ਸਸਤੇ ਸਫਰ ਦਾ ਆਨੰਦ ਦੇਣ ਲਈ ਪੀ.ਆਰ.ਟੀ.ਸੀ ਨੇ ਦੋ ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ (Bus Travel)
- ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ਦੀ ਕਸੀ ਨਕੇਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ ਦੋ ਬੱਸਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ। ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਲੰਮੇ ਸਮੇਂ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੇ ਚੰਗੇ ਕਾਮਿਆਂ ਦੇ ਹਰ ਤਰ੍ਹਾਂ ਨਾਲ ਮਿਲ ਰਹੇ ਸਾਥ ਨਾਲ ਵਿਭਾਗ ਛੇਤੀ ਵਾਧੇ ਦਾ ਵਿਭਾਗ ਬਣ ਕੇ ਉਭਰਨ ਦੀ ਗੱਲ ਵੀ ਆਖੀ। (Bus Travel)
ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਸ਼ੁਰੂ ਕੀਤੀਆ 2 ਏ ਸੀ ਵੋਲਵੋ ਬੱਸਾਂ ਚੰਡੀਗੜ੍ਹ ਤੋਂ ਅਬਹੋਰ ਇਲਾਕੇ ਜਾਣਗੀਆਂ, ਜਿਸ ਨਾਲ ਹੁਣ ਲੋਕ ਸਸਤੇ ਤੇ ਸੁਖਾਲੇ ਸਫਰ ਦਾ ਆਨੰਦ ਮਾਣ ਸਕਣਗੇ। ਖ਼ਾਸ ਕਰ ਇਸ ਸਸਤੇ ਸਫਰ ਨਾਲ ਜਿਥੇ ਲੋਕਾਂ ਦੀ ਜੇਬ ਦਾ ਵਾਧੂ ਬੋਝ ਘਟੇਗਾ ਅਤੇ ਉਥੇ ਹੀ ਪੀਆਰਟੀਸੀ ਦੀ ਆਰਥਿਕ ਸਥਿਤੀ ਵੀ ਹੋਰ ਚੰਗੀ ਹੋਵੇਗੀ।
ਹਡਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ ਪੀਆਰਟੀਸੀ ਨੂੰ ਅਕਸਰ ਘਾਟੇ ਵਿੱਚ ਦਿਖਾਇਆ ਜਾਂਦਾ ਸੀ ਜਿਸ ਦਾ ਸਭ ਤੋਂ ਵੱਡਾ ਕਾਰਨ 70 ਸਾਲ ਤੋਂ ਕਬਜ਼ਾ ਕਰੀ ਬੈਠੀਆਂ ਸਰਕਾਰਾਂ ਅਤੇ ਕੁੱਝ ਲੋਕ ਸਨ, ਜੋ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਘੁਣ ਵਾਂਗ ਖਾ ਰਹੇ ਸਨ। ਇਹ ਹੀ ਨਹੀਂ ਬਲਕਿ ਸਾਬਕਾ ਸਰਕਾਰਾਂ ਦੀ ਸ਼ਹਿ ’ਤੇ ਮੋਟੇ ਪੈਸੇ ਕਮਾ ਚੁੱਕੇ ਕੁੱਝ ਪ੍ਰਾਈਵੇਟ ਬੱਸ ਮਾਲਕ ਦੇਰ ਰਾਤ ਨਜਾਇ਼ਜ਼ ਬੱਸਾਂ ਚਲਾ ਕੇ ਪੀਆਰਟੀਸੀ ਦਾ ਸਿਰ ਦਰਦ ਬਣੇ ਹੋਏ ਸਨ। ਜਿਨ੍ਹਾਂ ਵਿਚੋਂ ਹੁਣ ਤੱਕ 21 ਦੇ ਕਰੀਬ ਪ੍ਰਾਈਵੇਟ ਨਜਾਇਜ ਬੱਸਾਂ ਨੂੰ ਫੜ ਕੇ ਸਟੇਟ ਟਰਾਂਸਪੋਰਟ ਤਹਿਤ ਬਣਦੀ ਕਾਰਵਾਈ ਕਰ ਕੇ ਮੋਟਾ ਜੁਰਮਾਨਾ ਜਾ ਬੰਦ ਕਰਵਾਈਆਂ ਗਈਆਂ ਹਨ। (Bus Travel)
ਮਹਿਕਮੇ ਵਿੱਚ ਵੀ ਚੋਰੀ ਦੀ ਰੋਕਥਾਮ ਲਈ ਵਿਸ਼ੇਸ਼ ਟੀਮਾਂ ਦਾ ਕੀਤਾ ਗਠਨ
