ਤੇਲ ਕੀਮਤਾਂ ‘ਚ ਵਾਧੇ ਖਿਲਾਫ਼ ਦੇਸ਼ ਭਰ ‘ਚ ਵਿਰੋਧ, ਅਰਥੀ ਫੂਕ ਮੁਜ਼ਾਹਰੇ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਖਿਲਾਫ਼ ਕਾਂਗਰਸ ਦੇ ‘ਭਾਰਤ ਬੰਦ’ ਦਾ ਅਸਰ ਅੱਜ ਸਵੇਰੇ ਤੋਂ ਹੀ ਦੇਖਿਆ ਗਿਆ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਬੰਦ ਹਮਾਇਤੀਆਂ ਨੇ ਭੰਨ-ਤੋੜ ਕੀਤੀ ਤੇ ਪ੍ਰਦਰਸ਼ਨਕਾਰੀਆਂ ਨੇ ਰੋਡ ਤੇ ਰੇਲਵੇ ਟਰੈਕ ਜਾਮ ਕਰ ਦਿੱਤਾ। ਭਾਰਤ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ ‘ਚ ਦੇਖਣ ਨੂੰ ਮਿਲਿਆ। ਰਾਹੁਲ ਗਾਂਧੀ ਦੀ ਅਗਵਾਈ ‘ਚ ਮੁੱਖ ਵਿਰੋਧੀਆਂ ਨੇ ਦਿੱਲੀ ‘ਚ ਰਾਜਘਾਟ ਤੋਂ ਰਾਮਲੀਲਾ ਮੈਦਾਨ ਤੱਕ ਰੈਲੀ ਕੱਢੀ ਰੈਲੀ ਦੇ ਰਾਮਲੀਲਾ ਮੈਦਾਨ ‘ਤੇ ਪਹੁੰਚਣ ਤੋਂ ਬਾਅਦ ਉੱਥੇ ਧਰਨਾ ਦਿੱਤਾ ਗਿਆ।

ਧਰਨੇ ‘ਚ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ ਤੇ ਅਹਿਮਦ ਪਟੇਲ, ਰਾਸ਼ਟਰਵਾਦੀ ਕਾਂਗਰਸ ਮੁਖੀ ਸ਼ਰਦ ਪਵਾਰ, ਜਨਤਾ ਦਲ (ਯੂਨਾਈਟੇਡ) ਆਗੂ ਸ਼ਰਦ ਯਾਦਵ, ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ, ਤ੍ਰਿਣਮੂਲ ਕਾਂਗਰਸ ਆਗੂ ਸੁਖੇਂਦੂ ਸ਼ੇਖਰ ਰਾਏ ਤੇ ਹੋਰ ਆਗੂ ਸ਼ਾਮਲ ਹੋਏ। ਕੈਲਾਸ਼ ਮਾਨਸਰੋਵਰ ਦੀ ਤੀਰਥਯਾਤਰਾ ਤੋਂ ਸੋਮਵਾਰ ਸਵਰੇ ਹੀ ਪਰਤਦੇ ਗਾਂਧੀ ਨੇ ਇਸ ਤੋਂ ਪਹਿਲਾਂ ਉਨ੍ਹਾਂ ਰਾਜਘਾਟ ‘ਤੇ ਗਾਂਧੀ ਜੀ ਦੀ ਸਮਾਧੀ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

‘ਭਾਰਤ ਬੰਦ’ ਦੌਰਾਨ ਯੂਪੀ, ਮੱਧ ਪ੍ਰਦੇਸ਼, ਹਿਮਾਚਲ ਰਾਜਸਥਾਨ ਦੇ ਹੋਰਨਾਂ ਇਲਾਕਿਆਂ ‘ਚ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ ਪੰਜਾਬ ਤੇ ਹਰਿਆਣਾ ‘ਚ ਬੰਦ ਦਾ ਅਸਰ ਬਹੁਤ ਥੋੜ੍ਹਾ ਰਿਹਾ। ਕਾਂਗਰਸ ਦੇ ਗੜ੍ਹ ਅਮੇਠੀ ਤੇ ਰਾਏਬਰੇਲੀ ਨੂੰ ਛੱਡ ਕੇ ਸੂਬੇ ਦੇ  ਜ਼ਿਆਦਾਤਰ ਖੇਤਰਾਂ ‘ਚ ਬੰਦ ਦਾ ਮਾਮੂਲੀ ਅਸਰ ਦੇਖਣ ਨੂੰ ਮਿਲਿਆ। ਬੰਦ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ‘ਚ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਭਾਰਤ ਬੰਦ ਦੌਰਾਨ ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ‘ਚ ਕਾਂਗਰਸ ਵਰਕਰਾਂ ਨੇ ਟ੍ਰੇਨ ਰੋਕਣ ਦੀ ਕੋਸ਼ਿਸ਼ ਕੀਤੀ ਕਾਂਗਰਸ ਤੇ ਪਾਰਟੀ ਦੀ ਵਿਦਿਆਰਥੀ ਇਕਾਈ ਭਾਰਤੀ ਕੌਮੀ ਸਟੂਡੈਂਟ ਸੰਗਠਨ (ਐਨਐਸਯੂਆਈ) ਦੇ ਵਰਕਰਾਂ ਨੇ ਕਟਨੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ‘ਤੇ ਇੱਕ ਟ੍ਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਿਹਾਰ ਦੇ ਜਹਾਨਾਬਾਦ ‘ਚ ਭਾਰਤ ਬੰਦ ਦੌਰਾਨ ਦੋ ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਭਾਰਤ ਬੰਦ ਕਾਰਨ ਐਂਬੂਲੈਂਸ ਕਾਫ਼ੀ ਸਮੇਂ ਤੱਕ ਫਸੀ ਰਹੀ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ।

