Protest Against Gas Factories: ਪਿੰਡ ਭੂੰਦੜੀ ਤੇ ਅਖਾੜਾ ‘ਪੁਲਿਸ ‘ਛਾਉਣੀ’ ’ਚ ਤਬਦੀਲ

ਪਿੰਡ ਵਿੱਚ ਤਾਇਨਾਤ ਪੁਲਿਸ ਫੋਰਸ।

ਪੁਲਿਸ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਤਾਲਮੇਲ ਕਮੇਟੀ ਦੇ ਕਈ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ’ਚ ਕੀਤਾ ਨਜ਼ਰਬੰਦ : ਆਗੂ

Protest Against Gas Factories: (ਜਸਵੀਰ ਸਿੰਘ ਗਹਿਲ/ ਜਸਵੰਤ ਰਾਏ) ਲੁਧਿਆਣਾ/ ਜਗਰਾਓਂ। ਜ਼ਿਲ੍ਹੇ ਦੇ ਪਿੰਡ ਭੂੰਦੜੀ ਤੇ ਅਖਾੜਾ ਵਿੱਚ ਗੈਸ ਫੈਕਟਰੀਆਂ ਵਿਰੁੱਧ ਸਥਾਨਕ ਲੋਕਾਂ ਵੱਲੋਂ ਤਕੜਾ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਦੇ ਸਬੰਧ ਵਿੱਚ ਹਾਈਕੋਰਟ ’ਚ ਸੁਣਵਾਈ ਤੋਂ ਪਹਿਲਾਂ ਪੁਲਿਸ ਵੱਲੋਂ ਵੀਰਵਾਰ ਨੂੰ ਦਿਨ ਚੜ੍ਹਦਿਆਂ ਹੀ ਦੋਵੇਂ ਪਿੰਡਾਂ ’ਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਪਿੰਡ ਭੂੰਦੜੀ ਵਿਖੇ ਫੈਕਟਰੀ ਦੇ ਬਾਹਰ ਲਗਾਏ ਗਏ ਸੰਘਰਸ਼ਸੀਲ ਲੋਕਾਂ ਦੇ ਪੱਕੇ ਮੋਰਚੇ ਨੂੰ ਉਖਾੜਨ ਤੋਂ ਇਲਾਵਾ ਕਈ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਨਜ਼ਰਬੰਦ ਵੀ ਕੀਤਾ।

ਜਾਣਕਾਰੀ ਅਨੁਸਾਰ ਉਕਤ ਦੋਵੇਂ ਪਿੰਡਾਂ ਵਿੱਚ ਸਥਾਨਕ ਲੋਕਾਂ ਦੁਆਰਾ ਤਾਲਮੇਲ ਕਮੇਟੀ ਦਾ ਗਠਨ ਕਰਕੇ ਗੈਸ ਫੈਕਟਰੀਆਂ ਦੇ ਵਿਰੋਧ ਵਿੱਚ ਧਰਨੇ ਦਿੱਤੇ ਜਾ ਰਹੇ ਹਨ। ਜਿੰਨ੍ਹਾਂ ਨੂੰ ਚੁਕਵਾਉਣ ਲਈ ਪੁਲਿਸ ਵੱਲੋਂ ਦੋਵਾਂ ਪਿੰਡਾਂ ਨੂੰ ਸਵੇਰ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ। ਪੁਲਿਸ ਨੇ ਦੁਪਿਹਰ ਤੱਕ ਪਿੰਡ ਭੂੰਦੜੀ ਵਿਖੇ ਧਰਨਾਕਾਰੀਆਂ ਵੱਲੋਂ ਲਗਾਏ ਪੱਕੇ ਮੋਰਚੇ ਨੂੰ ਪੁੱਟ ਦਿੱਤਾ ਸੀ ਅਤੇ ਉੱਥੇ ਪਹਿਰਾ ਦੇ ਰਹੇ ਪ੍ਰਦਰਸ਼ਨਕਾਰੀਆਂ ਦੀ ਫੜੋ-ਫੜਾਈ ਸ਼ੁਰੂ ਕਰ ਦਿੱਤੀ ਸੀ। ਜਦਕਿ ਅਖਾੜਾ ਵਿਖੇ ਪੂਰਾ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ ਜਿੱਥੇ ਸਥਾਨਕ ਸਮੇਤ ਵੱਡੀ ਗਿਣਤੀ ਲੋਕਾਂ, ਜਿੰਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ, ਨੇ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿੱਚ ਸੜਕ ’ਤੇ ਉੱਤਰ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਪੁਲਿਸ ਨੂੰ ਪਿੱਛੇ ਹਟਣਾ ਪਿਆ।

ਇਹ ਵੀ ਪੜ੍ਹੋ: US Deportation: ਇੰਗਲੈਂਡ ਗਈ ਜਗਰਾਓਂ ਦੀ ‘ਮੁਸਕਾਨ’ ਨੂੰ ਅਮਰੀਕਾ ਨੇ ਭੇਜਿਆ ਭਾਰਤ

Protest Against Gas Factories
ਲੁਧਿਆਣਾ : ਪਿੰਡ ਅਖਾੜਾ ਵਿਖੇ ਧਰਨੇ ’ਤੇ ਬੈਠੇ ਲੋਕ।

ਪੁਲਿਸ ਧਰਨਾਕਾਰੀਆਂ ਨਾਲ ਗੱਲਬਾਤ ਦੇ ਤਰੀਕੇ ਧਰਨਾ ਚੁਕਵਾਉਣ ਲਈ ਦਾਅ-ਪੇਚ ਖੇਡ ਰਹੀ ਹੈ। ਪ੍ਰਦਰਸ਼ਨਕਾਰੀ ਆਗੂਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਦੇ ਘਰ ਛਾਪਾ ਮਾਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਸੀ। ਆਗੂਆਂ ਇਹ ਵੀ ਦੱਸਿਆ ਕਿ ਗੈਸ ਫੈਕਟਰੀਆਂ ਦੇ ਸਬੰਧ ਵਿੱਚ ਅੱਜ (ਸ਼ੁੱਕਰਵਾਰ) ਹਾਈਕੋਰਟ ਵਿੱਚ ਸੁਣਵਾਈ ਹੈ ਜਿਸ ਨੂੰ ਲੈ ਕੇ ਪੁਲਿਸ ਹਾਈ ਕੋਰਟ ਵਿੱਚ ਆਪਣੀ ਕਾਰਵਾਈ ਦਿਖਾਉਣ ਲਈ ਜੱਦੋ- ਜਹਿਦ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਦੋਵਾਂ ਪਿੰਡ ਵਿੱਚ ਗੈਸ ਫੈਕਟਰੀਆਂ ਲਾਗੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ। ਜਿੱਥੇ ਅੱਗ ਬੁਝਾਊ ਗੱਡੀਆਂ ਅਤੇ ਐਂਬੂਲੈਂਸਾਂ ਸਣੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ। Protest Against Gas Factories

LEAVE A REPLY

Please enter your comment!
Please enter your name here