ਮਾਮਲਾ: ਪੈਡਿੰਗ ਪਏ ਬਿੱਲਾਂ ਦੀ ਅਦਾਇਗੀ ਨਾ ਹੋਣ ਦਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਹੈਡ ਆਫਿਸ 1406-22 ਬੀ ਚੰਡੀਗੜ੍ਹ ਜਿਲ੍ਹਾ ਪਟਿਆਲਾ ਵਲੋਂ ਜਿਲ੍ਹਾ ਖਜਾਨਾ ਦਫਤਰ ਪਟਿਆਲਾ ਅੱਗੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਵਾਣੂ, ਬਲਬੀਰ ਸਿੰਘ ਮੰਡੋਲੀ, ਚਮਕੌਰ ਸਿੰਘ ਧਰੋਕੀ, ਲਖਵਿੰਦਰ ਖਾਨਪੁਰ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਜਸਵੀਰ ਸਿੰਘ ਖੋਖਰ, ਦਰਸ਼ਨ ਸਿੰਘ ਰੋਂਗਲਾ, ਛੱਜੂ ਰਾਮ, ਹਰਬੀਰ ਸਿੰਘ ਸੁਨਾਮ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਜਾਨਾ ਦਫਤਰ ‘ਤੇ ਲਾਈ ਅਣਐਲਾਨੀ ਰੋਕ ਕਾਰਨ ਵੱਖ-ਵੱਖ ਵਿਭਾਗ ਜਿਵੇਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਭਾਖੜਾ ਮੇਨ ਲਾਇਨ ਦੇਵੀਗੜ੍ਹ ਮੰਡਲ, ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ ਆਦਿ ਦੇ ਸੈਂਕੜੇ ਮੁਲਾਜਮਾਂ ਦੇ 7% ਅਤੇ 10% ਦੇ ਡੀ.ਏ. ਦੇ ਬਕਾਏ, ਤਨਖਾਹਾਂ ਦੇ ਬਕਾਏ, ਮੈਡੀਕਲ ਬਿਲ, ਜੀ.ਪੀ.ਐਫ ਬਿੱਲ ਅਤੇ ਰਿਟਾਇਰੀ ਅਤੇ ਮ੍ਰਿਤਕ ਮੁਲਾਜਮਾਂ ਦੇ ਲੱਖਾਂ ਰੁਪਏ ਦੇ ਬਿਲ ਸਾਲ-ਸਾਲ ਤੋਂ ਖਜਾਨਾ ਦਫਤਰ ਪਟਿਆਲਾ ‘ਚ ਪੈਂਡਿੰਗ ਪਏ ਹਨ। ਜਿਸ ਕਾਰਨ ਮੁਲਾਜਮਾਂ ਨੂੰ ਸਮੇਂ-ਸਿਰ ਪੇਮੈਂਟਾਂ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
29 ਅਗਸਤ ਨੂੰ ਰੋਡ ਜਾਮ ਦਾ ਐਲਾਨ
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਗੰਡਾਖੇੜੀ, ਗੁਰਮੀਤ ਸਿੰਘ ਪਟਿਆਲਾ, ਪਵਨ ਕੁਮਾਰ ਪਾਤੜਾਂ, ਹਰੀ ਰਾਮ ਨਿੱਕਾ, ਮਾਨ ਸਿੰਘ, ਹਰਦੇਵ ਸਮਾਣਾ, ਕ੍ਰਿਸ਼ਨ ਸਿੰਘ ਖਨੌਰੀ, ਪ੍ਰਕਾਸ਼ ਸਿੰਘ, ਤਰਲੋਚਨ ਸਿੰਘ, ਜਗਤਾਰ ਸਿੰਘ, ਨਾਥ ਸਿੰਘ ਨੇ ਐਲਾਨ ਕੀਤਾ ਕਿ ਖਜਾਨਾ ਅਫਸਰ ਵੱਲੋਂ ਯੂਨੀਅਨ ਦੇ ਵਫਦ ਨੂੰ ਬੁਲਾ ਕੇ ਬੇਇਜਤੀ ਕਰਨ ਤੇ 29 ਅਗਸਤ ਨੂੰ ਜਿਲ੍ਹਾ ਖਜਾਨਾ ਦਫਤਰ ਅੱਗੇ ਸਮੁੱਚੇ ਵਿਭਾਗਾਂ ਦੇ ਮੁਲਾਜਮਾਂ ਵਲੋਂ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਮਿੰਨੀ ਸਕੱਤਰੇਤ ਅੱਗੇ ਰੋਡ ਜਾਮ ਕੀਤਾ ਜਾਵੇਗਾ।
ਇਹ ਹਨ ਮੰਗਾਂ
ਧਰਨੇ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਚੋਣ ਵਾਅਦਿਆਂ ਮੁਤਾਬਿਕ ਸਾਰੇ ਦਿਹਾੜੀਦਾਰ ਕੰਟਰੈਕਟ ਤੇ ਥਰੂ ਕੰਨਟਰੈਕਟ ਮੁਲਾਜਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਸੀ.ਪੀ.ਐਫ. ਤੇ ਪੁਰਾਣੀ ਪੈਨਸ਼ਨ ‘ਚ ਆਏ ਮੁਲਾਜਮਾਂ ਦੇ ਬਕਾਏ ਰਿਫੰਡ ਕੀਤੇ ਜਾਣ, ਖਜਾਨਾ ਦਫਤਰ ‘ਚ ਪਏ ਬਿਲਾਂ ਨੂੰ ਮਨਜੂਰੀ ਦੇ ਕੇ ਅਦਾਇਗੀ ਤੁਰੰਤ ਕੀਤੀ ਜਾਵੇ ਅਦਿ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।