ਕਿਤੇ ਰੇਲਾਂ ਰੋਕੀਆਂ, ਕਿਤੇ ਭੰਨਤੋੜ 

ਬੰਦ ਦਾ ਅਸਰ, ਰਾਜਸਥਾਨ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਕਰਨਾਟਕ ‘ਚ ਅਸਰ ਦੇਖਿਆ ਗਿਆ ਬਿਹਾਰ ਦੇ ਮੁਜੱਫਰਪੁਰ ‘ਚ ਬੰਦ ਹਮਾਇਤੀਆਂ ਨੇ ਇੱਕ ਨੌਜਵਾਨ ਨੂੰ ਘਰ ‘ਚ ਦਾਖਲ ਹੋ ਕੇ ਗੋਲੀ ਮਾਰ ਦਿੱਤੀ। ਉਸ ਦੀ ਹਾਲਤ ਨਾਜੁਕ ਹੈ ਸੂਬੇ ‘ਚ ਟ੍ਰੇਨਾਂ ਰੋਕੀਆਂ ਗਈਆਂ, ਵਾਹਨਾਂ ‘ਚ ਭੰਨਤੋੜ ਕੀਤੀ ਗਈ। ਓਡੀਸ਼ਾ ਦੇ ਸੰਬਲਪੁਰ ‘ਚ ਵੀ ਕਾਂਗਰਸ ਵਰਕਰਾਂ ਨੇ ਰੇਲਾਂ ਰੋਕੀਆਂ ਮੱਧ ਪ੍ਰਦੇਸ਼ ਦੇ ਉਜੈਨ ‘ਚ ਪੈਟਰੋਲ ਪੰਪ ‘ਤੇ ਭੰਨਤੋੜ ਕੀਤੀ ਗਈ।

ਇੱਕਜੁਟਤਾ ‘ਤੇ ਸਵਾਲ

ਮੰਚ ‘ਤੇ ਸਪਾ, ਬਸਪਾ, ਨੈਸ਼ਨਲ ਕਾਨਫਰੰਸ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਨਜ਼ਰ ਨਹੀਂ ਆਏ ਇਸ ‘ਤੇ ਗੁਲਾਮ ਨਬੀ ਅਜ਼ਾਦ ਨੇ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ 16 ਪਾਰਟੀਆਂ ਦੇ ਨੁਮਾਇੰਦਿਆ ਨੇ ਭਾਸ਼ਣ ਦਿੱਤੇ ਕੁਝ ਵਿਰੋਧੀ ਪਾਰਟੀਆਂ ਨੇ ਵੱਖ ਤੋਂ ਪ੍ਰਦਰਸ਼ਨ ਕੀਤਾ।

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨਵੇਂ ਸਿਖਰ ‘ਤੇ

ਦਿੱਲੀ ‘ਚ ਪੈਟਰੋਲ 23 ਪੈਸੇ ਮਹਿੰਗਾ ਹੋ ਕੇ 80.73 ਰੁਪਏ ਤੇ ਮੁੰਬਈ ‘ਚ 88.12 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਦਿੱਲੀ ‘ਚ ਡੀਜ਼ਲ ਦੀ ਕੀਮਤ ‘ਚ 22 ਪੈਸੇ ਦਾ ਵਾਧਾ ਹੋਇਆ। ਰਾਜਧਾਨੀ ‘ਚ ਡੀਜ਼ਲ ਦੀ ਕੀਮਤ 72.83 ਰੁਪਏ ਪ੍ਰਤੀ ਲੀਟਰ ਹੋ ਗਈ। ਵਪਾਰਕ ਨਗਰੀ ਮੁੰਬਈ ‘ਚ ਡੀਜ਼ਲ 77.32 ਰੁਪਏ, ਕੋਲਕਾਤ ‘ਚ ਪੈਟਰੋਲ 83.61 ਰੁਪਏ, ਡੀਜਲ 75.68 ਰੁਪਏ, ਚੇੱਨਈ ‘ਚ 83.91 ਰੁਪਏ ਪੈਟਰੋਲ ਤੇ 76.98 ਰੁਪਏ ਡੀਜ਼ਲ ਪ੍ਰਤੀ ਲੀਟਰ ਹੈ।

