Mohali Court: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 32 ਜਿੰਦਾ ਬੰਬ ਹੋਣ ਦਾ ਖੁਲਾਸਾ ਕਰਨ ਵਾਲੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਦਰਜ ਹੋਈ ਐਫਆਈਆਰ ਨੂੰ ਤੁਰੰਤ ਆਨਲਾਈਨ ਕਰਨ ਅਤੇ ਪ੍ਰਤਾਪ ਬਾਜਵਾ ਨੂੰ ਦੇਣ ਦੇ ਆਦੇਸ਼ ਮੁਹਾਲੀ ਅਦਾਲਤ ਵੱਲੋਂ ਕਰ ਦਿੱਤੇ ਗਏ ਹਨ। ਮੁਹਾਲੀ ਅਦਾਲਤ ਵੱਲੋਂ ਪੰਜਾਬ ਸਰਕਾਰ ਅਤੇ ਮੁਹਾਲੀ ਪੁਲਿਸ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹਨਾਂ ਖਿਲਾਫ ਦਰਜ ਕੀਤੀ ਗਈ ਐਫਆਈਆਰ ਦੀ ਕਾਪੀ ਤੁਰੰਤ ਮੁਹੱਈਆ ਕਰਾਈ ਜਾਵੇ ਤਾਂ ਕਿ ਉਹ ਆਪਣੇ ਬਚਾਓ ਵਿੱਚ ਐਫਆਈਆਰ ਨੂੰ ਪੜ੍ਹ ਕੇ ਪੱਖ ਰੱਖ ਸਕਣ। ਮੁਹਾਲੀ ਜ਼ਿਲ੍ਹਾ ਅਦਾਲਤ ਦੇ ਆਦੇਸ਼ ਆਉਣ ਤੋਂ ਬਾਅਦ ਪ੍ਰਤਾਪ ਬਾਜਵਾ ਨੂੰ ਰਾਹਤ ਮਿਲੀ ਹੈ ਕਿ ਹੁਣ ਉਹਨਾਂ ਦੇ ਕੋਲ ਐਫਆਈਆਰ ਦੀ ਕਾਪੀ ਹੋਏਗੀ ਜਿਹੜੀ ਕਿ ਬੀਤੀ ਰਾਤ ਤੋਂ ਉਹਨਾਂ ਨੂੰ ਨਹੀਂ ਮਿਲ ਰਹੀ ਸੀ।
ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲਾਂ ਤੇ ਹਸਪਤਾਲਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖੀ ਵੱਡੀ ਗੱਲ, ਦੱਸਿਆ ਕੀ ਐ ਵਿਜਨ…
ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਪਾਕਿਸਤਾਨ ਦੇ ਪਾਸੇ ਤੋਂ 50 ਦੇ ਕਰੀਬ ਜਿੰਦਾ ਬੰਬ ਆਏ ਹਨ, ਜਿਨ੍ਹਾਂ ਵਿੱਚੋਂ 18 ਜਿੰਦਾ ਬੰਬ ਨੂੰ ਚਲਾ ਦਿੱਤਾ ਗਿਆ ਹੈ ਜਦੋ ਕਿ 32 ਬੰਬ ਅਜੇ ਵੀ ਪੰਜਾਬ ਵਿੱਚ ਪਏ ਹਨ। ਪ੍ਰਤਾਪ ਸਿੰਘ ਬਾਜਵਾ ਦੇ ਇਹਨਾਂ ਬਿਆਨਾਂ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਵੱਲੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਸੀ ਕਿ ਉਹ ਇਹਨਾਂ ਬੰਬਾਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਦੇ ਦੇਣ ਪਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਸੰਬੰਧਿਤ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਥਾਣੇ ਵਿੱਚ ਪ੍ਰਤਾਪ ਬਾਜਵਾ ਦੇ ਖਿਲਾਫ ਦੇਰ ਸ਼ਾਮ ਮਾਮਲਾ ਦਰਜ ਕਰ ਲਿਆ ਗਿਆ ਸੀ।
ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਐਫਆਈਆਰ ਦੀ ਕਾਪੀ ਨੂੰ ਪੂਰੀ ਤਰ੍ਹਾਂ ਪੁਲਿਸ ਵੱਲੋਂ ਗੁਪਤ ਰੱਖਿਆ ਜਾ ਰਿਹਾ ਸੀ ਅਤੇ ਖੁਦ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਐਫ ਆਈਆਰ ਦੀ ਕਾਪੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਸੀ। ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਮੁਹਾਲੀ ਜ਼ਿਲ੍ਹਾ ਅਦਾਲਤ ਦਾ ਰੁੱਖ ਕਰਦੇ ਹੋਏ ਐਫਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ।
ਮੁਹਾਲੀ ਅਦਾਲਤ ਨੇ ਇਸ ਅਪੀਲ ਨੂੰ ਸਵੀਕਾਰ ਕਰਦੇ ਹੋਏ ਮੁਹਾਲੀ ਪੁਲਿਸ ਨੂੰ ਆਦੇਸ਼ ਜਾਰੀ ਦਿੱਤੇ ਹਨ ਕਿ ਤੁਰੰਤ ਐਫਆਈਆਰ ਦੀ ਕਾਪੀ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਜਾਵੇ। ਇਸ ਨਾਲ ਹੀ ਇਸ ਐਫਆਈਆਰ ਦੀ ਕਾਪੀ ਨੂੰ ਨਿਯਮਾਂ ਅਨੁਸਾਰ ਆਨਲਾਈਨ ਵੀ ਜਾਰੀ ਕਰ ਦਿੱਤਾ ਜਾਵੇ ਤਾਂ ਕਿ ਕੋਈ ਵੀ ਇਸ ਐਫ ਆਈਆਰ ਦੀ ਕਾਪੀ ਨੂੰ ਪੜ੍ਹ ਸਕੇ। Mohali Court