ਪੀਆਰਟੀਸੀ ਚੇਅਰਮੈਨ ਦੀ ਬਠਿੰਡਾ ਫੇਰੀ ਨੇ ਨਿੱਜੀ ਟ੍ਰਾਂਸਪੋਰਟਰਾਂ ਨੂੰ ਪਾਈਆਂ ਭਾਜੜਾਂ

Bathinda News

17 ਬੱਸਾਂ ਕੀਤੀਆਂ ਬੰਦ (Bathinda News)

  • ਚੈਕਿੰਗ ਤੋਂ ਡਰਦੇ ਅੱਡੇ ਤੋਂ ਬਾਹਰੋਂ ਮੁੜ ਗਏ ਕਈ ਮਿੰਨੀ ਬੱਸਾਂ ਵਾਲੇ

(ਸੁਖਜੀਤ ਮਾਨ) ਬਠਿੰਡਾ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੰਡਾਨਾ ਵੱਲੋਂ ਅੱਜ ਬਠਿੰਡਾ ਬੱਸ ਅੱਡੇ ’ਚ ਕੀਤੇ ਗਏ ਚਾਣਚੱਕ ਦੌਰੇ ਨੇ ਨਿੱਜੀ ਟ੍ਰਾਂਸਪੋਰਟਰਾਂ ਨੂੰ ਭਾਜੜਾਂ ਪਾ ਦਿੱਤੀਆਂ। (Bathinda News) ਆਮ ਤੌਰ ’ਤੇ ਅਜਿਹੇ ਦੌਰਿਆਂ ਦੀ ਪਹਿਲਾਂ ਭਿਣਕ ਪੈ ਜਾਂਦੀ ਹੈ ਪਰ ਪੂਰੀ ਤਰਾਂ ਗੁਪਤ ਰਹੇ। ਇਸ ਮੌਕੇ ਨਿੱਜੀ ਕੰਪਨੀਆਂ ਦੀਆਂ 17 ਬੱਸਾਂ ਕਾਗਜ਼ਾਂ ਦੀ ਘਾਟ ਕਾਰਨ ਫੜ ਲਈਆਂ। ਬੱਸ ਅੱਡੇ ਤੋਂ ਬਾਹਰ ਜੋ ਬੱਸਾਂ ਰੂਟਾਂ ’ਤੇ ਗਈਆਂ ਹੋਈਆਂ ਸੀ, ਉਨਾਂ ਨੂੰ ਜਿਵੇਂ-ਜਿਵੇਂ ਹੀ ਪਤਾ ਲੱਗਦਾ ਗਿਆ ਉਨਾਂ ਨੇ ਬੱਸਾਂ ਅੱਡੇ ’ਚ ਲਿਆਉਣ ਦੀ ਥਾਂ ਬਾਹਰੋ-ਬਾਹਰ ਹੀ ਮੋੜ ਦਿੱਤੀਆਂ। ਚੇਅਰਮੈਨ ਨੇ ਬੱਸਾਂ ਦੀ ਚੈਕਿੰਗ ਤੋਂ ਇਲਾਵਾ ਬੱਸ ਅੱਡੇ ਦੇ ਪ੍ਰਬੰਧਾਂ ਨੂੰ ਦੇਖਿਆ, ਜਿਸ ’ਚ ਕਾਫੀ ਪ੍ਰਬੰਧ ਅਧੂਰੇ ਪਾਏ ਗਏ ਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਸਭ ਕੁੱਝ ਬਿਹਤਰ ਕਰਨ ਦੇ ਹੁਕਮ ਦਿੱਤੇ ਗਏ।