ਉਨ੍ਹਾਂ ਕਿਹਾ ਕਿ ਪੀਆਰਟੀਸੀ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਰੀ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਕੀਤਾ ਗਠਨ ਵੀ ਕੀਤਾ ਗਿਆ ਹੈ। ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਚੱਲ ਰਹੀ ਲਗਾਤਾਰ ਚੈਕਿੰਗ ਦੌਰਾਨ ਪੀ ਆਰ ਟੀ ਸੀ ਦੇ ਵੱਖ-ਵੱਖ ਡਿਪੂਆਂ ਦੇ 16 ਡਰਾਇਵਰਾਂ ਤੋਂ ਅੰਦਾਜ਼ਨ 500 ਲੀਟਰ ਡੀਜ਼ਲ ਚੋਰੀ ਕਰਦੇ ਫੜਿਆ ਗਿਆ, ਜਿਸ ਦੀ ਕੀਮਤ ਲਗਭਗ 42409 ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਵੱਖ ਵੱਖ ਡਿਪੂਆਂ ਦੇ 40 ਕੰਡਕਟਰਾਂ ਨੂੰ ਗਬਨ ਦੇ ਕੇਸਾਂ ਵਿੱਚ ਚੋਰੀ ਕਰਦੇ ਫੜਿਆ ਗਿਆ, ਜਿਸ ਦੀ ਰਕਮ 3964 ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਬੱਸਾਂ ਵਿੱਚ ਬਿਨਾਂ ਟਿਕਟ ਸਫਰ ਕਰਦਿਆਂ ਅੰਦਾਜ਼ਨ 524 ਸਵਾਰੀਆਂ ਨੂੰ ਲੱਗਭਗ 1,21,565 ਰੁਪਏ ਜੁਰਮਾਨਾ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਸਮੂਹ ਵਰਕਰਾਂ ਨੂੰ ਇਮਾਨਦਾਰੀ ਅਤੇ ਮਹਿਕਮੇ ਦੇ ਵਾਧੇ ਲਈ ਕੰਮ ਕਰਨ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਡੀਸੀ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦਿੱਤਾ ਖਾਸ ਸੰਦੇਸ਼
ਹੁਣ ਆਪ ਪੰਜਾਬ ਮੁਖੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚ ਸਦਕੇ ਸਾਰੇ ਵਿਭਾਗਾਂ ਨੂੰ ਆਪਣੇ ਪੈਰਾ ’ਤੇ ਖੜਾ ਕਰਨਾ ਦੀ ਪਹਿਲ ਵਿੱਚ ਪੀ ਆਰ ਟੀ ਸੀ ਅਹਿਮ ਜਿੰਮੇਵਾਰੀ ਨਿਭਾਵੇਗਾ। ਇਸ ਨਾਲ ਜਿਥੇ ਮਹਿਕਮੇ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਉਥੇ ਹੀ ਕਰਮਚਾਰੀਆਂ ਦੇ ਤਨਖਾਹ, ਪੈਨਸ਼ਨਾਂ ਆਦਿ ਦੇ ਮਸਲੇ ਪੈਦਾ ਨਹੀ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ ਵਿੱਚ ਹੋਰ ਨਵੀਆਂ ਬੱਸਾਂ ਜਲਦ ਹੀ ਲੋਕਾਂ ਦੇ ਸਪੁਰਦ ਕੀਤੀਆਂ ਜਾਣਗੀਆਂ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਖ਼ਾਸ ਕਰ ਪਿੰਡਾਂ ਵਿਚਲੇ ਬੰਦ ਪਏ ਰੂਟਾਂ ਨੂੰ ਚਲਾਇਆ ਜਾ ਸਕੇ। ਇਸ ਨਾਲ ਜਿੱਥੇ ਲੋਕ ਪੀ. ਆਰ. ਟੀ. ਸੀ. ਦੀਆਂ ਵੋਲਵੋ ਬੱਸਾਂ ਵਿੱਚ ਸਸਤੇ ਸਫਰ ਦਾ ਆਨੰਦ ਲੈ ਸਕਣਗੇ ਉੱਥੇ ਹੀ ਵਿਭਾਗ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਇਸ ਮੌਕੇ ਪਟਿਆਲਾ ਡਿੱਪੂ ਦੇ ਜੀ ਐਮ ਅਮਨਵੀਰ ਸਿੰਘ ਟਿਵਾਣਾ, ਜਨਰਲ ਮੈਨੇਜਰ ਐਮ ਪੀ ਸਿੰਘ, ਜਨਰਲ ਮੇਨੈਜਰ ਮਨਿੰਦਰਪਾਲ ਸਿੰਘ ਸਿੱਧੂ, ਐਕਸੀਅਨ ਜਤਿੰਦਰਪਾਲ ਸਿੰਘ ਗਰੇਵਾਲ, ਰਮਨਜੋਤ ਸਿੰਘ ਪੀ ਏ ਟੂ ਚੇਅਰਮੈਨ ਪੀ ਆਰ ਟੀ ਸੀ, ਹਰਪਿੰਦਰ ਚੀਮਾ, ਕਈ ਅਧਿਕਾਰੀ ਅਤੇ ਵਿਭਾਗ ਦੇ ਕਰਮਚਾਰੀ ਮੌਜੂਦ ਰਹੇ।