7 ਸਤੰਬਰ ਨੂੰ ਪਟਿਆਲਾ ਵਿਚ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਵਲੋਂ ਪੱਕਾ ਮੋਰਚਾ ਲਾਇਆ ਜਾਵੇਗਾ -ਸਤਨਾਮ ਫਲੀਆਂਵਾਲਾ
ਜਲਾਲਾਬਾਦ, (ਰਜਨੀਸ਼ ਰਵੀ) | ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਤਹਿਸੀਲ ਪੱਧਰੀ ਵਿਸ਼ਾਲ ਇਕੱਠ ਕਰਨ ਉਪਰੰਤ ਰੋਸ਼ ਮਾਰਚ ਕੀਤਾ ਗਿਆ ਅਤੇ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਵੱਖ ਵੱਖ ਕੈਟੀਗਿਰੀਆਂ ਦੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਅਣਦੇਖਾ ਕਰਕੇ ਕੈਪਟਨ ਸਰਕਾਰ ਦੀ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਵਾਲੀ ਗਠਿਤ ਸਬ ਕਮੇਟੀ ਮੰਤਰੀਆਂ ਵਲੋਂ ਲਿਆਂਦੇ ਖਰੜੇ ਦੀਆਂ ਕਾਪੀਆਂ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਦੇ ਸੂਬਾ ਪ੍ਰੈਸ ਸਕੱਤਰ ਸਤਨਾਮ ਸੰਘ ਫਲੀਆਂਵਾਲਾ, ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਬ੍ਰਾਂਚ ਪ੍ਰਧਾਨ ਗੁਰਮੀਤ ਸਿੰਘ ਆਲਮਕੇ, ਮੋਰਚੇ ਦੇ ਜਿਲ੍ਹਾ ਆਗੂ ਸੁਖਚੈਨ ਸਿੰਘ ਸੋਢੀ, ਬਲਵਿੰਦਰ ਸਿੰਘ ਨੂਰ ਸਮੰਦ, ਪਾਵਰ ਕਾਮ ਅਤੇ ਟ੍ਰਾਂਸਕੋ ਦੇ ਠੇਕਾ ਮੁਲਾਜਮ ਵਰਕਰਜ਼ ਯੂਨੀਅਨ ਦੇ ਮੰਡਲ ਪ੍ਰਧਾਨ ਸ਼ਿਵ ਸ਼ੰਕਰ, ਛਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਬਹੁਤ ਹੀ ਥੋੜੇ ਸਿੱਧੇ ਭਰਤੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਕੇ ਕੀਤੇ ਵਾਅਦੇ ਦੀ ਖਾਨਾ ਪੂਰਤੀ ਕਰਨਾ ਚਾਹੁੰਦੀ ਹੈ ਅਤੇ ਉਪਰੋਕਤ ਸਮੂਹ ਕੈਟਾਗਿਰੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਸਮੂਹ ਠੇਕਾ ਕਾਮੇ, ਜੋਕਿ ਕਿਸੇ ਵੀ ਤਰ੍ਹਾਂ ਦੀ ਕੈਟਾਗਿਰੀ ਨਾਲ ਸਬੰਧਤ ਹਨ ਅਤੇ 14-15 ਸਾਲਾਂ ਤੋਂ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਹਨ, ਉਨ੍ਹਾਂ ਨੂੰ ਸਬੰਧਤ ਵਿਭਾਗਾਂ ਵਿਚ ਮਰਜ ਕਰਕੇ ਰੈਗੂਲਰ ਤੁਰੰਤ ਕੀਤਾ ਜਾਵੇ ਨਹੀਂ ਤਾਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਭਵਿੱਖ ਵਿਚ ਆਰ-ਪਾਰ ਦੇ ਤਿੱਖੇ ਸੰਘਰਸ਼ਾਂ ਕਰਦੇ ਹੋਏ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਵਾਲੀ ਸਰਕਾਰ ਦੀ ਸਬ ਕਮੇਟੀ ਮੈਂਬਰ -ਕਮ ਕੈਬਨਿਟ ਮੰਤਰੀ,ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਪਹਿਲਾਂ ਨਾਲੋਂ ਤੇਜ ਕੀਤੇ ਜਾਣਗੇ।