ਕੇਂਦਰ ਦੇ ਹੱਥ ਹੋਏ ਖੜ੍ਹੇ

ਸਾਡੇ ਸਮੇਂ ‘ਚ ਤੇਲ ਦੀਆਂ ਕੀਮਤਾਂ ‘ਚ ਕੁਝ ਵਾਧਾ ਹੋਇਆ ਹੈ ਇਹ ਇੱਕ ਅਜਿਹੀ ਸਮੱਸਿਆ ਹੈ, ਜਿਸ ਦਾ ਹੱਲ ਸਾਡੇ ਹੱਥਾਂ ‘ਚ ਨਹੀਂ ਹੈ। ਪੈਟਰੋਲ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ ਤੇ ਅਸੀਂ ਇਸ ਦਾ ਰਸਤਾ ਕੱਢਾਂਗੇ ਓਪੇਕ ਦੇਸ਼ਾਂ ਨੇ ਉਤਪਾਦਨ ਨੂੰ ਸੀਮਤ ਕਰ ਦਿੱਤਾ ਹੈ। ਵੇਨੇਜੁਏਲਾ ‘ਚ ਅਸਥਿਰਤਾ ਹੈ, ਅਮਰੀਕਾ ‘ਚ ਹਾਲੇ ਸ਼ੇਲ ਗੈਸ ਦਾ ਉਤਪਾਦਨ ਸ਼ੁਰੂ ਨਹੀਂ ਹੋਇਆ ਹੈ। ਈਰਾਨ ‘ਤੇ ਅਮਰੀਕਾ ਨੇ ਪਾਬੰਦੀ ਲਾਈ ਹੈ। ਇਸ ਲਈ ਦੁਨੀਆ ‘ਚ ਇਸ ਦੀ ਜੋ ਖਪਤ ਹੈ ਉਸ ਲਈ ਉਤਪਾਦਨ ਦੀ ਘਾਟ ਹੈ। ਅਸੀਂ ਕੋਈ ਬਚਾਅ ਨਹੀਂ ਕਰ ਰਹੇ ਹਾਂ ਅਸੀਂ ਜਨਤਾ ਨਾਲ ਖੜ੍ਹੇ ਹਾਂ ਸਾਡੇ ਸਮੇਂ ‘ਚ ਪੈਟਰੋਲ ਦੀਆਂ ਕੀਮਤਾਂ ਘਟੀਆਂ ਵੀ ਹਨ ਤੇ ਵਧੀਆਂ ਵੀ ਹਨ। ਇਹ ਅਜਿਹੀ ਸਮੱਸਿਆ ਹੈ ਜਿਸ ਦਾ ਇਲਾਜ ਸਾਡੇ ਕੋਲ ਨਹੀਂ ਹੈ।

ਰਵੀਸ਼ੰਕਰ ਪ੍ਰਸਾਦ, ਕੇਂਦਰੀ ਮੰਤਰੀ

ਵਿਰੋਧੀ ਪਾਰਟੀਆਂ ਨੂੰ ਆਪਣੇ ਸਾਰੇ ਮਤਭੇਦ ਭੁਲਾ ਕੇ ਦੇਸ਼ ਦੀ ਏਕਤਾ, ਅਖੰਡਤਾ ਤੇ ਜਮਹੂਰੀਅਤ ਦੇ ਲਈ ਇਕਜੁਟ ਹੋ ਕੇ ਕੰਮ ਕਰਨ ਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਲੋੜ ਹੈ। ਇਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਖੁਲਾਸਾ ਹੋ ਚੁੱਕਾ ਹੈ। ਕਿਸਾਨ, ਵਪਾਰੀ, ਛੋਟੇ-ਵੱਡੇ ਕਾਰੋਬਾਰੀ ਤੇ ਨੌਜਵਾਨ ਪ੍ਰੇਸ਼ਾਨ ਹਨ। ਇਸ ਲਈ ਮਿਲ ਕੇ ਇਸ ਸਰਕਾਰ ਨੂੰ ਬਾਹਰ ਦੀ ਮੁਹਿੰਮ ਚਲਾਉਣ ਦੀ ਲੋੜ ਹੈ।