Punjab Property Registration 2025: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ’ਚ ਆਸਾਨ ਰਜਿਸਟਰੀ ਸ਼ੁਰੂ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨਾਲ ਮੌਜ਼ੂਦ ਸਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ ਤੇ ਅੱਜ ਤੋਂ ਰਜਿਸਟ੍ਰੇਸ਼ਨ ਆਸਾਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਰਜਿਸਟਰੀ ਕਰਵਾਉਣਾ ਚਾਹੁੰਦੇ ਹਨ, ਉਹ ਪੋਰਟਲ ’ਤੇ ਜਾ ਕੇ ਆਪਣੇ ਡਰਾਫਟ ਡਾਊਨਲੋਡ ਕਰ ਸਕਦੇ ਹਨ। ਕੁਲੈਕਟਰ ਰੇਟ ਜਾਂ ਖਸਰਾ ਨੰਬਰ ਜੋ ਵੀ ਹੋਵੇ, ਇਸ ’ਚ ਸਭ ਕੁਝ ਸ਼ਾਮਲ ਹੋਵੇਗਾ। Punjab Property Registration 2025
ਇਹ ਖਬਰ ਵੀ ਪੜ੍ਹੋ : ‘ਚਿੱਟੇ’ ਦੇ ਕੇਸ ’ਚੋਂ ਜ਼ਮਾਨਤ ’ਤੇ ਆਈ ਮਹਿਲਾ ਕਾਂਸਟੇਬਲ ਹੁਣ ਵਿਜੀਲੈਂਸ ਵੱਲੋਂ ਗ੍ਰਿਫਤਾਰ
ਸਬ-ਰਜਿਸਟਰਾਰ 48 ਘੰਟਿਆਂ ਦੇ ਅੰਦਰ ਇਸ ’ਤੇ ਇਤਰਾਜ਼ ਦਰਜ ਕਰ ਸਕਦਾ ਹੈ। ਜੇਕਰ ਇਸ ਸਮੇਂ ਦੇ ਅੰਦਰ ਕੋਈ ਇਤਰਾਜ਼ ਪ੍ਰਾਪਤ ਨਹੀਂ ਹੁੰਦਾ ਹੈ ਤਾਂ ਰਜਿਸਟਰੀ ਨੂੰ ਵੈਧ ਮੰਨਿਆ ਜਾਵੇਗਾ। ਜੇਕਰ ਕੋਈ ਇਤਰਾਜ਼ ਹੈ, ਤਾਂ ਇਹ ਤੁਰੰਤ ਸਬੰਧਤ ਵਿਅਕਤੀ ਤੱਕ ਵਟਸਐਪ ’ਤੇ ਪਹੁੰਚ ਜਾਵੇਗਾ। ਉਨ੍ਹਾਂ ਨੂੰ ਆਪਣੇ ਇਤਰਾਜ਼ ਸਪੱਸ਼ਟ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਲੋਕ ਸੇਵਾ ਕੇਂਦਰ ’ਤੇ ਜਾ ਕੇ ਵੀ ਰਜਿਸਟਰੀ ਕਰਵਾ ਸਕਦੇ ਹਨ। ਇਸਦੀ ਫੀਸ 550 ਰੁਪਏ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂ ’ਚ ਇਹ ਪਤਾ ਨਹੀਂ ਸੀ ਕਿ ਰਜਿਸਟਰੀ ਕਿੱਥੇ ਕੀਤੀ ਜਾਵੇਗੀ। Punjab Property Registration 2025
ਇਹ ਸਭ ਹੁਣ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਟਸਐਪ ’ਤੇ ਸਾਰੇ ਸੁਨੇਹੇ ਮਿਲਦੇ ਰਹਿਣਗੇ। ਉਨ੍ਹਾਂ ਨੇ ਇਹ ਕੰਮ ਮੋਹਾਲੀ ’ਚ ਸ਼ੁਰੂ ਕਰ ਦਿੱਤਾ ਹੈ ਤੇ ਅਗਲੇ 2-3 ਮਹੀਨਿਆਂ ’ਚ ਇਹ ਕੰਮ ਪੂਰੇ ਪੰਜਾਬ ’ਚ ਸ਼ੁਰੂ ਹੋ ਜਾਵੇਗਾ। ਲੋਕ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਜਾਂ ਸਬ-ਤਹਿਸੀਲ ’ਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜੇਕਰ ਕੋਈ ਗਲਤ ਰਜਿਸਟ੍ਰੇਸ਼ਨ ਹੁੰਦੀ ਹੈ ਤਾਂ ਡਿਪਟੀ ਕਮਿਸ਼ਨਰ ਇਸ ਲਈ ਜ਼ਿੰਮੇਵਾਰ ਹੋਣਗੇ। ਇਸ ਲਈ, ਰਿਸ਼ਵਤ ਨਹੀਂ ਲਈ ਜਾਵੇਗੀ, ਪਰ ਜੋ ਫੀਸ ਨਿਰਧਾਰਤ ਕੀਤੀ ਗਈ ਹੈ ਉਹ ਲਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗਰੰਟੀ ਦਿੱਤੀ ਸੀ ਤੇ ਅੱਜ ਉਨ੍ਹਾਂ ਨੇ ਇਸ ਦਿਸ਼ਾ ’ਚ ਪਹਿਲਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਰਾਦੇ ਸਾਫ਼ ਹਨ ਤੇ ਪੰਜਾਬੀਆਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ।