਗੂਆਂ ’ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਭਗਵੰਤ ਮਾਨ, ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਵੇਰੇ ਹੀ ਆਪਣੀ ਵੋਟ ਪਾਈ ਹੈ। ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚਾੜਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ ’ਚ ਕੁੱਲ 2,14, 99,804 ਵੋਟਰ ਹਨ।
ਖਨੌਰੀ : ਪਹਿਲੀ ਵਾਰ ਵੋਟ ਪਾਉਣ ਤੇ ਪ੍ਰਸੰਸਾ ਪੱਤਰ ਦਿੰਦੇ ਹੋਏ।
ਮੋਗਾ : ਵੋਟ ਪਾਉਣ ਲਈ ਜਾਂਦੀ ਹੋਈ ਬਜ਼ਰਗ ਔਰਤ।
ਮੋਗਾ : ਕੋਰੋਨਾ ਦੇ ਮੱਦੇਨਜ਼ਰ ਵੋਟ ਪਾਉਣ ਤੋਂ ਪਹਿਲਾਂ ਸੈਨਟਾਈਜ਼ ਕਰਦੇ ਵੋਟਰ। ਤਸਵੀਰਾਂ : ਵਿੱਕੀ
ਜਲਾਲਾਬਾਦ ’ਚ ਈ ਵੀ ਐੱਮ ਮਸ਼ੀਨ ਦੀ ਵੀਵੀਪੈਡ ਖ਼ਰਾਬ ਹੋਣ ਕਾਰਨ ਕੁਝ ਦੇਰ ਵੋਟਿੰਗ ਰੁੱਕਣ ਤੋਂ ਬਾਅਦ ਮੁੜ ਸ਼ੁਰੂ
ਜਲਾਲਾਬਾਦ ਦੇ ਬੂਥ ਨੰਬਰ 75 ’ਤੇ ਈ ਵੀ ਐੱਮ ਮਸ਼ੀਨ ਦੀ ਵੀਵੀਪੈਡ ਖ਼ਰਾਬ ਹੋਣ ਕਾਰਨ ਮਤਦਾਨ ਕੁਝ ਦੇਰ ਲਈ ਚੁੱਕਿਆ ਸੀ ਪਰ ਅਮਲੇ ਵੱਲੋਂ ਮਸ਼ੀਨ ਦੀ ਬਦਲੀ ਕਰਕੇ ਦੁਬਾਰਾ ਚੋਣ ਸ਼ੁਰੂ ਕਰ ਦਿੱਤੀ ਗਈ ਹੈ।
ਬਠਿੰਡਾ ਜ਼ਿਲ੍ਹੇ ‘ਚ ਪਹਿਲੇ ਰਾਊਂਡ ਵਿੱਚ 6.1 ਫੀਸਦੀ ਹੋਈ ਪੋਲਿੰਗ
(ਸੁਖਜੀਤ ਮਾਨ) ਬਠਿੰਡਾ। ਜਿਲ੍ਹਾ ਬਠਿੰਡਾ ਵਿੱਚ ਅੱਜ ਵਿਧਾਨ ਸਭਾ ਚੋਣਾਂ ਪੈਣ ਦੀ ਸ਼ੁਰੂਆਤ ਸ਼ਾਂਤਮਈ ਢੰਗ ਨਾਲ ਹੋਈ। ਪੋਲਿੰਗ ਦੇ ਪਹਿਲੇ ਰਾਊਂਡ ਵਿੱਚ ਜ਼ਿਲ੍ਹੇ ਭਰ ਦੇ 6 ਹਲਕਿਆਂ ਵਿੱਚ 6.1 ਫੀਸਦੀ ਵੋਟਿੰਗ ਹੋਈ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਹਿਲੇ ਰਾਊਂਡ ਵਿੱਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ 5.5 ਫੀਸਦੀ, ਬਠਿੰਡਾ ਦਿਹਾਤੀ ਵਿੱਚ 4.03, ਹਲਕਾ ਰਾਮਪੁਰਾ ਵਿੱਚ 7 ਫੀਸਦੀ, ਹਲਕਾ ਤਲਵੰਡੀ ਸਾਬੋ ਵਿੱਚ 6.95 ਫੀਸਦੀ, ਹਲਕਾ ਭੁੱਚੋ ਮੰਡੀ ਵਿੱਚ 5.03 ਅਤੇ ਹਲਕਾ ਮੌੜ ਵਿੱਚ 6.1 ਫੀਸਦੀ ਵੋਟ ਪੋਲ ਹੋ ਚੁੱਕੀ ਹੈ।
ਫੋਟੋ ਕੈਪਸ਼ਨ -ਬਠਿੰਡਾ : ਵੋਟ ਪਾਉਣ ਪੁੱਜੇ ਵੋਟਰਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ।
117 ਸੀਟਾਂ, 1304 ਉਮੀਦਵਾਰ ਮੈਦਾਨ ’ਚ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜਾਬ ਵਿੱਚ 93 ਔਰਤਾਂ ਸਮੇਤ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮ. ਮਸ਼ੀਨ ’ਚ ਬੰਦ ਹੋਵੇਗਾ। ਇਸ ਚੋਣ ਵਿੱਚ ਵੱਖ-ਵੱਖ ਕੌਮੀ ਪਾਰਟੀਆਂ ਦੇ 231 ਉਮੀਦਵਾਰ, ਸੂਬਾਈ ਪਾਰਟੀਆਂ ਦੇ 250, ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 362 ਅਤੇ ਆਜ਼ਾਦ ਉਮੀਦਵਾਰ 462 ਹਨ। ਇਨ੍ਹਾਂ ਵਿੱਚੋਂ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਹਨ। ਸੂਬੇ ’ਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਚੋਣ ਲੜ ਰਹੀ ਹਨ।