ਪੀਆਰਟੀਸੀ ਦੇ ਮੁਲਾਜ਼ਮਾਂ ਤੱਕ ਨੂੰ ਵੀ ਪਤਾ ਸੀ ਚੈਂਕਿੰਗ ਬਾਰੇ

ਵੇਰਵਿਆਂ ਮੁਤਾਬਿਕ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹੰਡਾਨਾ ਅੱਜ ਬਾਅਦ ਦੁਪਹਿਰ ਇੱਕ ਦਮ ਬਠਿੰਡਾ ਬੱਸ ਅੱਡੇ ’ਚ ਪੁੱਜੇ ਤਾਂ ਆਉਂਦਿਆਂ ਸਾਰ ਹੀ ਬੱਸਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਚੇਅਰਮੈਨ ਦਾ ਦੌਰਾ ਐਨਾਂ ਗੁਪਤ ਸੀ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਤੱਕ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਜਦੋਂ ਬੱਸਾਂ ਦੀ ਚੈਕਿੰਗ ਸ਼ੁਰੂ ਹੋ ਗਈ ਤੇ ਪਤਾ ਲੱਗਿਆ ਕਿ ਚੇਅਰਮੈਨ ਬਠਿੰਡਾ ਅੱਡੇ ’ਚ ਪੁੱਜੇ ਹਨ ਤਾਂ ਬਠਿੰਡਾ ਡਿੱਪੂ ਦੇ ਅਧਿਕਾਰੀ ਵੀ ਹਰਕਤ ’ਚ ਆ ਗਏ। ਚੇਅਰਮੈਨ ਵੱਲੋਂ ਸਭ ਤੋਂ ਪਹਿਲਾਂ ਨਿੱਜੀ ਬੱਸਾਂ ਦੀ ਚੈਕਿੰਗ ਕੀਤੀ ਗਈ। (Bathinda News)

ਇਸ ਚੈਕਿੰਗ ਦੌਰਾਨ ਉਨਾਂ ਨੂੰ 17 ਅਜਿਹੀਆਂ ਬੱਸਾਂ ਮਿਲੀਆਂ ਜਿੰਨਾਂ ਦੇ ਕਾਗਜ਼ਾਤ ਅਧੂਰੇ ਸੀ, ਕਈਆਂ ਕੋਲ ਪਰਮਿਟ ਆਦਿ ਨਹੀਂ ਸੀ। ਕੁੱਝ ਨਿੱਜੀ ਬੱਸ ਚਾਲਕਾਂ ਨੇ ਕਿਹਾ ਕਿ ਉਨਾਂ ਕੋਲ ਕਾਗਜ਼ ਪੂਰੇ ਹਨ ਪਰ ਮੌਕੇ ’ਤੇ ਨਹੀਂ ਸੀ, ਉਨਾਂ ਦੇ ਕਾਗਜ਼ ਬਾਅਦ ’ਚ ਚੈੱਕ ਕਰਕੇ ਛੋਟ ਵੀ ਦਿੱਤੀ ਗਈ ਤੇ ਬਾਕੀਆਂ ਦੇ ਚਲਾਨ ਕੱਟੇ ਗਏ। ਚੇਅਰਮੈਨ ਨੇ ਸਖਤ ਲਹਿਜੇ ’ਚ ਕਿਹਾ ਕਿ ਅਧੂਰੇ ਕਾਗਜਾਂ ਜਾਂ ਬਿਨਾਂ ਪਰਮਿਟ ਵਾਲੀਆਂ ਬੱਸਾਂ ਨੂੰ ਉਹ ਚੱਲਣ ਨਹੀਂ ਦੇਣਗੇ । ਚੇਅਰਮੈਨ ਬੱਸ ਅੱਡੇ ’ਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਕਾਫੀ ਨਾਰਾਜ ਹੋਏ। ਉਨਾਂ ਨੇ ਮੌਕੇ ’ਤੇ ਹੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਨੂੰ ਬੁਲਾ ਕੇ ਕਰਮਚਾਰੀਆਂ ਦੀ ਗਿਣਤੀ ਆਦਿ ਪੁੱਛੀ ਅਤੇ ਪੁਖਤਾ ਸਫ਼ਾਈ ਨਾ ਹੋਣ ਦਾ ਜ਼ਿਕਰ ਕੀਤਾ। Bathinda News

ਇਹ ਵੀ ਪੜ੍ਹੋ : ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਖੂਬਸੂਰਤ ਤਸਵੀਰ ਆਈਆਂ ਸਾਹਮਣੇ