ਇਸਦੇ ਨਾਲ ਹੀ 7 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਚ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਵਲੋਂ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਵਿਧਾਨ ਸਭਾ ਦੇ ਸੈਸ਼ਨ ਵਾਲੇ ਦਿਨ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਵਿਧਾਨ ਸਭਾ ਵੱਲ ਰੋਸ਼ ਮਾਰਚ ਕੀਤਾ ਜਾਵੇਗਾ। 31 ਅਗਸਤ, 1 ਸਤੰਬਰ ਅਤੇ 2 ਸਤੰਬਰ ਨੂੰ ਸੰਘਰਸ਼ਾਂ ਦੀ ਤਿਆਰੀ ਸੰਬੰਧੀ ਜੋਨ ਪੱਧਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ 7 ਸਤੰਬਰ ਨੂੰ ਮੋਰਚੇ ਦੇ ਬੈਨਰ ਹੇਠ ਪਟਿਆਲਾ ਪੱਕਾ ਮੋਰਚੇ ਵਿਚ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਣੇ ਸ਼ਾਮਿਲ ਹੋਣਗੇ। ਜਿਸਦੀ ਤਿਆਰੀ ਵਜੋਂ ਅੱਜ ਤੋਂ ਪਿੰਡ ਪੱਧਰ ’ਤੇ ਹਰੇਕ ਵਰਗ ਦੇ ਲੋਕਾਂ ਨੂੰ ਮੋਰਚੇ ਦੇ ਸੰਘਰਸ਼ ਸਬੰਧੀ ਲਾਮਬੰਦ ਕਰਨ ਦੇ ਨਾਲ ਨਾਲ ਰਾਸ਼ਨ ਇਕੱਠਾ ਕਰਨ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਇੰਨਲਿਸਟਮੈਂਟ, ਠੇਕੇਦਾਰ, ਆਊਟਸੋਰਸਿੰਗ, ਕੰਟਰੈਕਟ, ਸੁਸਾਇਟੀਆਂ, ਕੰਪਨੀਆਂ, ਕੇਂਦਰੀ ਸਕੀਮਾਂ,ਟੈਂਪਰੇਰੀ ਕਾਮਿਆਂ ਨੂੰ ਵਿਭਾਗਾਂ ਵਿਚ ਸ਼ਾਮਿਲ ਕਰਕੇ ਬਿਨਾਂ ਸ਼ਰਤ ਰੈਗੂਲਰ ਕੀਤੇ ਜਾਣ। ਗੁਜਾਰੇ ਦੇ ਅਧਾਰ ’ਤੇ ਤਨਖਾਹ ਤਹਿ ਕਰਨ ਦੇ ਨਿਯਮ ਨੂੰ ਲਾਗੂ ਕੀਤੇ ਜਾਣ। ਸਰਕਾਰੀ ਵਿਭਾਗਾਂ ਦੇ ਨਿੱਜੀਕਰਨ, ਖੇਤੀ ਅਤੇ ਲੇਬਰ ਕਾਨੂੰਨਾਂ ਵਿਚ ਸੋਧਾ ਨੂੰ ਰੱਦ ਕੀਤੇ ਜਾਣ। ਬਿਜਲੀ ਖੇਤਰ ਵਿਚ ਨਵੀਆਂ ਕੰਪਨੀਆਂ ਦਾ ਦਾਖਲਾ ਬੰਦ ਕੀਤਾ ਜਾਵੇ। ਇਸ ਮੌਕੇ ਹੋਰਾਂ ਤੋਂ ਇਲਾਵਾ ਰਾਕੇਸ਼ ਸਿੰਘ ਹੀਰੇਵਾਲਾ, ਸਤਪਾਲ ਕੋਟੂਵਾਲਾ, ਗੁਰਮੀਤ ਹਾਂਡਾ, ਬਲਦੇਵ ਛੱਪੜੀਵਾਲਾ ਆਦਿ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