24,740 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ
ਸੂਬੇ ਵਿੱਚ 14,684 ਥਾਵਾਂ ‘ਤੇ 24,740 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 1,051 ਥਾਵਾਂ ’ਤੇ 2,013 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਚੋਣਾਂ ਵਿੱਚ ਸੂਬੇ ਦੇ ਕੁੱਲ 2,14,99,804 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। ਚੋਣਾਂ ਵਿੱਚ ਪਹਿਲੀ ਵਾਰ 348836 ਵੋਟਰ ਵੋਟ ਪਾਉਣਗੇ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਧਾਂਦਲੀ ਦੀ ਸ਼ਿਕਾਇਤ 1950 ‘ਤੇ ਕਰੋ
ਕਮਿਸ਼ਨ ਨੇ ਵੋਟਰਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਪੈਸਾ, ਸ਼ਰਾਬ, ਨਸ਼ੀਲੇ ਪਦਾਰਥ ਜਾਂ ਕਿਸੇ ਕਿਸਮ ਦਾ ਕੋਈ ਲਾਲਚ ਜਾਂ ਧਮਕੀ ਦਿੰਦਾਹੈ, ਤਾਂ ਉਹ ਇਸ ਦੀ ਸ਼ਿਕਾਇਤ ਸੀ-ਵਿਜੀਲ ਐਪ ਜਾਂ ਵੋਟਰ ਹੈਲਪਲਾਈਨ 1950 ‘ਤੇ ਕਰਨ।
ਵੈਕਸੀਨ ਸਰਟੀਫਿਕੇਟ ਦੀ ਲੋੜ ਨਹੀਂ ਹੈ
ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ ਕਰੁਣਾ ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟਿੰਗ ਲਈ ਵੈਕਸੀਨ ਸਰਟੀਫਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਰ ਕੋਲ ਆਪਣਾ ਵੋਟਰ ਕਾਰਡ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਨੇ ਵੈਕਸੀਨ ਸਰਟੀਫਿਕੇਟ ਨੂੰ ਅਫਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਵਿੱਚ ਕਿਤੇ ਵੀ ਉਨ੍ਹਾਂ ਨੂੰ ਇਸ ਬਾਰੇ ਨਹੀਂ ਪੁੱਛਿਆ ਜਾਵੇਗਾ।
ਵੋਟਰ ਸ਼ਨਾਖਤੀ ਕਾਰਡ ਨਾ ਹੋਣ ’ਤੇ ਇਨਾਂ ਦਸਤਾਵੇਜ਼ਾਂ ਦੀ ਕਰੋ ਵਰਤੋਂ
ਵੋਟਾਂ ’ਚ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਐਪਿਕ ਵੋਟਰ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਉਹ ਵੋਟਰ ਹੋਰ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁਕ, ਮਗਨਰੇਗਾ ਕਾਰਡ, ਡਰਾਈਵਿੰਗ ਲਾਇਸੈਂਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਮਲੇ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।
2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ
2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।
ਕਾਂਗਰਸ : 77
ਆਮ ਆਦਮੀ ਪਾਰਟੀ : 20
ਭਾਜਪਾ : 3
ਸ਼੍ਰੋਮਣੀ ਅਕਾਲੀ ਦਲ : 15
ਹੋਰ : 2
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