ਉਨਾਂ ਸਫ਼ਾਈ ਕਰਮਚਾਰੀਆਂ ਨੂੰ ਇੱਕ ਹਫ਼ਤੇ ਦੀ ਮੋਹਲਤ ਦਿੰਦਿਆਂ ਆਖਿਆ ਕਿ ਜੇਕਰ ਇੱਕ ਹਫ਼ਤਾ ਲਗਾਤਾਰ ਪੂਰੀ ਸਫ਼ਾਈ ਨਾ ਹੋਈ ਤਾਂ ਉਹਨਾਂ ਵੱਲੋਂ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀਆਰਟੀਸੀ ਕਰਮਚਾਰੀਆਂ ਨੇ ਬੱਸ ਅੱਡੇ ’ਚ ਬਣੇ ਪੈਖਾਨਿਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਕੁੱਝ ਪਖਾਨਿਆਂ ਦੇ ਦਰਵਾਜੇ ਨਹੀਂ ਹਨ, ਜਿੰਨਾਂ ’ਚ ਨਸ਼ੇੜੀ ਟੀਕੇ ਆਦਿ ਲਗਾ ਕੇ ਡਿੱਗ ਜਾਂਦੇ ਹਨ, ਜਿੰਨਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। (PRTC Bus)

Bathinda News
ਬਠਿੰਡਾ : ਚੈਕਿੰਗ ਦੌਰਾਨ ਫੜ ਕੇ ਪੀਆਰਟੀਸੀ ਵਰਕਸ਼ਾਪ ’ਚ ਖੜਾਈਆਂ ਨਿੱਜੀ ਕੰਪਨੀਆਂ ਦੀਆਂ ਬੱਸਾਂ। ਤਸਵੀਰ : ਸੱਚ ਕਹੂੰ ਨਿਊਜ਼
: ਬਠਿੰਡਾ : ਬਠਿੰਡਾ ਬੱਸ ਅੱਡੇ ’ਚ ਬੱਸਾਂ ਦੇ ਪਰਮਿਟ ਆਦਿ ਚੈੱਕ ਕਰਦੇ ਹੋਏ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹੰਡਾਨਾ। ਤਸਵੀਰ : ਸੱਚ ਕਹੂੰ ਨਿਊਜ਼

ਚਿਤਾਵਨੀ ਦੇ ਬਾਵਜ਼ੂਦ ਨਹੀਂ ਕੀਤਾ ਸੁਧਾਰ ਤਾਂ ਕਰਨੀ ਪਈ ਕਾਰਵਾਈ : ਚੇਅਰਮੈਨ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹੰਡਾਨਾ ਨੇ ਦੱਸਿਆ ਕਿ ਅੱਜ ਦੀ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਬਹੁਤ ਸਾਰੀਆਂ ਬੱਸਾਂ ਵਾਲਿਆਂ ਕੋਈ ਕਾਗਜ਼ਾਤ ਹੀ ਨਹੀਂ ਹਨ। ਉਨਾਂ ਦੱਸਿਆ ਕਿ ਚੈਕਿੰਗ ਦਾ ਪਤਾ ਲੱਗਦਿਆਂ ਹੀ ਬਹੁਤ ਸਾਰੇ ਡਰਾਈਵਰ-ਕਡੰਕਟਰ ਬੱਸਾਂ ਛੱਡ ਕੇ ਹੀ ਚਲੇ ਗਏ। ਉਨਾਂ ਦੱਸਿਆ ਕਿ ਅਧੂਰੇ ਕਾਗਜਾਂ ਜਾਂ ਬਿਨਾਂ ਪਰਮਿਟ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਚੇਅਰਮੈਨ ਨੇ ਦੱਸਿਆ ਕਿ ਬਿਨਾਂ ਕਾਗਜਾਂ ਵਾਲਿਆਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ ਕਿ ਜਿੰਨਾਂ ਕੋਲ ਕਾਗਜ਼ ਪੂਰੇ ਨਹੀਂ ਉਹ ਬੱਸਾਂ ਬਾਹਰ ਲੈ ਜਾਓ ਪਰ ਵਾਰ-ਵਾਰ ਕਹਿਣ ਦੇ ਬਾਵਜ਼ੂਦ ਜਦੋਂ ਉਹ ਨਾਜਾਇਜ਼ ਬੱਸਾਂ ਚਲਾਉਂਦੇ ਰਹੇ ਤਾਂ ਅੱਜ ਸਖਤ ਕਾਰਵਾਈ ਕਰਨੀ ਪਈ।