ਇਨ੍ਹੀਂ ਦਿਨੀਂ ਫ਼ਸਲਾਂ ਨੂੰ ਪਾਣੀ ਦੀ ਭਾਰੀ ਲੋਕ ਹੈ: ਕਿਸਾਨ ਆਗੂ
ਸੁਧੀਰ ਅਰੋੜਾ, ਅਬੋਹਰ: ਦਰਜਨਾਂ ਪਿੰਡਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਵਾਉਣ ਵਾਲੀ ਲੰਬੀ ਮਾਈਨਰ ਨੂੰ ਨਹਿਰੀ ਵਿਭਾਗ ਦੁਆਰਾ ਪਿਛਲੇ ਦਿਨ ਸਫ਼ਾਈ ਕਾਰਨਾਂ ਦੇ ਕਰਕੇ ਬੰਦ ਕੀਤੇ ਜਾਣ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਇਸ ਦੇ ਤਹਿਤ ਅੱਜ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਵਿੱਚ ਰਾਜਪੁਰਾ ਦੇ ਫੋਕਲ ਪਵਾਇੰਟ ‘ਤੇ ਹਨੂੰਮਾਨਗੜ੍ਹ ਰੋਡ ‘ਤੇ ਚੱਕਾ ਜਾਮ ਕਰਦੇ ਹੋਏ ਧਰਨਾ ਲਾ ਦਿੱਤਾ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਨੇ ‘ਤੇ ਬੈਠੇ ਭਾਕਿਯੂ ਏਕਤਾ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਅਤੇ ਭਾਕਿਯੂ ਕਾਦੀਆ ਦੇ ਰਾਜਸੀ ਉਪ ਪ੍ਰਧਾਨ ਸੁਭਾਸ਼ ਗੋਦਾਰਾ, ਜ਼ਿਲ੍ਹਾ ਪ੍ਰਧਾਨ ਬੁਧਰਾਮ ਬਿਸ਼ਨੋਈ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਕਿਸਾਨਾਂ ਨੂੰ ਨਰਮੇ ਅਤੇ ਬਾਗਾਂ ਦੀ ਸਿੰਚਾਈ ਲਈ ਪਾਣੀ ਦੀ ਬਹੁਤ ਲੋੜ ਹੈ ਤੇ ਉੱਤੋਂ ਬਰਸਾਤ ਵੀ ਨਹੀਂ ਹੋ ਰਹੀ ਉਥੇ ਹੀ ਦੂਜੇ ਪਾਸੇ ਨਹਿਰੀ ਵਿਭਾਗ ਨੇ ਲੰਬੀ ਮਾਈਨਰ ਦੀ ਸਫ਼ਾਈ ਦਾ ਬਹਾਨਾ ਲਾ ਕੇ ਨਹਿਰ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਬਰਸਾਤ ਨਾ ਹੋਣ ਕਾਰਨ ਪਹਿਲਾਂ ਹੀ ਫ਼ਸਲਾਂ ਸੁੱਕ ਰਹੀਆਂ ਹਨ
ਉਨ੍ਹਾਂ ਦੱਸਿਆ ਕਿ ਲੰਬੀ ਮਾਈਨਰ ਨੂੰ ਬੰਦ ਕੀਤੇ ਜਾਣ ਨਾਲ ਪਿੰਡ ਭਾਗਸਰ, ਕੁਲਾਰ, ਦੋਦਾ, ਬਹਾਵਵਾਲਾ, ਰਾਮਪੁਰਾ, ਨਾਰਾਇਣਪੁਰਾ, ਬਜੀਤਪੁਰਾ, ਬਿਸ਼ਨਪੁਰਾ ਆਦਿ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ ਧਰਨੇ ਦੌਰਾਨ ਸੁਭਾਸ਼ ਗੋਦਾਰਾ, ਵਿਕਾਸ, ਵਿਨੋਦ ਢੁੱਡੀ, ਸਰਪੰਚ ਹੇਤਰਾਮ, ਸੁਨੀਲ ਕੁਮਾਰ,ਵਸਾਵਾ ਸਿੰਘ, ਜਮਾਲਗੋਟਾ ਮੰਡਾ, ਮੇਜਰ ਸਿੰਘ, ਓਮ ਪ੍ਰਕਾਸ਼ ਦੋਦੇਵਾਲਾ, ਮਹਾਵੀਰ ਕਾਂਸਨਿਆ, ਸੁਨੀਲ ਰਿਣਵਾਂ ਅਤੇ ਹੋਰ ਕਿਸਾਨ ਮੌਜ਼ੂਦ ਸਨ ਇੱਧਰ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਤੇ ਨਹਿਰੀ ਵਿਭਾਗ ਦੇ ਐਸਡੀਓ ਕਿਸਾਨਾਂ ਨੂੰ ਧਰਨਾ ਚੁਕਵਾਉਣ ਲਈ ਮਨਾਉਂਦੇ ਰਹੇ ਪਰ ਕਿਸਾਨਾਂ ਵੱਲੋਂ ਸ਼ਾਮ ਤੱਕ ਧਰਨਾ ਜਾਰੀ ਸੀ ਅਤੇ ਕਿਸਾਨ ਨਹਿਰ ਵਿੱਚ ਪਾਣੀ ਛੱਡਣ ਦੀ ਮੰਗ ‘ਤੇ ਡਟੇ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।