ਬਠਿੰਡਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ (PSEB 10th Result) ’ਚੋਂ ਜਿੱਥੇ ਪੰਜਾਬ ਭਰ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਪੇਂਡੂ ਸਕੂਲਾਂ ਦੀਆਂ ਵਿਦਿਆਰਥਣਾਂ ਆਈਆਂ ਹਨ, ਉੱਥੇ ਹੀ ਸਮੁੱਚੇ ਨਤੀਜੇ ’ਚ ਵੀ ਪੇਂਡੂ ਸਕੂਲਾਂ ਦਾ ਦਬਦਬਾ ਰਿਹਾ ਹੈ। ਸ਼ਹਿਰਾਂ ਵਾਲੇ ਸਕੂਲ ਪਾਸ ਫੀਸਦੀ ’ਚ ਪਿੰਡਾਂ ਵਾਲੇ ਸਕੂਲਾਂ ਨਾਲੋਂ ਪਿਛਾਂਹ ਰਹਿ ਗਏ ਹਨ।
PSEB Matriculation result declared
ਨਤੀਜੇ ਦੇ ਅੰਕੜਿਆਂ ’ਤੇ ਮਾਰੀ ਝਾਤ ਮੁਤਾਬਿਕ ਕੁੱਲ 2 ਲੱਖ 81 ਹਜ਼ਾਰ 327 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ 2 ਲੱਖ 74 ਹਜ਼ਾਰ 400 (97.54 ਫੀਸਦੀ) ਪਾਸ ਹੋਏ ਹਨ। ਕੁੱਲ ਵਿਦਿਆਰਥੀਆਂ ’ਚੋਂ ਪੇਂਡੂ ਤੇ ਸ਼ਹਿਰੀ ਖੇਤਰਾਂ ਦਾ ਮੁਲਾਂਕਣ ਕਰੀਏ ਤਾਂ ਪੇਂਡੂ ਖੇਤਰਾਂ ਦੇ 1 ਲੱਖ 84 ਹਜ਼ਾਰ 930 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ 1 ਲੱਖ 81 ਹਜ਼ਾਰ 113 (97.94 ਫੀਸਦੀ) ਪਾਸ ਹੋ ਗਏ। ਸ਼ਹਿਰੀ ਖੇਤਰਾਂ ’ਚੋਂ 96 ਹਜ਼ਾਰ 397 ਵਿਦਿਆਰਥੀ ਪ੍ਰੀਖਿਆ ’ਚ ਬੈਠੇ ਸੀ ਜਿਸ ’ਚੋਂ 93287 (96.77 ਫੀਸਦੀ) ਸਫਲ ਹੋਏ ਹਨ। ਪਾਸ ਫੀਸਦੀ ’ਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ, ਕਿਵੇਂ ਚੈੱਕ ਕਰੀਏ ਨਤੀਜਾ
ਸਰਕਾਰੀ ਸਕੂਲਾਂ ਦੇ 1 ਲੱਖ 89 ਹਜ਼ਾਰ 211 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ’ਚੋਂ 1 ਲੱਖ 84 ਹਜ਼ਾਰ 974 (97.76 ਫੀਸਦੀ) ਪਾਸ ਹੋਏ ਹਨ। ਪ੍ਰਾਈਵੇਟ ਸਕੂਲਾਂ ਦੇ 92 ਹਜ਼ਾਰ 116 ਵਿਦਿਆਰਥੀਆਂ ’ਚੋਂ 89 ਹਜ਼ਾਰ 426 (97 ਫੀਸਦੀ) ਸਫਲ ਹੋਏ ਹਨ। ਹਰ ਵਾਰ ਦੀ ਤਰ੍ਹਾਂ ਪਹਿਲੇ ਤਿੰਨ ਸਥਾਨਾਂ ਵਾਂਗ ਸਮੁੱਚੇ ਨਤੀਜੇ ’ਚ ਵੀ ਕੁੜੀਆਂ ਦੀ ਚੜ੍ਹਤ ਰਹੀ ਹੈ। ਪੰਜਾਬ ਭਰ ’ਚੋਂ 1 ਲੱਖ 31 ਹਜ਼ਾਰ 319 ਕੁੜੀਆਂ ਪ੍ਰੀਖਿਆ ’ਚ ਬੈਠੀਆਂ ਸੀ ਜਿਸ ’ਚੋਂ 1 ਲੱਖ 29 ਹਜ਼ਾਰ 297 (98.46) ਪਾਸ ਹੋ ਗਈਆਂ ਹਨ ਜਦੋਂਕਿ ਮੁੰਡਿਆਂ ’ਚ 1 ਲੱਖ 50 ਹਜ਼ਾਰ 05 ’ਚੋਂ 1 ਲੱਖ 45 ਹਜ਼ਾਰ 100 (96.73) ਫੀਸਦੀ ਪਾਸ ਹੋਏ ਹਨ। ਤਿੰਨ ਥਰਡ ਜੈਂਡਰ ਵਿਦਿਆਰਥੀਆਂ ਨੇ ਵੀ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਜੋ ਤਿੰਨੋਂ ਹੀ ਪਾਸ ਹੋ ਗਏ ।