ਅੰਤਿਮ ਦਰਸ਼ਨਾਂ ਤੋਂ ਬਾਅਦ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੇ ਪੰਜਾਬ ਦੇ ਸ਼ਹੀਦ ਹੋਏ 4 ਜਵਾਨਾਂ ਦੀਆਂ ਮ੍ਰਿਤਕ ਦੇਹਾਂ, ਉਨ੍ਹਾਂ ਦੇ ਘਰ ਪਹੁੰਚ ਗਈਆਂ ਹਨ। ਅੰਤਿਮ ਦਰਸ਼ਨਾਂ ਤੋਂ ਬਾਅਦ ਫੌਜੀ ਜਵਾਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ‘ਚ ਰੋਪੜ ਦੇ ਪਿੰਡ ਰੌਲੀ ਦਾ ਸ਼ਹੀਦ ਕੁਲਵਿੰਦਰ ਸਿੰਘ, ਦੀਨਾਨਗਰ ਸ਼ਹਿਰ ਦੀ ਕਲੋਨੀ ਆਰੀਆ ਨਗਰ ਦਾ ਮਨਜਿੰਦਰ ਸਿੰਘ, ਮੋਗਾ ਦੇ ਪਿੰਡ ਘਲੋਟੀ ਦਾ ਜੈਮਲ ਸਿੰਘ ਅਤੇ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਸੁਖਜਿੰਦਰ ਸਿੰਘ ਸ਼ਾਮਲ ਹਨ।
ਸਾਰੇ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਜਾਈਆਂ ਗਈਆਂ ਸਨ ਜਿੱਥੋਂ ਰਾਤ ਨੂੰ ਹੀ ਇਹਨਾਂ ਨੂੰ ਅੱਗੇ ਰਵਾਨਾ ਕੀਤਾ ਗਿਆ। ਇਸ ਦੌਰਾਨ ਭਾਰਤ ਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਤੋਂ ਬਾਅਦ ਪੰਜਾਬ ਦੇ ਚਾਰ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਿੱਲੀ ਤੋਂ ਕਾਂਗੜਾ ਹਵਾਈ ਅੱਡੇ ‘ਤੇ ਭੇਜਿਆ ਗਿਆ ਤੇ ਕਾਂਗੜਾ ਤੋਂ ਰਾਤ ਨੂੰ ਹੀ ਜਵਾਨਾਂ ਦੇ ਜੱਦੀ ਪਿੰਡ ਦੇ ਨੇੜਲੇ ਪੁਲਿਸ ਥਾਣੇ ਤੱਕ ਮ੍ਰਿਤਕ ਦੇਹਾਂ ਪਹੁੰਚਾਈਆਂ ਗਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














